- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦਾ ਅਸਰ ਹੁਣ ਲੁਧਿਆਣਾ ਦੇ ਡਾਇੰਗ ਕਾਰਖ਼ਾਨਿਆਂ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਧਾਗੇ, ਡਾਈ-ਕੈਮੀਕਲ, ਪੈਟਰੋਲੀਅਮ ਉਤਪਾਦਾਂ ਅਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕਾਰਨ ਡਾਇੰਗ ਉਦਯੋਗ ਭਾਰੀ ਦਬਾਅ ਹੇਠ ਹੈ। ਇਸ ਕਰਕੇ ਅੱਜ ਲੁਧਿਆਣਾ ਦੇ ਡਾਇੰਗ ਕਾਰਖ਼ਾਨੇਦਾਰਾਂ ਨੇ ਮੀਟਿੰਗ ਕਰਕੇ 14 ਸਤੰਬਰ ਤੋਂ 20 ਸਤੰਬਰ ਤੱਕ ਆਪਣੇ ਕਾਰਖ਼ਾਨੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਈਰਾਨ ਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਅਤੇ ਜੰਗ ਦੀ ਸਥਿਤੀ ਕਰਕੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਦਾ ਅਸਰ ਹੁਣ ਲੁਧਿਆਣਾ ਦੇ ਡਾਇੰਗ ਕਾਰਖ਼ਾਨਿਆਂ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਧਾਗੇ, ਡਾਈ-ਕੈਮੀਕਲ, ਪੈਟਰੋਲੀਅਮ ਉਤਪਾਦਾਂ ਅਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕਾਰਨ ਡਾਇੰਗ ਉਦਯੋਗ ਭਾਰੀ ਦਬਾਅ ਹੇਠ ਹੈ। ਇਸ ਕਰਕੇ ਅੱਜ ਲੁਧਿਆਣਾ ਦੇ ਡਾਇੰਗ ਕਾਰਖ਼ਾਨੇਦਾਰਾਂ ਨੇ ਮੀਟਿੰਗ ਕਰਕੇ 14 ਸਤੰਬਰ ਤੋਂ 20 ਸਤੰਬਰ ਤੱਕ ਆਪਣੇ ਕਾਰਖ਼ਾਨੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।
ਰੰਗਾਈ ਕਾਰਖ਼ਾਨੇਦਾਰਾਂ ਅਤੇ ਉਦਯੋਗਿਕ ਸੰਗਠਨਾਂ ਦਾ ਕਹਿਣਾ ਹੈ ਕਿ ਵਧਦੀ ਉਤਪਾਦਨ ਲਾਗਤ ਅਤੇ ਕੱਚੇ ਮਾਲ ਦੀ ਕਮੀ ਦੇ ਮਾਹੌਲ ਵਿੱਚ ਮੌਜੂਦਾ ਰੇਟਾਂ ’ਤੇ ਕੰਮ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਡਾਇੰਗ ਕਾਰੋਬਾਰੀਆਂ ਮੁਤਾਬਕ ਅੰਤਰਰਾਸ਼ਟਰੀ ਪੱਧਰ ’ਤੇ ਪੈਦਾ ਹੋਏ ਤਣਾਅ ਦਾ ਸਿੱਧਾ ਅਸਰ ਸਿੰਥੈਟਿਕ ਯਾਰਨ, ਡਾਈ-ਕੈਮੀਕਲ ਅਤੇ ਹੋਰ ਉਦਯੋਗਿਕ ਕੱਚੇ ਮਾਲ ’ਤੇ ਪੈ ਰਿਹਾ ਹੈ। ਕੁੱਝ ਕਿਸਮਾਂ ਦੇ ਧਾਗੇ ਦੇ ਭਾਅ ਵਿੱਚ ਲਗਭਗ 50 ਫੀਸਦੀ ਤੱਕ ਵਾਧਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੈਟਰੋਲੀਅਮ ਉਤਪਾਦ ਮਹਿੰਗੇ ਹੋਣ ਕਾਰਨ ਟੈਕਸਟਾਈਲ ਉਤਪਾਦਨ ਦੀ ਲਾਗਤ ਹੋਰ ਵਧ ਗਈ ਹੈ। ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੱਚੇ ਮਾਲ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਮੌਜੂਦਾ ਰੇਟਾਂ ’ਤੇ ਉਤਪਾਦਨ ਜਾਰੀ ਰੱਖਣਾ ਸੰਭਵ ਨਹੀਂ ਰਹੇਗਾ।
