- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਲਾ ਸਰਪ੍ਰਸਤ ਹਰੀਸ਼ ਦੂਆ ਅਤੇ ਮੇਲਾ ਪ੍ਰਮੁੱਖ ਗੁਰਦੀਪ ਸਿੰਘ ਗੋਸ਼ਾ ਨੇ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦੇ ਮਹਾਵਾਕ ‘ਤੇ ਅਮਲ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੀ ਪੁਰਾਤਨ ਵਿਰਾਸਤ ਨਾਲ ਜੁੜੀ ਖੇਤੀ ਰਾਹੀਂ ਹੀ ਪੰਜਾਬ ਦੀ ਕਿਸਾਨੀ ਅਤੇ ਨੌਜਵਾਨੀ ਨੂੰ ਸੰਭਾਲਿਆ ਜਾ ਸਕਦਾ ਹੈ।

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਸਵਦੇਸ਼ੀ ਜਾਗਰਣ ਮੰਚ ਪੰਜਾਬ ਵੱਲੋਂ ਲਗਾਏ ਗਏ ਫੋਮਰਾਹ ਸਵਦੇਸ਼ੀ ਮੇਲੇ ਦੌਰਾਨ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੰਜਾਬ ਦੇ ਕਿਸਾਨਾ ਵੱਲੋਂ ਲਗਾਈ ਗਈ ‘ਪਿੰਡ ਦੀ ਸੱਥ’ ਨਾਮਕ ਵਿਸ਼ੇਸ਼ ਸਮਾਗਮ ਨੇ ਕਿਸਾਨਾਂ ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਸਮਾਗਮ ਦਾ ਉਪਰਾਲਾ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਨੇਨੈਵਾਲ ਵੱਲੋਂ ਕੀਤਾ ਗਿਆ।
ਇਸ ਮੌਕੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸੁਖਵੰਤ ਸਿੰਘ ਟਿੱਲੂ, ਪੰਜਾਬ ਭਾਜਪਾ ਕਿਸਾਨ ਮੋਰਚਾ ਦੇ ਜਨਰਲ ਸਕੱਤਰ ਕਰਨਪਾਲ ਸਿੰਘ ਅਤੇ ਸਕੱਤਰ ਸਤਨਾਮ ਸਿੰਘ ਬਿੱਟਾ, ਹਰਮਿੰਦਰ ਪਾਲ ਸਿੰਘ ਆਹਲੂਵਾਲੀਆ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਮਾਗਮ ਦੌਰਾਨ ਸੁਖਦੇਵ ਸਿੰਘ ਗਿੱਲ, ਸਤਵੰਤ ਸਿੰਘ ਸੰਧੂ (ਫਾਜ਼ਿਲਕਾ) ਅਤੇ ਸੋਹਣ ਸਿੰਘ ਢੋਲਣਵਾਲ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਯੂਰੀਆ ਮੁਕਤ ਕਰਨਾ ਅਤੇ ਪੁਰਾਤਨ ਵਿਰਾਸਤ ਨਾਲ ਜੁੜੀ ਖੇਤੀ ਵੱਲ ਮੁੜ ਵਾਪਸੀ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਆਰਗੈਨਿਕ ਖੇਤੀ ਨੂੰ ਹੱਲਾਸ਼ੇਰੀ ਦੇਣ ਅਤੇ ਕਿਸਾਨਾਂ ਨੂੰ ਕੁਦਰਤੀ ਤਰੀਕਿਆਂ ਨਾਲ ਖੇਤੀ ਕਰਨ ਲਈ ਪ੍ਰੇਰਿਤ ਕੀਤਾ।
