ਦੀਵਾਲੀ ਦੀ ਰਾਤ ਘਰ 'ਚ ਪਸਰਿਆ ਮਾਤਮ! ਗਰਦਨ ਕੋਲ ਪਟਾਕਾ ਫਟਣ ਕਾਰਨ ਸਾਢੇ 14 ਸਾਲਾ ਬੱਚੇ ਦੀ ਮੌਤ
ਅਚਾਨਕ ਹੋਏ ਇਸ ਧਮਾਕੇ ਕਾਰਨ ਪਰਿਵਾਰਕ ਮੈਂਬਰਾਂ 'ਚ ਹਫ਼ੜਾ-ਦਫ਼ੜੀ ਮਚ ਗਈ। ਪਰਿਵਾਰਕ ਮੈਂਬਰ ਤੁਰੰਤ ਸਾਕਿਤ ਨੂੰ ਸਥਾਨਕ ਨਿੱਜੀ ਹਸਪਤਾਲ ਲੈ ਕੇ ਪਹੁੰਚੇ, ਪਰ ਉੱਥੇ ਡਾਕਟਰ ਡਾ. ਸਰਬਜੀਤ ਸਿੰਘ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Publish Date: Mon, 09 Nov 2026 12:14 PM (IST)
Updated Date: Mon, 09 Nov 2026 12:21 PM (IST)
ਸੰਵਾਦ ਸਹਿਯੋਗੀ, ਜਗਰਾਓਂ : ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਅਕਾਲਗੜ੍ਹ 'ਚ ਦੀਵਾਲੀ ਦੇ ਜਸ਼ਨ ਦੌਰਾਨ ਇਕ ਦਰਦਨਾਕ ਹਾਦਸਾ ਵਾਪਰ ਗਿਆ। ਅਸਮਾਨ 'ਚ ਇਕੱਠੇ ਕਈ ਰੰਗਾਂ ਦੀਆਂ ਰੌਸ਼ਨੀਆਂ ਛੱਡਣ ਵਾਲੇ ਵੱਡੇ ਪਟਾਕੇ ਦੇ ਧਮਾਕੇ ਕਾਰਨ ਸਾਢੇ 14 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਕਿਤ ਮਿੱਤਲ ਉਰਫ਼ ਗਗਨ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਸਾਕਿਤ ਨੇ ਇਕ ਵੱਡਾ ਪਟਾਕਾ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਚੱਲਿਆ। ਕੁਝ ਸਮੇਂ ਬਾਅਦ ਉਸ ਨੇ ਦੂਜਾ ਪਟਾਕਾ ਚਲਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪਹਿਲਾਂ ਨਾ ਚੱਲਿਆ ਪਟਾਕਾ ਅਚਾਨਕ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਉਸ ਸਮੇਂ ਸਾਕਿਤ ਪਟਾਕੇ ਕੋਲ ਝੁਕਿਆ ਹੋਇਆ ਸੀ ਤੇ ਧਮਾਕੇ ਦੀ ਲਪੇਟ 'ਚ ਆ ਗਿਆ। ਹਾਦਸੇ 'ਚ ਉਸ ਦੀ ਗਰਦਨ 'ਤੇ ਬੇਹੱਦ ਗੰਭੀਰ ਸੱਟ ਲੱਗੀ।
ਅਚਾਨਕ ਹੋਏ ਇਸ ਧਮਾਕੇ ਕਾਰਨ ਪਰਿਵਾਰਕ ਮੈਂਬਰਾਂ 'ਚ ਹਫ਼ੜਾ-ਦਫ਼ੜੀ ਮਚ ਗਈ। ਪਰਿਵਾਰਕ ਮੈਂਬਰ ਤੁਰੰਤ ਸਾਕਿਤ ਨੂੰ ਸਥਾਨਕ ਨਿੱਜੀ ਹਸਪਤਾਲ ਲੈ ਕੇ ਪਹੁੰਚੇ, ਪਰ ਉੱਥੇ ਡਾਕਟਰ ਡਾ. ਸਰਬਜੀਤ ਸਿੰਘ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੀਵਾਲੀ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਘਰ ਦਾ ਇਕਲੌਤਾ ਚਿਰਾਗ ਬੁੱਝਿਆ
ਗੁਰਸਰ ਸੁਧਾਰ ਨਵੀਂ ਆਬਾਦੀ ਅਕਾਲਗੜ੍ਹ ਦੇ ਨਾਮਵਰ ਕਾਰੋਬਾਰੀ ਅਤੇ ਆਰਤੀ ਸਟੋਰ ਦੇ ਮਾਲਕ ਸੁਰੇਸ਼ ਕੁਮਾਰ ਮਿੱਤਲ ਦੇ ਪਰਿਵਾਰ ਲਈ ਦੀਵਾਲੀ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਪਟਾਕੇ ਕਾਰਨ ਹੋਏ ਇਸ ਹਾਦਸੇ 'ਚ ਉਨ੍ਹਾਂ ਦੇ ਸਾਢੇ 14 ਸਾਲਾ ਪੁੱਤਰ ਸਾਕਿਤ ਮਿੱਤਲ (ਗਗਨ) ਦੀ ਜਾਨ ਚਲੀ ਗਈ।
ਸੁਰੇਸ਼ ਕੁਮਾਰ ਮਿੱਤਲ ਆਪਣੇ ਪਰਿਵਾਰ ਸਮੇਤ ਦੀਵਾਲੀ ਦੀ ਪੂਜਾ ਕਰਨ ਲਈ ਆਪਣੇ ਵੱਡੇ ਭਰਾ ਰਾਜ ਕੁਮਾਰ ਮਿੱਤਲ ਦੇ ਨਵੇਂ ਵਿਸ਼ਾਲ ਘਰ ਪਹੁੰਚੇ ਹੋਏ ਸਨ। ਦੋਵਾਂ ਪਰਿਵਾਰਾਂ ਨੇ ਇਕੱਠੇ ਦੀਵਾਲੀ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਸਨ। ਘਰ 'ਚ ਪੂਜਾ ਹੋਈ, ਦੀਵੇ ਜਗਾਏ ਗਏ ਅਤੇ ਤਿਉਹਾਰ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਪਰ ਅਚਾਨਕ ਵਾਪਰੇ ਇਸ ਵੱਡੇ ਹਾਦਸੇ ਨੇ ਸਾਰੀਆਂ ਖੁਸ਼ੀਆਂ ਖੋਹ ਲਈਆਂ। ਪਰਿਵਾਰ ਦਾ ਇਕਲੌਤਾ ਚਿਰਾਗ ਬੁੱਝਣ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ।