ਸੜਕਾਂ 'ਤੇ ਮੌਤ ਦਾ ਤਾਂਡਵ : ਵੱਖ-ਵੱਖ ਭਿਆਨਕ ਹਾਦਸਿਆਂ ਨੇ ਖੋਹੀਆਂ 3 ਘਰਾਂ ਦੇ ਚਿਰਾਗਾਂ ਦੀਆਂ ਜਾਨਾਂ
ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਾਪਰੇ ਸੜਕ ਹਾਦਸਿਆਂ ਨੇ ਤਿੰਨ ਪਰਿਵਾਰਾਂ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ। ਇਹ ਸੜਕ ਹਾਦਸੇ ਡੇਹਲੋਂ, ਸਦਰ ਅਤੇ ਸਾਹਨੇਵਾਲ ਥਾਣਿਆਂ ਅਧੀਨ ਆਉਂਦੇ ਇਲਾਕਿਆਂ ਵਿਚ ਤੇਜ਼ ਰਫਤਾਰੀ ਅਤੇ ਲਾਪਰਵਾਹੀ ਦੇ ਚਲਦੇ ਵਾਪਰੇ। ਇਨ੍ਹਾਂ ਦੁਰਘਟਨਾਵਾਂ ਵਿੱਚ ਇੱਕ 78 ਸਾਲਾ ਐਫਸੀਆਈ ਦੇ ਰਿਟਾਇਰਡ ਇੰਸਪੈਕਟਰ, 49 ਸਾਲਾ ਮੋਟਰਸਾਈਕਲ ਚਾਲਕ ਅਤੇ ਇੱਕ 42 ਸਾਲਾ ਆਟੋ ਚਾਲਕ ਦੀਆਂ ਜਾਨਾਂ ਚਲੀਆਂ ਗਈਆਂ। ਤਿੰਨਾਂ ਮਾਮਲਿਆਂ ਵਿੱਚ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮੇ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
Publish Date: Sat, 27 Jun 2026 12:51 PM (IST)
Updated Date: Sat, 27 Jun 2026 12:55 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਾਪਰੇ ਸੜਕ ਹਾਦਸਿਆਂ ਨੇ ਤਿੰਨ ਪਰਿਵਾਰਾਂ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ। ਇਹ ਸੜਕ ਹਾਦਸੇ ਡੇਹਲੋਂ, ਸਦਰ ਅਤੇ ਸਾਹਨੇਵਾਲ ਥਾਣਿਆਂ ਅਧੀਨ ਆਉਂਦੇ ਇਲਾਕਿਆਂ ਵਿਚ ਤੇਜ਼ ਰਫਤਾਰੀ ਅਤੇ ਲਾਪਰਵਾਹੀ ਦੇ ਚਲਦੇ ਵਾਪਰੇ। ਇਨ੍ਹਾਂ ਦੁਰਘਟਨਾਵਾਂ ਵਿੱਚ ਇੱਕ 78 ਸਾਲਾ ਐਫਸੀਆਈ ਦੇ ਰਿਟਾਇਰਡ ਇੰਸਪੈਕਟਰ, 49 ਸਾਲਾ ਮੋਟਰਸਾਈਕਲ ਚਾਲਕ ਅਤੇ ਇੱਕ 42 ਸਾਲਾ ਆਟੋ ਚਾਲਕ ਦੀਆਂ ਜਾਨਾਂ ਚਲੀਆਂ ਗਈਆਂ। ਤਿੰਨਾਂ ਮਾਮਲਿਆਂ ਵਿੱਚ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮੇ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਸਭ ਤੋਂ ਪਹਿਲਾ ਮਾਮਲਾ ਥਾਣਾ ਡੇਹਲੋਂ ਦੇ ਅਧੀਨ ਪੈਂਦੇ ਪਿੰਡ ਨੰਗਲ ਦੇ ਵਿੱਚ ਵਾਪਰਿਆ । ਐਫਸੀਆਈ ਦੇ ਰਿਟਾਇਰਡ ਇੰਸਪੈਕਟਰ 78 ਸਾਲਾ ਅਮਰਜੀਤ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਲੇਰਕੋਟਲਾ ਰੋਡ ਵੱਲ ਜਾ ਰਹੇ ਸਨ। ਉਨ੍ਹਾਂ ਦਾ ਬੇਟਾ ਸੁਖਜੀਤ ਸਿੰਘ ਵੀ ਪਿੱਛੇ ਆ ਰਿਹਾ ਸੀ। ਸੁਖਜੀਤ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਜਿਵੇਂ ਹੀ ਮਲੇਰਕੋਟਲਾ ਰੋਡ 'ਤੇ ਐਚਪੀ ਪੈਟਰੋਲ ਪੰਪ ਨੇੜੇ ਪਹੁੰਚੇ ਤਾਂ ਇੱਕ ਇਨੋਵਾ ਕਾਰ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਅਮਰਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਫੱਟੜ ਹਾਲਤ ਵਿੱਚ ਉਹਨਾਂ ਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਅਮਰਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿੱਚ ਕਾਰ ਚਾਲਕ ਪ੍ਰਦੀਪ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਦੂਜਾ ਹਾਦਸਾ ਥਾਣਾ ਸਦਰ ਦੇ ਅਧੀਨ ਆਉਂਦੀ ਪਾਮ ਇਨਕਲੇਵ ਕਾਲੋਨੀ ਨੇੜੇ ਵਾਪਰਿਆ। ਸ਼ਿਕਾਇਤਕਰਤਾ ਸ਼ਰਨਜੀਤ ਕੌਰ ਅਨੁਸਾਰ ਉਸ ਦਾ 49 ਸਾਲਾ ਪਤੀ ਹਰਮੀਤ ਸਿੰਘ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ਹਿਰ ਵੱਲ ਜਾ ਰਿਹਾ ਸੀ। ਇਸੇ ਦੌਰਾਨ ਜਿਵੇਂ ਹੀ ਉਹ ਪਾਮ ਇਨਕਲੇਵ ਕਲੋਨੀ ਦੇ ਲਾਗੇ ਪਹੁੰਚਿਆ ਇੱਕ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਗੰਭੀਰ ਰੂਪ ਵਿੱਚ ਜ਼ਖ਼ਮੀ ਹਰਮੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਚਾਲਕ ਦੀ ਹੋਈ ਮੌਕੇ ਤੇ ਮੌਤ ਆਟੋ ਦੇ ਉਡੇ ਪਰਖੱਚੇ
ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ਥਾਣਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਧਰੌੜ ਵਿੱਚ ਵਾਪਰੀ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਆਟੋ ਚਾਲਕ ਸਤਨਾਮ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸਦਾ ਪਤੀ ਆਟੋ ਰਿਕਸ਼ਾ ਚਲਾਉਂਦਾ ਸੀ। ਉਹ ਆਪਣਾ ਕੰਮ ਖਤਮ ਕਰਕੇ ਰਿਕਸ਼ਾ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਵਾਪਸ ਆ ਰਹੇ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਕੰਟੇਨਰ ਟਰੱਕ ਨੇ 'ਤੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਆਟੋ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ 42 ਸਾਲਾ ਸਤਨਾਮ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਨ੍ਹਾਂ ਦੀ ਜਾਨ ਨਹੀਂ ਬਚਾ ਸਕੇ। ਇਸ ਹਾਦਸੇ ਵਿੱਚ ਆਟੋ ਵੀ ਪੂਰੀ ਤਰਹਾਂ ਨੁਕਸਾਨਿਆ ਗਿਆ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਟਰੱਕ ਚਾਲਕ ਕੁਲਵਿੰਦਰ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਕਰ ਰਹੀ ਹੈ।
ਤਿੰਨਾਂ ਘਟਨਾਵਾਂ ਤੋਂ ਬਾਅਦ ਸੰਬੰਧਿਤ ਥਾਣਿਆਂ ਦੀ ਪੁਲਿਸ ਨੇ ਮਾਮਲੇ ਦਰਜ ਕਰਕੇ ਹਾਦਸਿਆਂ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦਰਦਨਾਕ ਹਾਦਸਿਆਂ ਨੇ ਇੱਕ ਵਾਰ ਫਿਰ ਸੜਕਾਂ 'ਤੇ ਤੇਜ਼ ਰਫ਼ਤਾਰੀ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਗੰਭੀਰ ਨਤੀਜਿਆਂ ਵੱਲ ਧਿਆਨ ਖਿੱਚਿਆ ਹੈ।