ਡਰੱਗ ਸੈਂਸੇਜ਼ ’ਚ ਡਿਊਟੀਆਂ ਖ਼ਿਲਾਫ਼ ਡੀਸੀ ਨੂੰ ਮਿਲਿਆ ਡੈਪੂਟੇਸ਼ਨ
ਡਰੱਗ ਸੈਂਸਸ ਵਿੱਚ ਡਿਊਟੀਆਂ ਖਿਲਾਫ ਡੀਸੀ ਨੂੰ ਮਿਲਿਆ ਮਾਸ ਡੈਪੂਟੇਸ਼ਨ
Publish Date: Fri, 19 Jun 2026 07:23 PM (IST)
Updated Date: Sat, 20 Jun 2026 04:07 AM (IST)

-ਡਰੱਗ ਤੇ ਆਰਥਿਕ ਗਣਨਾ ’ਚ ਅਧਿਆਪਕਾਂ ਦੀਆਂ ਦੂਹਰੀਆਂ ਡਿਊਟੀਆਂ ਲਾਉਣ ਦਾ ਵਿਰੋਧ ਰਵੀ, ਪੰਜਾਬੀ ਜਾਗਰਣ, ਲੁਧਿਆਣਾ ਸਰਕਾਰ ਵੱਲੋਂ ਕਰਵਾਈ ਜਾ ਰਹੀ ਡਰੱਗ ਅਤੇ ਸਮਾਜਿਕ-ਆਰਥਿਕ ਜਨਗਣਨਾ ਵਿੱਚ ਅਧਿਆਪਕਾਂ ਦੀਆਂ ਥੋਕ ਡਿਊਟੀਆਂ ਲਗਾਉਣ ਵਿਰੁੱਧ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਲੁਧਿਆਣਾ ਵੱਲੋਂ ਮਾਸ ਡੈਪੂਟੇਸ਼ਨ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਪਾਲ ਗਿੱਲ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੂੰ ਮਿਲਿਆ। ਇਸ ਮੌਕੇ ਵਫਦ ਵੱਲੋਂ ਡੀਸੀ ਨਾਲ ਅਧਿਆਪਕਾਂ ਦੀਆਂ ਜਬਰੀ ਲਗਾਈਆਂ ਜਾ ਰਹੀਆਂ ਡਿਊਟੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਮੰਗ ਪੱਤਰ ਵੀਂ ਸੌਂਪਿਆ ਗਿਆ। ਵਫ਼ਦ ਵਿੱਚ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ, ਮਨਪ੍ਰੀਤ ਸਿੰਘ ਸਮਰਾਲਾ, ਜਗਦੀਪ ਸਿੰਘ, ਜੰਗਪਾਲ ਸਿੰਘ ਰਾਏਕੋਟ, ਜਸਵਿੰਦਰ ਸਿੰਘ ਐਤੀਆਣਾ, ਵਰਿੰਦਰ ਕੌਰ, ਬਰਜਿੰਦਰ ਸਿੰਘ ਅਤੇ ਗੀਤਾ ਸਹਿਗਲ ਸ਼ਾਮਲ ਹੋਏ। ਆਪਣੇ ਬਿਆਨ ਚ ਆਗੂਆਂ ਨੇ ਕਿਹਾ ਕਿ ਸਰਕਾਰੀ ਅਧਿਆਪਕ ਪਿਛਲੇ ਦੋ ਮਹੀਨਿਆਂ ਤੋਂ ਵੱਖ ਵੱਖ ਤਰ੍ਹਾਂ ਦੀਆਂ ਗ਼ੈਰ ਵਿੱਦਿਅਕ ਡਿਊਟੀਆਂ ਵਿਚ ਹਨ ਜਿਸ ਕਾਰਨ ਸਕੂਲਾਂ ਦੇ ਲੱਖਾਂ ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਅਧਿਆਪਕਾਂ ਕੋਲੋਂ ਬੀਐੱਲਓ ਅਤੇ ਐੱਸਆਈਆਰ ਦਾ ਕੰਮ ਲਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਹਜ਼ਾਰਾਂ ਅਧਿਆਪਕਾਂ ਨੂੰ ਜਨਗਣਨਾ 2027 ਵਿੱਚ ਝੋਕਿਆ ਹੋਇਆ ਹੈ ਤੇ ਤੀਸਰੇ ਪਾਸੇ ਇਨ੍ਹਾਂ ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਡਰੱਗ ਅਤੇ ਆਰਥਿਕ ਗਣਨਾ ਵਿੱਚ ਜਬਰੀ ਧੱਕਿਆ ਜਾ ਰਿਹਾ ਹੈ, ਜਦਕਿ ਪੰਜਾਬ ਸਰਕਾਰ ਵੱਲੋਂ ਡਰੱਗ ਸੈਂਸੇਜ਼ ਦੀ ਡਿਊਟੀ ਨੂੰ ਪੂਰੀ ਤਰ੍ਹਾਂ ਇੱਛਾ ਅਧਾਰਿਤ ਡਿਊਟੀ ਦੱਸਿਆ ਜਾ ਰਿਹਾ ਹੈ। ਸਿਰਫ ਉਨ੍ਹਾਂ ਅਧਿਆਪਕਾਂ ਦੀ ਡਿਊਟੀ ਲਗਾਈ ਜਾ ਸਕਦੀ ਹੈ ਜਿਹੜੇ ਆਪਣੇ ਸਵੈਇੱਛਾ ਅਨੁਸਾਰ ਡਿਊਟੀ ਕਰਨਾ ਚਾਹੁੰਦੇ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਡਿਊਟੀਆਂ ਲਗਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੱਖਪਾਤੀ ਰਵੱਈਆ ਅਪਣਾਇਆ ਜਾਂਦਾ ਹੈ ਅਤੇ ਜਿਹੜੇ ਅਧਿਆਪਕ ਇੱਕ ਡਿਊਟੀ ਕਰ ਲੈਂਦੇ ਹਨ, ਦੂਸਰੀ ਵਾਰ ਵੀ ਉਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਅਧਿਆਪਕ ਆਗੂਆਂ ਨਾਲ ਕੁੱਝ ਫੈਸਲੇ ਮੌਕੇ ਤੇ ਹੀ ਕੀਤੇ ਗਏ। ਉਨ੍ਹਾਂ ਵੱਲੋਂ ਪਹਿਲਾਂ ਜਨਗਣਨਾ ਡਿਊਟੀਆਂ ਜਾਂ ਹੋਰ ਡਿਊਟੀ ਨਿਭਾਅ ਚੁੱਕੇ ਅਧਿਆਪਕਾਂ ਦੀਆਂ ਡਰੱਗ ਸੈਂਸਸ ਵਿੱਚ ਦੁਬਾਰਾ ਡਿਊਟੀਆਂ ਨਾ ਲਗਾਉਣ ਸਬੰਧੀ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਆਗੂਆਂ ਵੱਲੋਂ ਕਿਹਾ ਗਿਆ ਜੇ ਮੀਟਿੰਗ ਵਿੱਚ ਵਿਚਾਰੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਏਗਾ। ਇਸ ਮੌਕੇ ਕੁਲਵਿੰਦਰ ਕੌਰ, ਪੂਨਮ ਰਾਣੀ, ਕੰਵਲਦੀਪ ਕੌਰ, ਅਮਨਦੀਪ ਕੌਰ, ਅੰਜੂ ਬਾਲਾ, ਲਵਲੀਨ ਸੈਣੀ, ਸੋਨਜੀਤ ਕੌਰ, ਗੁਰਪ੍ਰੀਤ ਕੌਰ, ਤਵਨੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਮੁਲਾਜ਼ਮ ਹਾਜ਼ਰ ਸਨ।