ਮੀਟਿੰਗ ਵਿੱਚ ਵਧਦੀ ਲਾਗਤ ਨੂੰ ਧਿਆਨ ਵਿੱਚ ਰੱਖਦਿਆਂ ਡਾਇੰਗ ਰੇਟਾਂ ਵਿੱਚ ਵਾਧੇ ’ਤੇ ਵੀ ਸਹਿਮਤੀ ਬਣੀ। ਫੈਸਲੇ ਮੁਤਾਬਕ ਪੌਲੀਐਸਟਰ ਡਾਇੰਗ ਦੇ ਰੇਟ ਵਿੱਚ 10 ਰੁਪਏ ਪ੍ਰਤੀ ਕਿਲੋ ਅਤੇ ਕਾਟਨ ਡਾਇੰਗ ਦੇ ਰੇਟ ਵਿੱਚ 20 ਰੁਪਏਪ੍ਰਤੀ ਕਿਲੋ ਦਾ ਵਾਧਾ ਕੀਤਾ ਜਾਵੇਗਾ। ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਸਪੱਸ਼ਟ ਕੀਤਾ ਕਿ ਇਹ ਵਾਧਾ ਵਾਧੂ ਮੁਨਾਫ਼ਾ ਕਮਾਉਣ ਲਈ ਨਹੀਂ, ਸਗੋਂ ਵਧਦੀ ਉਤਪਾਦਨ ਲਾਗਤ ਦੀ ਭਰਪਾਈ ਲਈ ਕੀਤਾ ਜਾ ਰਿਹਾ ਹੈ। ਇਸ ਮੌਕੇ ਪੰਜਾਬ ਡਾਇਰਸ ਐਸੋਸੀਏਸ਼ਨ ਦੇ ਆਗੂ ਅਸ਼ੋਕ ਮੱਕੜ, ਬੌਬੀ ਜਿੰਦਲ, ਕਮਲ ਚੌਹਾਨ, ਰਜਨੀਸ਼ ਗੁਪਤਾ, ਫੋਕਲ ਪੁਆਇੰਟ ਡਾਇੰਗ ਐਸੋਸੀਏਸ਼ਨ ਦੇ ਆਗੂ ਰਾਹੁਲ ਵਰਮਾ, ਬਹਾਦਰਕੇ ਰੋਡ ਡਾਇੰਗ ਐਸੋਸੀਏਸ਼ਨ ਦੇ ਆਗੂ ਸੁਭਾਸ਼ ਸੈਣੀ, ਅੰਕਿਤ ਬਾਂਸਲ, ਰਾਜੀਵ ਸੂਦ ਆਦਿ ਹਾਜ਼ਰ ਸਨ।
---
ਪੂਰੀ ਸਪਲਾਈ ਚੇਨ ਪ੍ਰਭਾਵਿਤ ਹੋਣ ਦਾ ਖ਼ਦਸ਼ਾ
ਲੁਧਿਆਣਾ ਦੀ ਡਾਇੰਗ ਉਦਯੋਗ ਸਥਾਨਕ ਟੈਕਸਟਾਈਲ ਅਤੇ ਨਿਟਵੇਅਰ ਉਦਯੋਗ ਦੀ ਇੱਕ ਅਹਿਮ ਕੜੀ ਹੈ। ਡਾਇੰਗ ਕਾਰਖ਼ਾਨਿਆਂ ਦੇ ਇੱਕ ਹਫ਼ਤੇ ਲਈ ਬੰਦ ਰਹਿਣ ਨਾਲ ਧਾਗੇ ਤੋਂ ਲੈ ਕੇ ਕੱਪੜੇ ਅਤੇ ਤਿਆਰ ਉਤਪਾਦਾਂ ਤੱਕ ਪੂਰੀ ਸਪਲਾਈ ਚੇਨ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਉਦਯੋਗਪਤੀਆਂ ਨੇ ਚਿੰਤਾ ਜਤਾਈ ਕਿ ਜੇਕਰ ਅੰਤਰਰਾਸ਼ਟਰੀ ਹਾਲਾਤ ਜਲਦੀ ਨਹੀਂ ਸੁਧਰੇ ਅਤੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਇਆ, ਤਾਂ ਟੈਕਸਟਾਈਲ ਉਦਯੋਗ ਸਾਹਮਣੇ ਵੱਡੀਆਂ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ। ਉਦਯੋਗਿਕ ਸੰਗਠਨਾਂ ਦਾ ਮੰਨਣਾ ਹੈ ਕਿ ਇਹ ਬੰਦਸ਼ ਇੱਕ ਅਸਥਾਈ ਕਦਮ ਹੈ, ਪਰ ਇਸ ਰਾਹੀਂ ਸਰਕਾਰ ਅਤੇ ਸਬੰਧਤ ਧਿਰਾਂ ਦਾ ਧਿਆਨ ਟੈਕਸਟਾਈਲ ਉਦਯੋਗ ਦੀ ਵਧਦੀ ਲਾਗਤ ਅਤੇ ਮੁਸ਼ਕਲਾਂ ਵੱਲ ਖਿੱਚਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।