ਪਰਮਿਸ਼ਨ ਤੋਂ ਪਹਿਲਾਂ ਹੀ ਲੁਧਿਆਣਾ ਦੀ ਦਾਣਾ ਮੰਡੀ ’ਚ ਸਜਣ ਲੱਗੀਆਂ ਪਟਾਕਿਆਂ ਦੀਆਂ ਦੁਕਾਨਾਂ, ਮਾਰਕੀਟ ਕਮੇਟੀ ਨੇ ਠੇਕੇਦਾਰ ਨੂੰ ਦਿੱਤੀ ਚਿਤਾਵਨੀ
ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਗੁਪਤ ਸੂਤਰਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਕਿ ਉਕਤ ਠੇਕੇਦਾਰ ਵੱਲੋਂ ਦੁਕਾਨਾਂ ਬਣਾਉਣ ਦੇ ਨਾਂ ’ਤੇ ਕਥਿਤ ਤੌਰ ’ਤੇ ਪ੍ਰਤੀ ਦੁਕਾਨ 50 ਹਜ਼ਾਰ ਰੁਪਏ ਤੱਕ ਵਸੂਲਣ ਦੇ ਦੋਸ਼ ਲੱਗ ਰਹੇ ਹਨ। ਦੂਜੇ ਪਾਸੇ, ਮੰਡੀ ਵਿੱਚ ਪਹਿਲਾਂ ਤੋਂ ਬਣੇ ਸ਼ੈੱਡਾਂ ਨਾਲ ਛੇੜਛਾੜ ਕਰਕੇ ਉਨ੍ਹਾਂ ਵਿੱਚ ਡਰਿਲ ਅਤੇ ਵੈਲਡਿੰਗ ਰਾਹੀਂ ਲੋਹੇ ਦੀਆਂ ਪਾਈਪਾਂ ਲਗਾ ਕੇ ਦੁਕਾਨਾਂ ਤਿਆਰ ਕੀਤੀਆਂ ਜਾ ਰਹੀਆਂ ਸਨ।
Publish Date: Mon, 02 Nov 2026 03:23 PM (IST)
Updated Date: Mon, 02 Nov 2026 03:27 PM (IST)
ਗੌਰਵ ਸਲੂਜਾ, ਪੰਜਾਬੀ ਜਾਗਰਣ ਲੁਧਿਆਣਾ : ਦੀਵਾਲੀ ਦਾ ਤਿਉਹਾਰ ਨੇੜੇ ਆਉਂਦੇ ਹੀ ਜਲੰਧਰ ਬਾਈਪਾਸ ਰੋਡ ਸਥਿਤ ਦਾਣਾ ਮੰਡੀ ਵਿੱਚ ਪਟਾਕਿਆਂ ਦੀਆਂ ਦੁਕਾਨਾਂ ਲਾਉਣ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪ੍ਰਸ਼ਾਸਨ ਵੱਲੋਂ ਇਸ ਵਾਰ ਪਟਾਕਿਆਂ ਦੀਆਂ 40 ਦੁਕਾਨਾਂ ਲਈ ਡਰਾਅ ਕੱਢੇ ਗਏ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਡਰਾਅ ਵਿੱਚ ਦੁਕਾਨਾਂ ਹਾਸਲ ਕਰਨ ਵਾਲੇ ਵਿਅਕਤੀਆਂ ਦੀ ਅਧਿਕਾਰਤ ਸੂਚੀ ਮਾਰਕੀਟ ਕਮੇਟੀ ਦੇ ਸਕੱਤਰ ਕੋਲ ਨਹੀਂ ਪਹੁੰਚੀ। ਇਸ ਦੇ ਬਾਵਜੂਦ ਇੱਕ ਠੇਕੇਦਾਰ ਵੱਲੋਂ ਕਥਿਤ ਤੌਰ ’ਤੇ ਬਿਨਾਂ ਕਿਸੇ ਮਨਜ਼ੂਰੀ ਦੇ ਦਾਣਾ ਮੰਡੀ ਵਿੱਚ ਦੁਕਾਨਾਂ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਗੁਪਤ ਸੂਤਰਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਕਿ ਉਕਤ ਠੇਕੇਦਾਰ ਵੱਲੋਂ ਦੁਕਾਨਾਂ ਬਣਾਉਣ ਦੇ ਨਾਂ ’ਤੇ ਕਥਿਤ ਤੌਰ ’ਤੇ ਪ੍ਰਤੀ ਦੁਕਾਨ 50 ਹਜ਼ਾਰ ਰੁਪਏ ਤੱਕ ਵਸੂਲਣ ਦੇ ਦੋਸ਼ ਲੱਗ ਰਹੇ ਹਨ। ਦੂਜੇ ਪਾਸੇ, ਮੰਡੀ ਵਿੱਚ ਪਹਿਲਾਂ ਤੋਂ ਬਣੇ ਸ਼ੈੱਡਾਂ ਨਾਲ ਛੇੜਛਾੜ ਕਰਕੇ ਉਨ੍ਹਾਂ ਵਿੱਚ ਡਰਿਲ ਅਤੇ ਵੈਲਡਿੰਗ ਰਾਹੀਂ ਲੋਹੇ ਦੀਆਂ ਪਾਈਪਾਂ ਲਗਾ ਕੇ ਦੁਕਾਨਾਂ ਤਿਆਰ ਕੀਤੀਆਂ ਜਾ ਰਹੀਆਂ ਸਨ। ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਮਾਰਕੀਟ ਕਮੇਟੀ ਦੀ ਟੀਮ ਹਰਕਤ ਵਿੱਚ ਆਈ ਅਤੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ।
ਮਾਰਕੀਟ ਕਮੇਟੀ ਦੇ ਸਕੱਤਰ ਵੱਲੋਂ ਬਿਨਾਂ ਮਨਜ਼ੂਰੀ ਦੁਕਾਨਾਂ ਤਿਆਰ ਕਰਨ ਵਾਲੇ ਠੇਕੇਦਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਬਿਨਾਂ ਪਰਮਿਸ਼ਨ ਦੇ ਦੁਕਾਨਾਂ ਬਣਾਉਣ ਦਾ ਕੰਮ ਜਾਰੀ ਰੱਖਿਆ ਗਿਆ ਤਾਂ ਟਰੈਕਟਰ-ਟਰਾਲੀ ਦੀ ਮਦਦ ਨਾਲ ਉੱਥੇ ਪਿਆ ਸਾਰਾ ਸਾਮਾਨ ਜ਼ਬਤ ਕਰ ਲਿਆ ਜਾਵੇਗਾ ਅਤੇ ਸਬੰਧਤ ਵਿਅਕਤੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਉਨ੍ਹਾਂ ਪਟਾਕਿਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਵੀ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਅਧਿਕਾਰਤ ਸੂਚੀ ਅਤੇ ਲੋੜੀਂਦੀ ਮਨਜ਼ੂਰੀ ਮਾਰਕੀਟ ਕਮੇਟੀ ਨੂੰ ਪ੍ਰਾਪਤ ਨਹੀਂ ਹੁੰਦੀ, ਉਦੋਂ ਤੱਕ ਕਿਸੇ ਵੀ ਵਿਅਕਤੀ ਨੂੰ ਦੁਕਾਨ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਕੋਈ ਵਿਅਕਤੀ ਪਹਿਲਾਂ ਹੀ ਉੱਥੇ ਆਪਣਾ ਸਾਮਾਨ ਰੱਖਦਾ ਹੈ ਤਾਂ ਉਸ ਨੂੰ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਡਰਾਅ ਦੀ ਸੂਚੀ ਆਉਣ ਤੋਂ ਬਾਅਦ ਸਿਰਫ਼ ਉਨ੍ਹਾਂ ਹੀ ਵਿਅਕਤੀਆਂ ਨੂੰ ਦੁਕਾਨਾਂ ਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਦੇ ਨਾਂ ਅਧਿਕਾਰਤ ਤੌਰ ’ਤੇ ਸਾਹਮਣੇ ਆਉਣਗੇ।
ਲੱਖਾਂ ਰੁਪਏ 'ਚ ਦੁਕਾਨਾਂ ਅੱਗੇ ਵੇਚਣ ਦੀ ਵੀ ਚਰਚਾ
ਇਸ ਪੂਰੇ ਮਾਮਲੇ 'ਚ ਇਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆ ਰਹੀ ਹੈ। ਗੁਪਤ ਸੂਤਰਾਂ ਅਨੁਸਾਰ ਚਰਚਾ ਹੈ ਕਿ ਡਰਾਅ ਰਾਹੀਂ ਦੁਕਾਨਾਂ ਹਾਸਲ ਕਰਨ ਵਾਲੇ ਕੁਝ ਵਿਅਕਤੀਆਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਹੀ ਲੱਖਾਂ ਰੁਪਏ ਵਿੱਚ ਹੋਰਨਾਂ ਨੂੰ ਵੇਚੀਆਂ ਜਾ ਰਹੀਆਂ ਹਨ। ਜੇਕਰ ਇਨ੍ਹਾਂ ਦੋਸ਼ਾਂ ਵਿੱਚ ਸੱਚਾਈ ਹੈ ਤਾਂ ਇਹ ਜਾਂਚ ਦਾ ਵਿਸ਼ਾ ਹੈ ਕਿ ਆਖ਼ਰ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਅਲਾਟਮੈਂਟ ਦੀਆਂ ਸ਼ਰਤਾਂ ਦੇ ਬਾਵਜੂਦ ਦੁਕਾਨਾਂ ਦੀ ਅੱਗੇ ਵਿਕਰੀ ਕਿਵੇਂ ਹੋ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਅਤੇ ਮਾਰਕੀਟ ਕਮੇਟੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਅਜਿਹੇ ਵਿਅਕਤੀਆਂ ਖ਼ਿਲਾਫ਼ ਕੀ ਕਾਰਵਾਈ ਕਰਦੇ ਹਨ।