- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਅਦਾਕਾਰੀ ਉਨ੍ਹਾਂ ਦਾ ਸ਼ੌਕ ਤੇ ਕੰਮ ਹੈ ਅਤੇ ਚੰਗੇ ਕਿਰਦਾਰ ਮਿਲਦੇ ਰਹੇ, ਤਾਂ ਉਹ ਅੱਗੇ ਵੀ ਫਿਲਮਾਂ ਵਿੱਚ ਕੰਮ ਕਰਦੇ ਰਹਿਣਗੇ। ਇਸ ਦੌਰਾਨ ਦਰਸ਼ਕਾਂ ਨੇ ਉਨ੍ਹਾਂ ਨਾਲ ਸੈਲਫੀਆਂ ਵੀ ਖਿੱਚਵਾਈਆਂ।

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵੱਲੋਂ ਐੱਮਬੀਡੀ ਮਾਲ ਵਿੱਚ ਕਰਵਾਏ ਜਾ ਰਹੇ ਜਾਗਰਣ ਫਿਲਮ ਫੈਸਟੀਵਲ ਦੇ ਦੂਜੇ ਦਿਨ ਬਾਲੀਵੁੱਡ ਅਦਾਕਾਰ ਵਿਨੇ ਪਾਠਕ ਦਰਸ਼ਕਾਂ ਦੇ ਰੂਬਰੂ ਹੋਏ। ‘ਖੋਸਲਾ ਕਾ ਘੋਸਲਾ’, ‘ਭੇਜਾ ਫ੍ਰਾਈ’, ‘ਦਸਵਿਦਾਨੀਆ’, ‘ਜੌਨੀ ਗੱਦਾਰ’, ‘ਰਬ ਨੇ ਬਨਾ ਦੀ ਜੋੜੀ’ ਤੋਂ ਲੈ ਕੇ ‘ਮੈਰੀ ਕ੍ਰਿਸਮਸ’ ਅਤੇ ‘ਫੂਲੇ’ ਤੱਕ ਵੱਖ-ਵੱਖ ਕਿਰਦਾਰਾਂ ਰਾਹੀਂ ਆਪਣੀ ਪਛਾਣ ਬਣਾਉਣ ਵਾਲੇ ਵਿਨੇ ਪਾਠਕ ਨੇ ਫਿਲਮੀ ਸਫ਼ਰ, ਥੀਏਟਰ, ਸਿਨੇਮਾ ਤੇ ਨੌਜਵਾਨਾਂ ਦੇ ਕੈਰੀਅਰ ਨਾਲ ਜੁੜੇ ਸਵਾਲਾਂ ਦੇ ਖੁੱਲ੍ਹ ਕੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਅਦਾਕਾਰੀ ਉਨ੍ਹਾਂ ਦਾ ਸ਼ੌਕ ਤੇ ਕੰਮ ਹੈ ਅਤੇ ਚੰਗੇ ਕਿਰਦਾਰ ਮਿਲਦੇ ਰਹੇ, ਤਾਂ ਉਹ ਅੱਗੇ ਵੀ ਫਿਲਮਾਂ ਵਿੱਚ ਕੰਮ ਕਰਦੇ ਰਹਿਣਗੇ। ਇਸ ਦੌਰਾਨ ਦਰਸ਼ਕਾਂ ਨੇ ਉਨ੍ਹਾਂ ਨਾਲ ਸੈਲਫੀਆਂ ਵੀ ਖਿੱਚਵਾਈਆਂ।
ਸਵਾਲ : ਆਉਣ ਵਾਲੇ ਸਮੇਂ ਵਿੱਚ ਕੀ ਨਵਾਂ ਦੇਖਣ ਨੂੰ ਮਿਲੇਗਾ?
ਜਵਾਬ : ਆਉਣ ਵਾਲੀਆਂ ਫਿਲਮਾਂ ਬਾਰੇ ਜ਼ਿਆਦਾ ਖੁਲਾਸਾ ਨਹੀਂ ਕਰ ਸਕਦਾ। ਹਾਲ ਹੀ ਵਿੱਚ ‘ਫੂਲੇ’ ਵਿੱਚ ਕੰਮ ਕੀਤਾ ਹੈ, ਜਿਸ ਨੂੰ ਦਰਸ਼ਕਾਂ ਨੇ ਪਸੰਦ ਕੀਤਾ। ਅੱਗੇ ਵੀ ਚੰਗੇ ਕਿਰਦਾਰ ਮਿਲੇ ਤਾਂ ਉਨ੍ਹਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰਾਂਗਾ।
ਸਵਾਲ : ਥੀਏਟਰ ਅਤੇ ਸਿਨੇਮਾ ਵਿੱਚੋਂ ਫਿਲਮੀ ਕਰੀਅਰ ਲਈ ਕੀ ਜ਼ਿਆਦਾ ਜ਼ਰੂਰੀ ਹੈ?
ਜਵਾਬ : ਥੀਏਟਰ ਵਿਅਕਤੀ ਦੀ ਕਲਾ ਨੂੰ ਮਜ਼ਬੂਤ ਕਰਦਾ ਹੈ ਅਤੇ ਉਸ ਨੂੰ ਬਿਹਤਰ ਕਲਾਕਾਰ ਬਣਾਉਂਦਾ ਹੈ। ਦੂਜੇ ਪਾਸੇ ਵਪਾਰਕ ਸਿਨੇਮਾ ਕਲਾਕਾਰ ਨੂੰ ਪਛਾਣ, ਪੈਸਾ ਤੇ ਵੱਡਾ ਮੰਚ ਦਿੰਦਾ ਹੈ। ਆਖ਼ਰ ਇਹ ਵਿਅਕਤੀ ਦੀ ਆਪਣੀ ਸੋਚ 'ਤੇ ਨਿਰਭਰ ਕਰਦਾ ਹੈ ਕਿ ਉਹ ਕੀ ਕਰਨਾ ਚਾਹੁੰਦਾ ਹੈ। ਜ਼ਿੰਦਗੀ ਚਲਾਉਣ ਲਈ ਪੈਸਾ ਵੀ ਜ਼ਰੂਰੀ ਹੈ।
ਸਵਾਲ : ਅਦਾਕਾਰ, ਲੇਖਕ ਜਾਂ ਨਿਰਦੇਸ਼ਕ ਬਣਨ ਲਈ ਪੜ੍ਹਾਈ ਕਿੰਨੀ ਜ਼ਰੂਰੀ ਹੈ?
ਜਵਾਬ : ਇਨ੍ਹਾਂ ਖੇਤਰਾਂ ਵਿੱਚ ਕੰਮ ਕਰਨ ਲਈ ਚੰਗੀ ਸਮਝ ਬਹੁਤ ਜ਼ਰੂਰੀ ਹੈ। ਵਿਅਕਤੀ ਜਿੰਨਾ ਜ਼ਿਆਦਾ ਪੜ੍ਹੇਗਾ, ਉਸ ਦੀ ਸਮਝ ਉਨੀ ਹੀ ਵਿਆਪਕ ਹੋਵੇਗੀ। ਪੜ੍ਹਾਈ ਨਾਲ ਵਿਅਕਤੀ ਅਦਾਕਾਰੀ ਦੇ ਨਾਲ-ਨਾਲ ਲੇਖਨ ਅਤੇ ਨਿਰਦੇਸ਼ਨ ਨੂੰ ਵੀ ਬਿਹਤਰ ਢੰਗ ਨਾਲ ਸਮਝ ਸਕਦਾ ਹੈ।
ਸਵਾਲ : ਲੁਧਿਆਣਾ ਆ ਕੇ ਕਿਵੇਂ ਲੱਗ ਰਿਹਾ ਹੈ?
