ਸਿਰਜਣਧਾਰਾ ਦੀ ਮੀਟਿੰਗ ’ਚ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ’ਤੇ ਚਰਚਾ
ਸਿਰਜਣਧਾਰਾ ਦੀ ਮੀਟਿੰਗ ’ਚ ਹੋਈ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ’ਤੇ ਵਿਚਾਰ-ਚਰਚਾ
Publish Date: Sat, 27 Jun 2026 07:27 PM (IST)
Updated Date: Sun, 28 Jun 2026 04:07 AM (IST)

ਮੀਟਿੰਗ ਪਿੱਛੋਂ ਵੱਖ ਵੱਖ ਕਵੀਆਂ ਨੇ ਰਚਨਾਵਾਂ ਅਤੇ ਗੀਤਾਂ ਨਾਲ ਬੰਨ੍ਹਿਆ ਰੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਸ਼ਨਿੱਚਰਵਾਰ ਨੂੰ ਪ੍ਰਧਾਨ ਡਾ.ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਸਥਿੱਤ ਡਾ. ਪਰਮਿੰਦਰ ਸਿੰਘ ਹਾਲ ਵਿਖੇ ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਕੁੱਝ ਦਿਨ ਪਹਿਲਾਂ ਸਦੀਵੀਂ ਵਿਛੋੜਾ ਦੇ ਗਏ ਉੱਘੇ ਆਲੋਚਕ ਹਰਬੰਸ ਸਿੰਘ ਧੀਮਾਨ ਅਤੇ ਮਾਤਾ ਪ੍ਰੀਤਮ ਕੌਰ ਕਥੂਰੀਆ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਪਿੱਛੋਂ ਮੀਟਿੰਗ ਵਿੱਚ ਹਾਜ਼ਰ ਸਾਹਿਤਕਾਰਾਂ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਅਸੀਂ ਅੱਜ ਜੋ ਵੀ ਹਾਂ ਆਪਣੀ ਮਾਂ ਬੋਲੀ ਸਦਕਾ ਹੀ ਹਾਂ,ਸਾਨੂੰ ਕਿਸੇ ਵੀ ਸੂਰਤ ਵਿੱਚ ਇਸ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ। ਪ੍ਰਧਾਨ ਡਾ. ਕੋਚਰ ਨੇ ਕਿਹਾ ਕਿ ਅਸੀਂ ਆਪਣੀ ਮਾਂ ਬੋਲੀ ਬੋਲਣ ਤੋਂ ਕਿਉਂ ਭੱਜ ਰਹੇ ਹਾਂ, ਇਹ ਸਾਡੇ ਪੁਰਖਿਆਂ, ਗੁਰੂ ਸਾਹਿਬਾਨਾਂ ਅਤੇ ਪੀਰਾਂ ਫਕੀਰਾਂ ਦੀ ਭਾਸ਼ਾ ਹੈ। ਇੱਕੋ ਹੀ ਪਰਿਵਾਰ ਵਿੱਚ ਅਲੱਗ ਅਲੱਗ ਬੋਲੀ ਕਿਉਂ? ਦਾਦਾ ਦਾਦੀ ਪੰਜਾਬੀ, ਮਾਂ ਹਿੰਦੀ ਤੇ ਬੱਚੇ ਅੰਗਰੇਜ਼ੀ ਬੋਲਦੇ ਹਨ, ਇਹ ਸੱਭ ਕੀ ਹੈ? ਸਭ ਭਾਸ਼ਾਵਾਂ ਸਿੱਖੋ,ਪੜ੍ਹੋ ’ਤੇ ਬੋਲੋ ਪਰ ਮਾਂ ਬੋਲੀ ਤੋਂ ਨਾ ਭੱਜੋ। ਉੱਘੇ ਨਾਵਲਕਾਰ ਐਡਵੋਕੇਟ ਮਿੱਤਰ ਸੈਨ ਮੀਤ ਨੇ ਕਿਹਾ ਕਿ ਅਸੀਂ ਆਮ ਗੱਲਬਾਤ ਵਿੱਚ ਹੋਰ ਭਾਸ਼ਾਵਾਂ ਦਾ ਰਲ੍ਹੇਵਾਂ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਾਂ ? ਜਦੋਂ ਕਿ ਸਾਡੇ ਕੋਲ਼ ਸਾਡੀ ਮਾਂ ਬੋਲੀ ਵਿੱਚ ਹਰ ਸ਼ਬਦ ਮੌਜੂਦ ਹੈ, ਹਮੇਸ਼ਾ ਆਪਣੀ ਮਾਂ ਬੋਲੀ ਦਾ ਸਤਿਕਾਰ ਅਤੇ ਪ੍ਰਚਾਰ ਕਰੋ ਤੇ ਟੁੱਟ ਰਹੀ ਨਵੀਂ ਪੀੜ੍ਹੀ ਨੂੰ ਵੀ ਸਹੀ ਸੇਧ ਦਿਓ। ਮਨਦੀਪ ਕੌਰ ਭੰਮਰਾ ਨੇ ਕਿਹਾ ਕਿ ਮਾਂ ਬੋਲੀ ਤੋਂ ਭੱਜਣਾ ਜਾਂ ਇਸ ਤੋਂ ਮੁੱਖ ਮੋੜਨਾ ਹਨ੍ਹੇਰੇ ਵੱਲ ਜਾਣ ਦੇ ਬਰਾਬਰ ਹੈ। ਇਸ ਮੌਕੇ ਵੱਖ ਵੱਖ ਕਵੀਆਂ ਨੇ ਰਚਨਾਵਾਂ ਨਾਲ ਰੰਗ ਬੰਨ੍ਹ ਦਿੱਤਾ। ਜਨਰਲ ਸਕੱਤਰ ਅਮਰਜੀਤ ਸਿੰਘ ਸ਼ੇਰਪੁਰੀ ਨੇ ‘ਅੱਖਰ ਅੱਖਰ ਰੱਖੀਂ ਯਾਦ ਪੰਜਾਬੀ ਦਾ, ਹਰ ਥਾਂ ਜਾ ਰਚਾਈਂ ਸੰਵਾਦ ਪੰਜਾਬੀ ਦਾ, ਸ਼ੇਰਪੁਰੀ ਕੋਈ ਕਵਿਤਾ ਕਹੀਂ ਜਾਂ ਗੀਤ ਕਹੀਂ, ਉੱਚੀ ਸਦਾ ਵਜਾਈਂ ਨਾਦ ਪੰਜਾਬੀ ਦਾ ਗੀਤ’ ਰਾਹੀਂ ਖੁੱਲ੍ਹ ਕੇ ਸੰਗੀਤਕ ਰੂਪ ਵਿੱਚ ਮਾਂ ਬੋਲੀ ਦੀ ਤਾਰੀਫ਼ ਕੀਤੀ। ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਕਵਿਤਾ ਮਾਂ ਬੋਲੀ ਤੋਂ ਟੁੱਟਕੇ ਕਿੱਥੇ ਜਾਵਾਂਗੇ, ਡਾ ਕੋਚਰ ਨੇ ਕਵਿਤਾ ਅਪਣਾ ਲਹੂ ਬਿਗਾਨਾ ਬਣ ਕੇ ਵਾਰ ਕਰੇ, ਮਨਦੀਪ ਕੌਰ ਭੰਮਰਾ ਨੇ ਵਾਰਤਿਕ ਰੂਪ ਚੇਤਨਾ ਦੀ ਗੱਲ ਕੀਤੀ, ਕੇ ਸਾਧੂ ਸਿੰਘ ਨੇ ਨਜ਼ਮ ਰਾਧਾ ਅਤੇ ਦਾਜ਼ ਵਰੀ, ਤਰਲੋਚਨ ਝਾਂਡੇ ਨੇ ਬਾਣੀਆ ਕੋਈ ਜਾਤ ਨਹੀਂ ਹੁੰਦੀ ਇਹ ਬੁੱਧੀ ਹੁੰਦੀ ਹੈ, ਜਗਪਾਲ ਜੱਗਾ ਨੇ ਜੱਗ ਉੱਤੋਂ ਮਿੱਠਾ ਵਿੱਚੋਂ ਤਲਵਾਰ ਹਾਣੀਓਂ, ਅਮਨ ਮਲਿਕਾ ਨੇ ਮੈ ਹਾਂ ਇੱਕ ਲਿਖਾਰੀ, ਡਾ ਰਣਜੀਤ ਸਿੰਘ ਨੇ ਬਾਬਾ ਬੰਦਾ ਬਹਾਦੁਰ, ਸਤਵਿੰਦਰ ਸਿੰਘ ਥਰੀਕੇ ਨੇ ਗੀਤ ਨੀਲੇ ਵਾਲ਼ੇ ਬਾਪੂ ਦੀ ਧੀ ਹਰਸ਼ਰਨ ਕੌਰ ਸੀ, ਰਮਨ ਸਖੀ ਨੇ ਗੀਤ ਅਸੀਂ ਰੂਹਾਂ ਦੀ ਕੀਤੀ ਸੀ ਤਾਬੇਦਾਰੀ, ਦਰਸ਼ਣ ਸਿੰਘ ਢੋਲਣ ਨੇ ਮਾਂ ਬੋਲੀ ਤਾਂ ਘਰ ਵਿੱਚ ਬੁੱਢੀ ਮਾਂ ਬਣ ਕੇ ਹੀ ਰਹਿ ਗਈ ਏ ਅਤੇ ਡਾ. ਅੰਜੂ ਅਮਨਦੀਪ ਗਰੋਵਰ ਨੇ ਗੀਤ ਥੱਕਿਆ ਹੋਇਆ ਰਹੀ ਢੂੰਡੇ ਸੜਕਾਂ ਉੱਤੇ ਛਾਵਾਂ ਪੇਸ਼ ਕੀਤਾ। ਅੰਤ ਵਿੱਚ ਡਾ ਗੁਰਚਰਨ ਕੌਰ ਕੋਚਰ ਵੱਲੋਂ ਆਏ ਸਭਨਾਂ ਦਾ ਧੰਨਵਾਦ ਕੀਤਾ ਗਿਆ।