- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਦੀ ਕੇਬਲ ਸੜਨ ਕਾਰਨ 20 ਘੰਟੇ ਗਰਮੀ ਨਾਲ ਪ੍ਰੇਸ਼ਨ ਹੋਏ ਢੰਡਾਰੀ ਦੇ ਵਾਸੀ

-ਸਵੇਰੇ ਬਿਜਲੀ ਨਾ ਹੋਣ ਕਰਕੇ ਪਾਣੀ ਦੀ ਸਪਲਾਈ ਵੀ ਹੋਈ ਪ੍ਰਭਾਵਿਤ, ਘਰੇਲੂ ਕੰਮ-ਕਾਜ ਹੋਏ ਠੱਪ
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ
ਮਹਾਨਗਰ ਦੇ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਵਾਰਡ ਨੰਬਰ-25 ਦੇ ਢੰਡਾਰੀ ਖੁਰਦ ਇਲਾਕੇ ਵਿੱਚ ਬਿਜਲੀ ਦੀ ਮੁੱਖ ਤਾਰ ਸੜ ਜਾਣ ਕਾਰਨ ਐਤਵਾਰ ਰਾਤ ਕਰੀਬ 10 ਵਜੇ ਬਿਜਲੀ ਸਪਲਾਈ ਅਚਾਨਕ ਬੰਦ ਹੋ ਗਈ, ਜਿਸ ਨਾਲ ਪੂਰਾ ਇਲਾਕਾ ਲਗਭਗ 20 ਘੰਟਿਆਂ ਤਕ ਹਨੇਰੇ ਵਿਚ ਡੁੱਬਿਆ ਰਿਹਾ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੋਮਵਾਰ ਸਵੇਰੇ ਬਿਜਲੀ ਨਾ ਹੋਣ ਕਰਕੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਰਹੀ, ਜਿਸ ਨਾਲ ਘਰੇਲੂ ਕੰਮ-ਕਾਜ ਠੱਪ ਹੋ ਗਏ।
ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਬਿਜਲੀ ਬੰਦ ਹੋਣ ਤੋਂ ਬਾਅਦ ਉਹ ਲਗਾਤਾਰ ਪਾਵਰਕਾਮ ਦੇ ਸ਼ਿਕਾਇਤ ਨੰਬਰ 1912 'ਤੇ ਸੰਪਰਕ ਕਰਦੇ ਰਹੇ, ਪਰ ਹਰ ਵਾਰ ਜਲਦ ਸਪਲਾਈ ਬਹਾਲ ਕਰਨ ਦਾ ਭਰੋਸਾ ਦੇ ਕੇ ਟਾਲ ਦਿੱਤਾ। ਰਾਤ ਭਰ ਕੋਈ ਵੀ ਮੁਲਾਜ਼ਮ ਮੌਕੇ 'ਤੇ ਨਹੀਂ ਪਹੁੰਚਿਆ, ਜਿਸ ਕਾਰਨ ਲੋਕਾਂ ਵਿੱਚ ਭਾਰੀ ਨਾਰਾਜ਼ਗੀ ਫੈਲ ਗਈ। ਇਸ ਦੇ ਵਿਰੋਧ ਵਜੋਂ ਸੋਮਵਾਰ ਦੁਪਹਿਰੇ ਇਲਾਕਾ ਵਾਸੀਆਂ ਨੇ ਪਾਵਰਕਾਮ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ।
ਰੋਸ ਮੁਜ਼ਾਹਰੇ ਤੋਂ ਬਾਅਦ ਫੋਕਲ ਪੁਆਇੰਟ ਦੇ ਐਕਸੀਅਨ ਦੇ ਨਿਰਦੇਸ਼ਾਂ 'ਤੇ ਪਾਵਰਕਾਮ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ। ਜਾਂਚ ਦੌਰਾਨ ਪਤਾ ਲੱਗਾ ਕਿ ਮੇਨ ਕੇਬਲ ਪੂਰੀ ਤਰ੍ਹਾਂ ਸੜ ਚੁੱਕੀ ਸੀ। ਮੁਲਾਜ਼ਮਾਂ ਨੇ ਤਾਰ ਜੋੜ ਕੇ ਸਪਲਾਈ ਚਾਲੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਿਜਲੀ ਦੀ 100 ਫੁੱਟ ਤਕ ਤਾਰ ਮੁੜ ਧਮਾਕੇ ਨਾਲ ਸੜ ਗਈ। ਕਈ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਮੁਲਾਜ਼ਮਾਂ ਨੇ ਅਸਥਾਈ ਤੌਰ 'ਤੇ ਤਾਰਾਂ ਸ਼ਿਫਟ ਕਰਕੇ ਸ਼ਾਮ ਕਰੀਬ 5 ਵਜੇ ਬਿਜਲੀ ਸਪਲਾਈ ਬਹਾਲ ਕੀਤੀ।
ਪਾਵਰਕਾਮ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਅਸਥਾਈ ਮੁਰੰਮਤ ਕਰਕੇ ਸਪਲਾਈ ਚਾਲੂ ਕੀਤੀ ਗਈ ਹੈ, ਜਦਕਿ ਸਥਾਈ ਹੱਲ ਲਈ ਪੂਰੀ ਅੰਡਰਗ੍ਰਾਊਂਡ ਕੇਬਲ ਬਦਲੀ ਜਾਵੇਗੀ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਪੁਰਾਣੀਆਂ ਤੇ ਖ਼ਰਾਬ ਤਾਰਾਂ ਨੂੰ ਤੁਰੰਤ ਬਦਲਿਆ ਜਾਵੇ, ਕਿਉਂਕਿ ਹਰ ਗਰਮੀ ਦੇ ਮੌਸਮ ਵਿੱਚ ਵੱਧ ਲੋਡ ਕਾਰਨ ਇਸ ਤਰ੍ਹਾਂ ਦੇ ਨੁਕਸ ਆਮ ਹੋ ਜਾਂਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਪੱਕਾ ਹੱਲ ਨਾ ਕੀਤਾ ਗਿਆ ਤਾਂ ਭਵਿੱਖ ਵਿੱਚ ਵੀ ਲੋਕਾਂ ਨੂੰ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
---