ਜਵਾਬ : ਲੁਧਿਆਣਾ ਦੀ ਧਰਤੀ ਨੂੰ ਸਲਾਮ ਕਰਦਾ ਹਾਂ। ਇੱਥੇ ਆਉਣਾ ਹਮੇਸ਼ਾ ਚੰਗਾ ਲੱਗਦਾ ਹੈ। ਇਹ ਮੇਰੇ ਲਈ ਖੁਸ਼ੀ ਅਤੇ ਖੁਸ਼ਕਿਸਮਤੀ ਦੀ ਗੱਲ ਹੈ ਕਿ ਮੈਂ ਉਸ ਧਰਤੀ 'ਤੇ ਹਾਂ, ਜਿਸ ਦਾ ਸਬੰਧ ਮਹਾਨ ਸ਼ਾਇਰ ਸਾਹਿਰ ਲੁਧਿਆਣਵੀ ਨਾਲ ਹੈ।
ਸਵਾਲ : ਫਿਲਮਾਂ ਵਿੱਚ ਕਰੀਅਰ ਬਣਾਉਣ ਵਾਲੇ ਨੌਜਵਾਨਾਂ ਨੂੰ ਕੀ ਸੰਦੇਸ਼ ਦਿਓਗੇ?
ਜਵਾਬ : ਫਿਲਮਾਂ ਵਿੱਚ ਪੈਸਾ ਵੀ ਹੈ ਅਤੇ ਨੌਜਵਾਨਾਂ ਲਈ ਕਾਫ਼ੀ ਸੰਭਾਵਨਾਵਾਂ ਵੀ ਹਨ, ਪਰ ਇਸ ਖੇਤਰ ਵਿੱਚ ਆਉਣ ਤੋਂ ਪਹਿਲਾਂ ਪੂਰੀ ਤਿਆਰੀ ਜ਼ਰੂਰੀ ਹੈ। ਸਿਰਫ਼ ਗਲੈਮਰ ਦੇਖ ਕੇ ਫਿਲਮਾਂ ਵਿੱਚ ਨਾ ਆਓ। ਆਪਣੇ ਹੁਨਰ ਨੂੰ ਮਜ਼ਬੂਤ ਕਰੋ, ਸਿੱਖੋ ਅਤੇ ਤਿਆਰੀ ਨਾਲ ਅੱਗੇ ਵਧੋ।
ਸਵਾਲ : ਪਰਿਵਾਰ ਬਾਰੇ ਕੁੱਝ ਦੱਸੋ?
ਜਵਾਬ : ਮੇਰੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ ਅਤੇ ਮਾਤਾ ਜੀ ਹਨ। ਅਸੀਂ ਪੰਜ ਭੈਣ-ਭਰਾ ਹਾਂ। ਮੇਰੀਆਂ ਦੋ ਧੀਆਂ ਹਨ। ਇਸ ਸਮੇਂ ਮੇਰੇ ਤੋਂ ਇਲਾਵਾ ਪਰਿਵਾਰ ਦਾ ਕੋਈ ਹੋਰ ਮੈਂਬਰ ਫਿਲਮਾਂ ਵਿੱਚ ਕੰਮ ਨਹੀਂ ਕਰਦਾ।
ਸਵਾਲ : ਕੀ ਅੱਗੇ ਵੀ ਅਦਾਕਾਰੀ ਕਰਦੇ ਰਹੋਗੇ?
ਜਵਾਬ : ਮੈਂ ਅਦਾਕਾਰ ਹਾਂ ਅਤੇ ਅਦਾਕਾਰੀ ਕਰਦਾ ਰਹਾਂਗਾ। ਅੱਗੇ ਚੰਗੇ ਕਿਰਦਾਰ ਮਿਲਦੇ ਰਹੇ ਤਾਂ ਜ਼ਰੂਰ ਕੰਮ ਕਰਾਂਗਾ। ਮੇਰੇ ਲਈ ਹਰ ਚੰਗਾ ਕਿਰਦਾਰ ਕੁਝ ਨਵਾਂ ਸਿੱਖਣ ਅਤੇ ਦਰਸ਼ਕਾਂ ਤੱਕ ਪਹੁੰਚਣ ਦਾ ਮੌਕਾ ਹੈ।