- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਟੀ ਬੱਸ ਸਰਵਿਸ ਬੰਦ ਹੋਣ ਕਰਕੇ ਦੀਵਾਨ ਨੇ ਲੁਧਿਆਣਾ ਨਗਰ ਨਿਗਮ ਨੂੰ ਘੇਰਿਆ

-ਸਿਟੀ ਬੱਸ ਸਰਵਿਸ ਦਾ ਬੰਦ ਹੋਣਾ ਨਾਗਰਿਕਾਂ ਨਾਲ ਵੱਡਾ ਧੋਖਾ : ਦੀਵਾਨ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਸਿਟੀ ਬੱਸ ਸਰਵਿਸ ਪ੍ਰੋਜੈਕਟ ਠੱਪ ਹੋ ਗਿਆ ਹੈ ਅਤੇ ਸ਼ਹਿਰ ਵਾਸੀ ਸਿਟੀ ਬੱਸ ਸਰਵਿਸ ਤੋਂ ਵਾਂਝੇ ਹੋ ਗਏ ਹਨ।ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਲੁਧਿਆਣਾ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਸਿਟੀ ਬੱਸ ਦੇ ਮੁੱਦੇ ਨੂੰ ਲੈ ਕੇ ਲੁਧਿਆਣਾ ਨਿਗਮ ਦੀ ਆਲੋਚਨਾ ਕੀਤੀ ਹੈ।
ਦੀਵਾਨ ਨੇ ਕਿਹਾ ਕਿ ਜਿਸ ਸਿਟੀ ਬੱਸ ਸਰਵਿਸ ਪ੍ਰੋਜੈਕਟ ਦਾ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਸੀ, ਉਸ ਦੀ ਨਾਕਾਮੀ ਨਗਰ ਨਿਗਮ ਦੀ ਲੰਬੇ ਸਮੇਂ ਤੋਂ ਚੱਲ ਰਹ ਮਾੜੇ ਪ੍ਰਬੰਧਾਂ ਤੇ ਦੂਰਅੰਦੇਸ਼ੀ ਸੋਚ ਦੀ ਘਾਟ ਦਾ ਸਪੱਸ਼ਟ ਸਬੂਤ ਹੈ। ਉਨ੍ਹਾਂ ਕਿਹਾ ਕਿ ਨਿਗਮ ਲੁਧਿਆਣਾ ਨੇ ਸ਼ਹਿਰੀ ਆਵਾਜਾਈ ਨੂੰ ਇੱਕ ਵਾਰ ਦਿਖਾਵੇ ਵਾਲੇ ਪ੍ਰੋਜੈਕਟ ਤੱਕ ਹੀ ਸੀਮਿਤ ਰੱਖਿਆ, ਜਦਕਿ ਇਸ ਨੂੰ ਨਿਰੰਤਰ ਚੱਲਣ ਵਾਲੀ ਪਬਲਿਕ ਸਰਵਿਸ ਵਜੋਂ ਵਿਕਸਿਤ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਲਾਪਰਵਾਹੀ ਕਾਰਨ ਹਰ ਉਮਰ ਵਰਗ ਦੇ ਲੋਕਾਂ, ਖਾਸ ਕਰਕੇ ਬਜ਼ੁਰਗਾਂ ਤੇ ਦਿਵਿਆਂਗਾਂ ਲਈ ਤਿਆਰ ਕੀਤੀਆਂ ਗਈਆਂ ਲੋਅ-ਫਲੋਰ ਬੱਸਾਂ ਦੀ ਸਹੂਲਤ ਤੋਂ ਨਾਗਰਿਕ ਵਾਂਝੇ ਹੋ ਗਏ ਹਨ।
