ਧਰਨੇ ਅਤੇ ਟਰੈਫਿਕ ਜਾਮ ਦੀ ਸੂਚਨਾ ਮਿਲਣ ‘ਤੇ ਜੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋ ਮੌਕੇ ‘ਤੇ ਪੁੱਜੇ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਡੇਅਰੀ ਮਾਲਕਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਸਮੱਸਿਆਵਾਂ ਦੇ ਹੱਲ ਲਈ ਜਲਦ ਠੋਸ ਕਦਮ ਚੁੱਕੇ ਜਾਣਗੇ।

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ। ਹੰਬੜਾ ਰੋਡ ਡੇਅਰੀ ਕੰਪਲੈਕਸ ਵਿੱਚ ਵਿੱਚ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ ਨੂੰ ਲੈ ਕੇ ਹੰਬੜਾ ਰੋਡ ਡੇਅਰੀ ਐਸੋਸੀਏਸ਼ਨ ਵੱਲੋਂ ਸੋਮਵਾਰ ਨੂੰ ਪ੍ਰਧਾਨ ਕੁਲਦੀਪ ਸਿੰਘ ਲਹੌਰੀਆ ਦੀ ਅਗਵਾਈ ਹੇਠ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਡੇਅਰੀ ਮਾਲਕਾਂ ਨੇ ਆਪਣੀਆਂ ਮੰਗਾਂ ਵੱਲ ਪ੍ਰਸ਼ਾਸਨ ਦਾ ਧਿਆਨ ਖਿੱਚਣ ਲਈ ਸੜਕ ‘ਤੇ ਗੋਬਰ ਸੁੱਟ ਕੇ ਆਵਾਜਾਈ ਠੱਪ ਕਰ ਦਿੱਤੀ, ਜਿਸ ਕਾਰਨ ਕਰੀਬ ਦੋ ਘੰਟਿਆਂ ਤੱਕ ਟਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਅਤੇ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਹੰਬੜਾ ਰੋਡ ਡੇਅਰੀ ਕੰਪਲੈਕਸ ਅਤੇ ਇਸ ਨਾਲ ਜੁੜੀਆਂ ਗਲੀਆਂ ਵਿੱਚ ਗੋਬਰ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਈ ਮਹੀਨਿਆਂ ਤੋਂ ਬਣੀ ਹੋਈ ਹੈ। ਇਸ ਸਬੰਧੀ ਉਹ ਕਈ ਵਾਰ ਨਗਰ ਨਿਗਮ ਅਧਿਕਾਰੀਆਂ, ਨਿਗਮ ਕਮਿਸ਼ਨਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦੇ ਚੁੱਕੇ ਹਨ, ਪਰ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਡੇਅਰੀ ਕਾਰੋਬਾਰ ਨਾਲ ਜੁੜੇ ਲੋਕਾਂ ਅਤੇ ਇਲਾਕਾ ਵਾਸੀਆਂ ਨੂੰ ਰੋਜ਼ਾਨਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਲਹੌਰੀਆ ਨੇ ਕਿਹਾ ਕਿ ਜੇਕਰ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕੀਤਾ ਜਾਂਦਾ ਤਾਂ ਉਨ੍ਹਾਂ ਨੂੰ ਸੜਕਾਂ ‘ਤੇ ਉਤਰਣ ਲਈ ਮਜਬੂਰ ਨਾ ਹੋਣਾ ਪੈਂਦਾ। ਉਨ੍ਹਾਂ ਕਿਹਾ ਕਿ ਗੋਬਰ ਅਤੇ ਗੰਦੇ ਪਾਣੀ ਦੀ ਸਹੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਸਥਿਤੀ ਦਿਨੋਂ-ਦਿਨ ਗੰਭੀਰ ਬਣਦੀ ਜਾ ਰਹੀ ਹੈ।
ਧਰਨੇ ਅਤੇ ਟਰੈਫਿਕ ਜਾਮ ਦੀ ਸੂਚਨਾ ਮਿਲਣ ‘ਤੇ ਜੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋ ਮੌਕੇ ‘ਤੇ ਪੁੱਜੇ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਡੇਅਰੀ ਮਾਲਕਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਸਮੱਸਿਆਵਾਂ ਦੇ ਹੱਲ ਲਈ ਜਲਦ ਠੋਸ ਕਦਮ ਚੁੱਕੇ ਜਾਣਗੇ। ਜੋਨਲ ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਡੇਅਰੀ ਐਸੋਸੀਏਸ਼ਨ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਅਤੇ ਸੜਕ ਤੋਂ ਗੋਬਰ ਹਟਾ ਕੇ ਆਵਾਜਾਈ ਮੁੜ ਬਹਾਲ ਕਰ ਦਿੱਤੀ।
ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।