
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਕਾਂਗਰਸ ਵਿਰੋਧੀ ਧਿਰ ਵਜੋਂ ਲੋਕਾਂ ਦੇ ਮੁੱਦੇ ਮਜ਼ਬੂਤੀ ਨਾਲ ਉਠਾ ਰਹੀ ਹੈ। ਪਾਰਟੀ ਕੋਲ ਪੰਜਾਬ ਦੀ ਅਗਵਾਈ ਲਈ ਤਜਰਬੇਕਾਰ ਆਗੂਆਂ ਦੀ ਟੀਮ ਹੈ ਅਤੇ ਸਰਕਾਰ ਤੋਂ ਜਵਾਬਦੇਹੀ ਮੰਗੀ ਜਾਂਦੀ ਰਹੇਗੀ।

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਲੁਧਿਆਣਾ ਵਿਖੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਪੁੱਜ ਕੇ ਮੁਲਾਕਾਤ ਕੀਤੀ। ਤਿੰਨਾਂ ਆਗੂਆਂ ਵਿਚਕਾਰ ਲੰਬੀ ਗੱਲਬਾਤ ਦੌਰਾਨ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਅਤੇ ਕਾਂਗਰਸ ਨੂੰ ਮਜ਼ਬੂਤ ਕਰਨ ਸਬੰਧੀ ਚਰਚਾ ਹੋਈ।
ਮੀਟਿੰਗ ਮਗਰੋਂ ਰੰਧਾਵਾ ਨੇ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਚੰਨੀ, ਆਸ਼ੂ ਅਤੇ ਉਹ ਖੁਦ ਇਕੱਠੇ ਖੜ੍ਹੇ ਹਨ। ਰੰਧਾਵਾ ਨੇ ਕਿਹਾ ਕਿ ਪੰਜਾਬ ਨੂੰ ਚੰਨੀ ਵਰਗੇ ਮੁੱਖ ਮੰਤਰੀ ਦੀ ਲੋੜ ਹੈ, ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਸਮੇਂ ਸਿਰ ਫ਼ੈਸਲੇ ਲੈ ਸਕੇ।
ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਕਾਂਗਰਸ ਵਿਰੋਧੀ ਧਿਰ ਵਜੋਂ ਲੋਕਾਂ ਦੇ ਮੁੱਦੇ ਮਜ਼ਬੂਤੀ ਨਾਲ ਉਠਾ ਰਹੀ ਹੈ। ਪਾਰਟੀ ਕੋਲ ਪੰਜਾਬ ਦੀ ਅਗਵਾਈ ਲਈ ਤਜਰਬੇਕਾਰ ਆਗੂਆਂ ਦੀ ਟੀਮ ਹੈ ਅਤੇ ਸਰਕਾਰ ਤੋਂ ਜਵਾਬਦੇਹੀ ਮੰਗੀ ਜਾਂਦੀ ਰਹੇਗੀ।
ਰੰਧਾਵਾ ਨੇ ਕਿਹਾ ਕਿ ਫੂਡ ਸਿਕਿਉਰਿਟੀ, ਅਨਾਜ ਦੀ ਸਟੋਰੇਜ ਅਤੇ ਗੋਦਾਮਾਂ ’ਚ ਪਏ ਰਾਸ਼ਨ ਸਮੇਤ ਕਈ ਮੁੱਦਿਆਂ ’ਤੇ ਸਟੈਂਡਿੰਗ ਕਮੇਟੀ ਦੀ ਬੈਠਕ ’ਚ ਚਰਚਾ ਹੋਵੇਗੀ। ਅਧਿਕਾਰੀਆਂ ਤੋਂ ਅਨਾਜ ਦੀ ਸਥਿਤੀ, ਗੋਦਾਮਾਂ ’ਚ ਉਪਲਬਧ ਥਾਂ ਅਤੇ ਸਟੋਰੇਜ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਜਾਵੇਗੀ। ਉਨ੍ਹਾਂ ਖਾਦ ਨਾਲ ਜੁੜੇ ਮਾਮਲਿਆਂ ਅਤੇ ਇਕ ਸਬ-ਇੰਸਪੈਕਟਰ ਦੀ ਗ੍ਰਿਫ਼ਤਾਰੀ ਸਬੰਧੀ ਵੀ ਸਰਕਾਰ ਤੋਂ ਜਵਾਬ ਮੰਗਣ ਦੀ ਗੱਲ ਕਹੀ।
ਰਾਜੇ ਦੇ ਸ਼ਹਿਰ ’ਚ ਤਿੰਨਾਂ ਦੀ ਮੀਟਿੰਗ ਨੇ ਛੇੜੀ ਨਵੀਂ ਚਰਚਾ
ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਲਕੇ ’ਚ ਚੰਨੀ, ਰੰਧਾਵਾ ਅਤੇ ਆਸ਼ੂ ਦੀ ਮੀਟਿੰਗ ਨੇ ਸਿਆਸੀ ਚਰਚਾ ਛੇੜ ਦਿੱਤੀ ਹੈ। ਪਿਛਲੇ ਸਮੇਂ ਆਸ਼ੂ ਸਮਰਥਕਾਂ ਨੂੰ ਲੈ ਕੇ ਹੋਈ ਬਿਆਨਬਾਜ਼ੀ ਦੇ ਮੱਦੇਨਜ਼ਰ ਤਿੰਨਾਂ ਆਗੂਆਂ ਦੀ ਇਹ ਮੁਲਾਕਾਤ ਆਉਣ ਵਾਲੇ ਸਮੇਂ ’ਚ ਕਾਂਗਰਸ ਦੇ ਸਿਆਸੀ ਸਮੀਕਰਨਾਂ ਲਈ ਅਹਿਮ ਮੰਨੀ ਜਾ ਰਹੀ ਹੈ।