ਮੇਲਾ ਸਰਪ੍ਰਸਤ ਹਰੀਸ਼ ਦੂਆ ਅਤੇ ਮੇਲਾ ਪ੍ਰਮੁੱਖ ਗੁਰਦੀਪ ਸਿੰਘ ਗੋਸ਼ਾ ਨੇ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦੇ ਮਹਾਵਾਕ ‘ਤੇ ਅਮਲ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੀ ਪੁਰਾਤਨ ਵਿਰਾਸਤ ਨਾਲ ਜੁੜੀ ਖੇਤੀ ਰਾਹੀਂ ਹੀ ਪੰਜਾਬ ਦੀ ਕਿਸਾਨੀ ਅਤੇ ਨੌਜਵਾਨੀ ਨੂੰ ਸੰਭਾਲਿਆ ਜਾ ਸਕਦਾ ਹੈ। ਮੇਲਾ ਕਨਵੀਨਰ ਮੋਹਿਤ ਗੋਇਲ ਨੇ ਕਿਹਾ ਕਿ ਇਹ ਕਿਸਾਨੀ ਸੰਮੇਲਨ ਪੰਜਾਬ ਵਿੱਚ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਇਕ ਵੱਡਾ ਯੋਗਦਾਨ ਸਾਬਤ ਹੋਵੇਗਾ। ਸੀਏ ਸ਼ਾਲਿਨੀ ਗੁਪਤਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੇਕਰ ਕਿਸਾਨ ਕੁਦਰਤੀ ਤੇ ਜੈਵਿਕ ਖੇਤੀ ਵੱਲ ਵਾਪਸੀ ਕਰਦੇ ਹਨ ਤਾਂ ਇਸ ਨਾਲ ਸਿਹਤਮੰਦ ਸਮਾਜ ਤੇ ਮਜ਼ਬੂਤ ਅਰਥਵਿਵਸਥਾ ਦੀ ਨੀਂਹ ਪੈ ਸਕਦੀ ਹੈ। ਮੇਲੇ ਵਿੱਚ ਕਈ ਸੂਬਿਆਂ ਦੇ ਪਕਵਾਨਾਂ ਦੇ ਸਟਾਲ, ਕਾਰੀਗਰਾਂ ਤੇ ਸ਼ਿਲਪਕਾਰਾਂ ਵੱਲੋਂ ਲਗਾਏ ਗਏ ਸਟਾਲ ਅਤੇ ਝੂਲੇ ਲੋਕਾਂ ਲਈ ਖਾਸ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਸਫ਼ਾਈ ਤੇ ਹੋਰ ਪ੍ਰਬੰਧਾਂ ਦੀ ਲੋਕਾਂ ਨੇ ਕੀਤੀ ਸ਼ਲਾਘਾ
ਸਵਦੇਸ਼ੀ ਮੇਲੇ ਦੇ ਪ੍ਰਬੰਧਕਾਂ ਵੱਲੋਂ ਪੀਏਯੂ ਦੇ ਮੇਲਾ ਮੈਦਾਨ ਕੱਚਾ ਹੋਣ ਕਰਕੇ ਸਾਰੇ ਮੈਦਾਨ ਵਿੱਚ ਮਿੱਟੀ ਤੋਂ ਬਚਾਅ ਲਈ ਅਤੇ ਸਫ਼ਾਈ ਰੱਖਣ ਲਈ ਮੈਟ ਵਿਛਾਏ ਗਏ ਹਨ, ਜਿਸ ਨਾਲ ਕੱਚੇ ਮੈਦਾਨ ਵਿੱਚ ਮਿੱਟੀ ਦੇਖਣ ਨੂੰ ਨਹੀਂ ਮਿਲ ਰਹੀ। ਮੇਲੇ ਵਿੱਚ ਸਫ਼ਾਈ ਦਾ ਵੀ ਪੁਖ਼ਤਾ ਪ੍ਰਬੰਧ ਕੀਤਾ ਗਿਆ ਹੈ। ਜਿਸ ਨੂੰ ਦੇਖ ਕੇ ਮੇਲੇ ਦੇਖਣ ਲਈ ਆਉਣ ਵਾਲੇ ਲੋਕ ਪ੍ਰਬੰਧਕਾਂ ਦੀ ਸ਼ਲਾਘਾ ਕਰ ਰਹੇ ਹਨ।
ਕਿਸਾਨੀ ਤੇ ਸਮਾਜਿਕ ਖੇਤਰਾਂ ’ਚ ਕੰਮ ਕਰ ਰਹੀਆਂ ਔਰਤਾਂ ਨੇ ਵਿਚਾਰ ਰੱਖੇ
ਸਵਦੇਸ਼ੀ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਦੇ ਵੱਖ-ਵੱਖ ਕਿਸਾਨੀ ਤੇ ਸਮਾਜਿਕ ਖੇਤਰਾਂ ਵਿੱਚ ਕੰਮ ਕਰ ਰਹੀਆਂ ਔਰਤਾਂ ਨੇ ਹਿੱਸਾ ਲਿਆ। ਜਿੱਥੇ ਉਨ੍ਹਾਂ ਨੇ ਮੇਲੇ ਦਾ ਦੌਰਾ ਕੀਤਾ,ਉੱਥੇ ਹੀ ਪੂਨਮ ਕੁਮਾਰੀ ਜਾਖੜ (ਫਾਜ਼ਿਲਕਾ), ਲਵਲੀ ਕੌਰ, ਪੂਨਮ ਜੋਹਲ, ਨਵਨੀਤ ਕੌਰ, ਮਨਪ੍ਰੀਤ ਕੌਰ ਅਤੇ ਨੀਤੂ ਸਿੰਘ ਨੇ ਆਪਣੀਆਂ ਸੰਸਥਾਵਾਂ ਅਤੇ ਸੰਸਥਾਵਾਂ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੀ ਕਾਮਯਾਬੀ ਬਾਰੇ ਸਾਰਿਆਂ ਨੂੰ ਜਾਣੂੰ ਕਰਵਾਇਆ।
28 ਫ਼ਰਵਰੀ ਤੇ 1 ਮਾਰਚ ਨੂੰ ਹੋਣਗੇ ਵਿਸ਼ੇਸ਼ ਸਮਾਗਮ
ਸਵਦੇਸ਼ੀ ਮੇਲੇ ਦੌਰਾਨ 28 ਫ਼ਰਵਰੀ ਨੂੰ ਯੁੱਧ ਨਸ਼ਿਆਂ ਵਿਰੁੱਧ ਸਮਾਗਮ ਕਰਵਾਇਆ ਜਾਵੇਗਾ। ਇਹ ਸਮਾਗਮ ਕਨਵੀਨਰ ਸਰਾਭਾ ਜ਼ਿਲ੍ਹਾ ਗੌਰਵ ਅਰੋੜਾ ਅਤੇ ਸੰਯੋਜਕ ਵਿਸ਼ਵਕਰਮਾ ਜ਼ਿਲ੍ਹਾ ਵਿਭੋਰ ਗਰਗ ਦੀ ਅਗਵਾਈ ਵਿੱਚ ਹੋਵੇਗਾ। ਜਿਸ ਵਿੰਚ ਪੰਜਾਬੀਆਂ ਨੂੰ ਜਾਗਰੂਕ ਹੋਣ ਅਤੇ ਨਸ਼ਿਆਂ ਦਾ ਤਿਆਗ ਕਰਨ ਦਾ ਸੱਦਾ ਦਿੱਤਾ ਜਾਵੇਗਾ। ਸਮਾਗਮ ਦੌਰਾਨ ਨਸ਼ਿਆਂ ਬਾਰੇ ਜਾਗਰੂਕਤਾ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ। 1 ਮਾਰਚ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਜੀ ਸਮਰਪਿਤ ਖਾਲਸਾ ਦਿਹਾੜਾ ਮਨਾਇਆ ਜਾਵੇਗਾ। ਜਿਸ ਵਿੱਚ ਨਿਹੰਗ ਸਿੰਘਾਂ ਵੱਲੋਂ ਕਰਤੱਬ ਦਿਖਾਏ ਜਾਣਗੇ ਅਤੇ ਗਤਕਾ ਦੀ ਪੇਸ਼ਕਾਰੀ ਦਿੱਤੀ ਜਾਵੇਗੀ।