ਦੀਵਾਨ ਨੇ ਕਿਹਾ ਕਿ ਬੱਸ ਸਰਵਿਸ ਦਾ ਠੱਪ ਹੋਣਾ ਕੋਈ ਹਾਦਸਾ ਨਹੀਂ ਹੈ, ਸਗੋਂ ਨਗਰ ਨਿਗਮ ਦੀ ਨਾਕਾਬਲੀਅਤ, ਜਵਾਬਦੇਹੀ ਦੀ ਕਮੀ ਅਤੇ ਲੁਧਿਆਣਾ ਦੇ ਲੋਕਾਂ ਨਾਲ ਕੀਤੇ ਗਏ ਵਿਸਾਹਘਾਤ ਦਾ ਸਿੱਧਾ ਨਤੀਜਾ ਹੈ। ਉਨ੍ਹਾਂ ਯਾਦ ਦਿਵਾਇਆ ਕਿ ਜਨਵਰੀ 2015 ਵਿੱਚ ਜੇਐਨਐਨਯੂਆਰਐਮ (ਜਵਾਹਰ ਲਾਲ ਨੇਹਰੂ ਨੈਸ਼ਨਲ ਅਰਬਨ ਰਿਨਿਊਅਲ ਮਿਸ਼ਨ) ਤਹਿਤ ਲੁਧਿਆਣਾ ਦੀ ਸ਼ਹਿਰੀ ਆਵਾਜਾਈ ਨੂੰ ਆਧੁਨਿਕ ਬਣਾਉਣ ਲਈ ਸ਼ੁਰੂ ਹੋਇਆ ਇਹ ਪ੍ਰੋਜੈਕਟ ਅੱਜ ਅਰਾਜਕਤਾ ਵਿੱਚ ਬਦਲ ਗਿਆ ਹੈ। ਇਸ ਕਾਰਨ ਯਾਤਰੀ ਪਰੇਸ਼ਾਨ ਹਨ ਅਤੇ ਨਗਰ ਨਿਗਮ ਇੱਕ ਨਿੱਜੀ ਆਪਰੇਟਰ ਨਾਲ ਵਿਵਾਦਾਂ ਵਿੱਚ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਖਮਿਆਜ਼ਾ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕ ਭੁਗਤ ਰਹੇ ਹਨ, ਜੋ ਹਰ ਰੋਜ਼ ਹੰਬੜਾਂ ਰੋਡ ਸਥਿਤ ਡਿਪੂ ਵਿੱਚ ਕੂੜੇ-ਕਰਕਟ ਵਿਚਕਾਰ ਖੜ੍ਹੀਆਂ ਦਰਜਨਾਂ ਖਸਤਾਹਾਲ ਬੱਸਾਂ ਨੂੰ ਵੇਖਦੇ ਹੋਏ ਲੰਘਦੇ ਹਨ। ਦੀਵਾਨ ਨੇ ਜ਼ੋਰ ਦਿੰਦਿਆਂ, ਕਿਹਾ ਕਿ ਜਦੋਂ ਜਨਵਰੀ, 2024 ਵਿੱਚ 9 ਸਾਲਾਂ ਦਾ ਠੇਕਾ ਖ਼ਤਮ ਹੋਇਆ, ਤਾਂ ਨਗਰ ਨਿਗਮ ਕੋਲ ਕੋਈ ਬਦਲਵੀਂ ਯੋਜਨਾ ਤਿਆਰ ਨਹੀਂ ਸੀ।
ਉਨ੍ਹਾਂ ਕਿਹਾ ਕਿ ਸ਼ਹਿਰ ਪ੍ਰਦੂਸ਼ਣ ਤੇ ਟ੍ਰੈਫਿਕ ਜਾਮ ਦੀ ਵਧਦੀ ਸਮੱਸਿਆ ਨਾਲ ਜੂਝ ਰਿਹਾ ਹੈ, ਪਰ ਇਸ ਦੇ ਬਾਵਜੂਦ ਕੋਈ ਵਿਕਲਪਿਕ ਟ੍ਰਾਂਸਪੋਰਟ ਯੋਜਨਾ ਐਲਾਨੀ ਨਹੀਂ ਗਈ। ਇਹ ਸਿਰਫ਼ ਆਵਾਜਾਈ ਦਾ ਸੰਕਟ ਨਹੀਂ ਹੈ, ਸਗੋਂ ਨਾਗਰਿਕਾਂ ਨਾਲ ਕੀਤਾ ਗਿਆ ਵਿਸ਼ਵਾਸਘਾਤ ਹੈ। ਨਿਗਮ ’ਚ ਕਾਰਜਕੁਸ਼ਲਤਾ ਦੀ ਘਾਟ ਨੇ ਲੁਧਿਆਣਾ ਨੂੰ ਭਰੋਸੇਯੋਗ ਬੱਸ ਸਰਵਿਸ ਤੋਂ ਵਾਂਝਾ ਕਰ ਦਿੱਤਾ ਹੈ। ਜਿਸ ਸ਼ਹਿਰ ਨੂੰ ਸਾਫ਼-ਸੁਥਰੀ ਅਤੇ ਕੁਸ਼ਲ ਪਬਲਿਕ ਟ੍ਰਾਂਸਪੋਰਟ ਦੀ ਸਭ ਤੋਂ ਵੱਧ ਲੋੜ ਹੈ, ਉੱਥੇ ਨਗਰ ਨਿਗਮ ਦੀ ਲਾਪਰਵਾਹੀ ਨੇ ਤਰੱਕੀ ਨੂੰ ਖਾਤਮੇ ਵਿੱਚ ਬਦਲ ਦਿੱਤਾ ਹੈ। ਦੀਵਾਨ ਨੇ ਖ਼ੁਲਾਸਾ ਕੀਤਾ ਕਿ ਸਿਟੀ ਬੱਸਾਂ ਨੂੰ ਲੋਅ-ਫਲੋਰ ਡਿਜ਼ਾਈਨ ਨਾਲ ਇਸ ਲਈ ਤਿਆਰ ਕੀਤਾ ਗਿਆ ਸੀ, ਤਾਂ ਜੋ ਬਜ਼ੁਰਗ, ਨੌਜਵਾਨ, ਮਹਿਲਾਵਾਂ ਅਤੇ ਦਿਵਿਆਂਗ ਯਾਤਰੀ ਆਸਾਨੀ ਨਾਲ ਬੱਸ ਵਿੱਚ ਚੜ੍ਹ ਸਕਣ। ਉਨ੍ਹਾਂ ਕਿਹਾ ਕਿ ਇਹ ਸਮਾਵੇਸ਼ੀ ਪਬਲਿਕ ਟ੍ਰਾਂਸਪੋਰਟ ਵੱਲ ਇੱਕ ਪ੍ਰਗਤੀਸ਼ੀਲ ਕਦਮ ਸੀ। ਪਰ ਪ੍ਰੋਜੈਕਟ ਨੂੰ ਢਹਿ ਜਾਣ ਦੇਣ ਅਤੇ ਬੱਸਾਂ ਨੂੰ ਬੇਕਾਰ ਛੱਡ ਦੇਣ ਨਾਲ ਨਗਰ ਨਿਗਮ ਨੇ ਲੋਕਾਂ ਤੋਂ ਉਹ ਸੁਵਿਧਾ ਵੀ ਖੋਹ ਲਈ ਹੈ, ਜਿਹੜੀ ਉਨ੍ਹਾਂ ਨੂੰ ਪਹਿਲਾਂ ਮਿਲ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਲੋਕ-ਪੱਖੀ ਬੱਸ ਬੇੜੇ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸਰਵਿਸ ਵਿੱਚ ਵਿਸਥਾਰ ਕਰਨ ਦੀ ਬਜਾਏ ਨਗਰ ਨਿਗਮ ਦੀ ਲਾਪਰਵਾਹੀ ਨੇ ਇਸਨੂੰ ਤਬਾਹ ਕਰ ਦਿੱਤਾ ਹੈ, ਜਿਸ ਕਾਰਨ ਯਾਤਰੀ ਹੁਣ ਅਸੁਰੱਖਿਅਤ ਅਤੇ ਓਵਰਲੋਡ ਵਿਕਲਪਾਂ 'ਤੇ ਨਿਰਭਰ ਹੋਣ ਲਈ ਮਜਬੂਰ ਹਨ।
-ਬਾਕਸ-
-ਵੜਿੰਗ ਨੂੰ ਸਿਟੀ ਬੱਸ ਸਰਵਿਸ ਦਾ ਮੁੱਦਾ ਲੋਕ ਸਭਾ ’ਚ ਚੁੱਕਣ ਦੀ ਅਪੀਲ
ਲੋਕ ਹਿੱਤ ਨੂੰ ਸਭ ਤੋਂ ਉੱਪਰ ਰੱਖਣ ਦੀ ਗੱਲ ਕਰਦਿਆਂ ਦੀਵਾਨ ਨੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਪੀਲ ਕੀਤੀ ਹੈ ਕਿ ਉਹ ਸੰਸਦ ਦੇ ਆਗਾਮੀ ਮਾਨਸੂਨ ਸੈਸ਼ਨ ਦੌਰਾਨ ਇਸ ਗੰਭੀਰ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਚੁੱਕਣ। ਉਨ੍ਹਾਂ ਨੇ ਕਿਹਾ ਕਿ ਅਸੀਂ ਵੜਿੰਗ ਨੂੰ ਅਪੀਲ ਕਰਦੇ ਹਾਂ ਕਿ ਉਹ ਲੋਕ ਸਭਾ ’ਚ ਇਹ ਮਾਮਲਾ ਜ਼ੋਰਦਾਰ ਢੰਗ ਨਾਲ ਚੁੱਕਣ, ਸਿਟੀ ਬੱਸ ਸੇਵਾ ਨੂੰ ਤੁਰੰਤ ਮੁੜ ਸ਼ੁਰੂ ਕਰਵਾਉਣ ਲਈ ਦਬਾਅ ਬਣਾਉਣ ਤੇ ਇਸਦੇ ਠੱਪ ਹੋਣ ਲਈ ਜ਼ਿੰਮੇਵਾਰ ਨਿਗਮ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ।