- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਖਦੇਵ ਇਨਕਲੇਵ ਦੇ ਰਹਿਣ ਵਾਲੇ ਚਰਨਜੀਤ ਸਿੰਘ ਨੇ ਥਾਣਾ ਪੀਏਯੂ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਪਿਛਲੇ ਕਰੀਬ ਦੋ ਸਾਲ ਤੋਂ ਗੁਆਂਢ ਵਿੱਚ ਰਹਿਣ ਵਾਲਾ ਮਨਦੀਪ ਸਿੰਘ ਉਨ੍ਹਾਂ ਦੇ ਪਰਿਵਾਰ ਨਾਲ ਰੰਜਿਸ਼ ਰੱਖਦਾ ਆ ਰਿਹਾ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਬੱਚਿਆਂ ਤੋਂ ਪੈਦਾ ਹੋਏ ਮਾਮੂਲੀ ਝਗੜੇ ਨੇ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਗੁਆਂਢੀ ਨੇ ਆਪਣੀ ਪਿਸਤੌਲ ਕੱਢ ਕੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਉਹ ਆਪਣਾ ਪਿਸਤੌਲ ਜਿਵੇਂ ਹੀ ਗੋਲੀ ਚਲਾਉਣ ਲੱਗਾ ਸ਼ਿਕਾਇਤਕਰਤਾ ਦੇ ਪਰਿਵਾਰਿਕ ਮੈਂਬਰਾਂ ਨੇ ਦਖਲ ਦੇ ਕੇ ਇਸ ਘਟਨਾ ਨੂੰ ਰੋਕ ਲਿਆ।
ਸੁਖਦੇਵ ਇਨਕਲੇਵ ਦੇ ਰਹਿਣ ਵਾਲੇ ਚਰਨਜੀਤ ਸਿੰਘ ਨੇ ਥਾਣਾ ਪੀਏਯੂ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਪਿਛਲੇ ਕਰੀਬ ਦੋ ਸਾਲ ਤੋਂ ਗੁਆਂਢ ਵਿੱਚ ਰਹਿਣ ਵਾਲਾ ਮਨਦੀਪ ਸਿੰਘ ਉਨ੍ਹਾਂ ਦੇ ਪਰਿਵਾਰ ਨਾਲ ਰੰਜਿਸ਼ ਰੱਖਦਾ ਆ ਰਿਹਾ ਹੈ। ਛੋਟੇ ਬੱਚਿਆਂ ਦੇ ਮਾਮੂਲੀ ਝਗੜੇ ਤੋਂ ਸ਼ੁਰੂ ਹੋਈ ਇਹ ਰੰਜਿਸ਼ ਉਸ ਸਮੇਂ ਗੰਭੀਰ ਰੂਪ ਧਾਰ ਗਈ, ਜਦੋਂ ਥਾਣੇ ਤੋਂ ਵਾਪਸ ਆਉਂਦੇ ਸਮੇਂ ਦੋਵਾਂ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਮਨਦੀਪ ਸਿੰਘ ਵੱਲੋਂ ਕਥਿਤ ਤੌਰ ’ਤੇ ਪਿਸਤੌਲ ਕੱਢ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ।
ਚਰਨਜੀਤ ਸਿੰਘ ਮੁਤਾਬਕ ਮਨਦੀਪ ਸਿੰਘ ਨੇ ਬੀਤੇ ਦਿਨੀਂ ਉਸ ਦੇ ਬੇਟੇ ਪਵਨ ਕੁਮਾਰ ਖ਼ਿਲਾਫ਼ ਥਾਣਾ ਪੀਏਯੂ ਵਿੱਚ ਸ਼ਿਕਾਇਤ ਦਿੱਤੀ ਸੀ। ਇਸ ਮਾਮਲੇ ਸਬੰਧੀ ਪਰਿਵਾਰਕ ਮੈਂਬਰ ਆਪਣੇ ਰਿਸ਼ਤੇਦਾਰਾਂ ਸਮੇਤ ਥਾਣੇ ਪਹੁੰਚੇ ਸਨ। ਬਾਅਦ ਵਿੱਚ ਜਦੋਂ ਚਰਨਜੀਤ ਸਿੰਘ ਅਤੇ ਉਸ ਦਾ ਬੇਟਾ ਪਵਨ ਕੁਮਾਰ ਐਕਟਿਵਾ ’ਤੇ ਸਵਾਰ ਹੋ ਕੇ ਥਾਣੇ ਤੋਂ ਘਰ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਮਨਦੀਪ ਸਿੰਘ ਨੇ ਉਨ੍ਹਾਂ ਨੂੰ ਘੇਰ ਕੇ ਝਗੜਾ ਸ਼ੁਰੂ ਕਰ ਦਿੱਤਾ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਦੋਵਾਂ ਧਿਰਾਂ ਵਿਚਾਲੇ ਹੋ ਰਹੀ ਤਕਰਾਰ ਦੌਰਾਨ ਮਨਦੀਪ ਸਿੰਘ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਲਿਆ ਅਤੇ ਗੋਲੀ ਚਲਾਉਣ ਦੀ ਨੀਅਤ ਨਾਲ ਉਸ ਨੂੰ ਕਾਕ ਕਰ ਦਿੱਤਾ। ਇਸ ਦੌਰਾਨ ਚਰਨਜੀਤ ਸਿੰਘ ਦੇ ਬੇਟਿਆਂ ਨੇ ਤੁਰੰਤ ਦਖਲ ਦਿੰਦਿਆਂ ਮਨਦੀਪ ਸਿੰਘ ਦਾ ਹੱਥ ਫੜ ਲਿਆ ਅਤੇ ਰੌਲਾ ਪਾ ਦਿੱਤਾ। ਇਸ ਕਾਰਨ ਪਿਸਤੌਲ ਤੋਂ ਗੋਲੀ ਚੱਲਣ ਤੋਂ ਬਚ ਗਈ ਅਤੇ ਵੱਡੀ ਘਟਨਾ ਟਲ ਗਈ।
ਇਸ ਤੋਂ ਬਾਅਦ ਮਨਦੀਪ ਸਿੰਘ ਕਥਿਤ ਤੌਰ ’ਤੇ ਗਾਲਾਂ ਕੱਢਦਾ ਹੋਇਆ ਆਪਣੇ ਘਰ ਅੰਦਰ ਚਲਾ ਗਿਆ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਚਰਨਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਬੱਚਿਆਂ ਦੇ ਮਾਮੂਲੀ ਝਗੜੇ ਤੋਂ ਸ਼ੁਰੂ ਹੋਈ ਰੰਜਿਸ਼ ਕਾਰਨ ਮਨਦੀਪ ਸਿੰਘ ਲਗਾਤਾਰ ਉਨ੍ਹਾਂ ਦੇ ਪਰਿਵਾਰ ਨਾਲ ਵਿਵਾਦ ਕਰਦਾ ਆ ਰਿਹਾ ਹੈ।
ਪੁਲਿਸ ਨੇ ਚਰਨਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਮਨਦੀਪ ਸਿੰਘ ਖ਼ਿਲਾਫ਼ ਲੜਾਈ-ਝਗੜੇ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸੁਖਬੇਗ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਜਲਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।