ਸਿਟੀ ਬੱਸ ਸਰਵਿਸ ਦਾ ਬੰਦ ਹੋਣਾ ਵੱਡਾ ਧੋਖਾ : ਦੀਵਾਨ
ਸਿਟੀ ਬੱਸ ਸਰਵਿਸ ਬੰਦ ਹੋਣ ਕਰਕੇ ਦੀਵਾਨ ਨੇ ਲੁਧਿਆਣਾ ਨਗਰ ਨਿਗਮ ਨੂੰ ਘੇਰਿਆ
Publish Date: Sun, 28 Jun 2026 11:07 PM (IST)
Updated Date: Mon, 29 Jun 2026 04:11 AM (IST)

ਸਿਟੀ ਬੱਸ ਸਰਵਿਸ ਬੰਦ ਹੋਣ ਕਰ ਕੇ ਲੁਧਿਆਣਾ ਨਗਰ ਨਿਗਮ ਨੂੰ ਘੇਰਿਆ ਸਿਟੀ ਬੱਸ ਪ੍ਰੋਜੈਕਟ ਦੀ ਨਾਕਾਮੀ ਲਈ ਨਗਰ ਨਿਗਮ ਨੂੰ ਠਹਿਰਾਇਆ ਜ਼ਿੰਮੇਵਾਰ ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ ਲੁਧਿਆਣਾ ਸਿਟੀ ਬੱਸ ਸਰਵਿਸ ਪ੍ਰੋਜੈਕਟ ਠੱਪ ਹੋ ਗਿਆ ਹੈ ਅਤੇ ਸ਼ਹਿਰ ਵਾਸੀ ਸਿਟੀ ਬੱਸ ਸਰਵਿਸ ਤੋਂ ਵਾਂਝੇ ਹੋ ਗਏ ਹਨ।ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਲੁਧਿਆਣਾ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਸਿਟੀ ਬੱਸ ਦੇ ਮੁੱਦੇ ਨੂੰ ਲੈ ਕੇ ਲੁਧਿਆਣਾ ਨਗਰ ਨਿਗਮ ਦੀ ਤਿੱਖੀ ਆਲੋਚਨਾ ਕੀਤੀ ਹੈ। ਦੀਵਾਨ ਨੇ ਕਿਹਾ ਕਿ ਜਿਸ ਸਿਟੀ ਬੱਸ ਸਰਵਿਸ ਪ੍ਰੋਜੈਕਟ ਦਾ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਗਿਆ ਸੀ, ਉਸ ਦੀ ਨਾਕਾਮੀ ਨਗਰ ਨਿਗਮ ਦੀ ਲੰਬੇ ਸਮੇਂ ਤੋਂ ਚੱਲ ਰਹੀ ਮਾੜੇ ਪ੍ਰਬੰਧਾਂ ਅਤੇ ਦੂਰ-ਅੰਦੇਸ਼ੀ ਸੋਚ ਦੀ ਘਾਟ ਦਾ ਸਪੱਸ਼ਟ ਸਬੂਤ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਨੇ ਸ਼ਹਿਰੀ ਆਵਾਜਾਈ ਨੂੰ ਇੱਕ ਵਾਰ ਦਿਖਾਵੇ ਵਾਲੇ ਪ੍ਰੋਜੈਕਟ ਤੱਕ ਹੀ ਸੀਮਿਤ ਰੱਖਿਆ, ਜਦਕਿ ਇਸ ਨੂੰ ਨਿਰੰਤਰ ਚੱਲਣ ਵਾਲੀ ਪਬਲਿਕ ਸਰਵਿਸ ਵਜੋਂ ਵਿਕਸਿਤ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਦੀ ਲਾਪਰਵਾਹੀ ਕਾਰਨ ਹਰ ਉਮਰ ਵਰਗ ਦੇ ਲੋਕਾਂ, ਖਾਸ ਕਰਕੇ ਬਜ਼ੁਰਗਾਂ ਅਤੇ ਦਿਵਿਆਂਗਾਂ ਲਈ ਤਿਆਰ ਕੀਤੀਆਂ ਗਈਆਂ ਲੋਅ-ਫਲੋਰ ਬੱਸਾਂ ਦੀ ਸਹੂਲਤ ਤੋਂ ਨਾਗਰਿਕ ਵਾਂਝੇ ਹੋ ਗਏ ਹਨ। ਦੀਵਾਨ ਨੇ ਕਿਹਾ ਕਿ ਬੱਸ ਸਰਵਿਸ ਦਾ ਠੱਪ ਹੋਣਾ ਕੋਈ ਹਾਦਸਾ ਨਹੀਂ ਹੈ ਸਗੋਂ ਨਗਰ ਨਿਗਮ ਦੀ ਨਾਕਾਬਲੀਅਤ, ਜਵਾਬਦੇਹੀ ਦੀ ਕਮੀ ਤੇ ਲੁਧਿਆਣਾ ਦੇ ਲੋਕਾਂ ਨਾਲ ਕੀਤੇ ਗਏ ਵਿਸ਼ਵਾਸਘਾਤ ਦਾ ਸਿੱਧਾ ਨਤੀਜਾ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਜਨਵਰੀ 2015 ਵਿੱਚ ਜੇਐਨਐਨਯੂਆਰਐਮ (ਜਵਾਹਰਲਾਲ ਨੇਹਰੂ ਨੈਸ਼ਨਲ ਅਰਬਨ ਰਿਨਿਊਅਲ ਮਿਸ਼ਨ) ਤਹਿਤ ਲੁਧਿਆਣਾ ਦੀ ਸ਼ਹਿਰੀ ਆਵਾਜਾਈ ਨੂੰ ਆਧੁਨਿਕ ਬਣਾਉਣ ਲਈ ਸ਼ੁਰੂ ਹੋਇਆ ਇਹ ਪ੍ਰੋਜੈਕਟ ਅੱਜ ਅਰਾਜਕਤਾ ਵਿੱਚ ਬਦਲ ਗਿਆ ਹੈ। ਇਸ ਕਾਰਨ ਯਾਤਰੀ ਪਰੇਸ਼ਾਨ ਹਨ ਅਤੇ ਨਗਰ ਨਿਗਮ ਇੱਕ ਨਿੱਜੀ ਆਪਰੇਟਰ ਨਾਲ ਵਿਵਾਦਾਂ ਵਿੱਚ ਫਸਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਖਮਿਆਜ਼ਾ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕ ਭੁਗਤ ਰਹੇ ਹਨ, ਜੋ ਹਰ ਰੋਜ਼ ਹੰਬੜਾਂ ਰੋਡ ਸਥਿਤ ਡਿਪੂ ਵਿੱਚ ਕੂੜੇ-ਕਰਕਟ ਵਿਚਕਾਰ ਖੜ੍ਹੀਆਂ ਦਰਜਨਾਂ ਖਸਤਾਹਾਲ ਬੱਸਾਂ ਨੂੰ ਵੇਖਦੇ ਹੋਏ ਲੰਘਦੇ ਹਨ। ਖ਼ਬਰ ਦਾ ਬਾਕਸ- ਵੜਿੰਗ ਨੂੰ ਮੁੱਦਾ ਲੋਕ ਸਭਾ ’ਚ ਮੁੱਦਾ ਉਠਾਉਣ ਦੀ ਅਪੀਲ ਲੋਕ ਹਿੱਤ ਨੂੰ ਸਭ ਤੋਂ ਉੱਪਰ ਰੱਖਣ ਦੀ ਗੱਲ ਕਰਦਿਆਂ ਦੀਵਾਨ ਨੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਪੀਲ ਕੀਤੀ ਹੈ ਕਿ ਉਹ ਸੰਸਦ ਦੇ ਆਗਾਮੀ ਮਾਨਸੂਨ ਸੈਸ਼ਨ ਦੌਰਾਨ ਇਸ ਗੰਭੀਰ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ। ਉਨ੍ਹਾਂ ਨੇ ਕਿਹਾ ਕਿ ਅਸੀਂ ਵੜਿੰਗ ਨੂੰ ਅਪੀਲ ਕਰਦੇ ਹਾਂ ਕਿ ਉਹ ਲੋਕ ਸਭਾ ਵਿੱਚ ਇਹ ਮਾਮਲਾ ਜੋਰਦਾਰ ਤਰੀਕੇ ਨਾਲ ਉਠਾਉਣ, ਸਿਟੀ ਬੱਸ ਸੇਵਾ ਨੂੰ ਤੁਰੰਤ ਮੁੜ ਸ਼ੁਰੂ ਕਰਵਾਉਣ ਲਈ ਦਬਾਅ ਬਣਾਉਣ ਅਤੇ ਇਸ ਦੇ ਠੱਪ ਹੋਣ ਲਈ ਜ਼ਿੰਮੇਵਾਰ ਨਗਰ ਨਿਗਮ ਦੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ।