ਕੰਪਿਊਟਰ ਅਧਿਆਪਕਾਂ ਵੱਲੋਂ ਸੜਕਾਂ 'ਤੇ ਆਰ-ਪਾਰ ਦੇ ਮਹਾ ਸੰਘਰਸ਼ ਦਾ ਐਲਾਨ
ਕੰਪਿਊਟਰ ਅਧਿਆਪਕਾਂ ਵੱਲੋਂ ਸੜਕਾਂ 'ਤੇ ਆਰ-ਪਾਰ ਦੇ ਮਹਾ ਸੰਘਰਸ਼ ਦਾ ਐਲਾਨ
Publish Date: Wed, 24 Jun 2026 07:40 PM (IST)
Updated Date: Thu, 25 Jun 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਖੰਨਾ : ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਉਦਾਸੀਨ ਰਵੱਈਏ ਅਤੇ ਵਾਅਦਾਖਿਲਾਫੀ ਖਿਲਾਫ ਇੱਕ ਵਾਰ ਫਿਰ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਆਪਣੇ ਹੱਕਾਂ ਦੀ ਬਹਾਲੀ ਲਈ ਅਧਿਆਪਕਾਂ ਵੱਲੋਂ ਸਰਕਾਰ ਵਿਰੁੱਧ ਵੱਡਾ ਮਹਾ ਸੰਘਰਸ਼ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸੰਗਰੂਰ ਦੀਆਂ ਸੜਕਾਂ ’ਤੇ ਤਿੱਖਾ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ। ਇਸ ਸਬੰਧੀ ਕੰਪਿਊਟਰ ਫੈਕਲਟੀ ਐਸੋਸੀਏਸ਼ਨ ਪੰਜਾਬ ਦੀ ਇੱਕ ਅਹਿਮ ਆਨਲਾਈਨ ਮੀਟਿੰਗ ਪ੍ਰਦੀਪ ਕੁਮਾਰ ਮਲੂਕਾ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਲਖਵਿੰਦਰ ਸਿੰਘ ਫ਼ਿਰੋਜ਼ਪੁਰ, ਜਸਪਾਲ ਫ਼ਤਹਿਗੜ੍ਹ ਸਾਹਿਬ, ਦਵਿੰਦਰ ਪਾਠਕ, ਪਰਮਵੀਰ ਸਿੰਘ ਪੰਮੀ, ਹਰਚਰਨ ਸਿੰਘ, ਅਤੇ ਜਤਿੰਦਰ ਸਿੰਘ ਸੋਢੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਕੰਪਿਊਟਰ ਅਧਿਆਪਕਾਂ ਨੂੰ ਹਲਕੇ ਵਿੱਚ ਲੈਣ ਦੀ ਭੁੱਲ ਨਾ ਕਰੇ। ਕੰਪਿਊਟਰ ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ, ਉਸ ਦੇ ਮੰਤਰੀ ਅਤੇ ਉੱਚ ਅਧਿਕਾਰੀ ਅਧਿਆਪਕਾਂ ਦੇ ਹੱਕਾਂ ਨੂੰ ਬਹਾਲ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਸਰਕਾਰ ਕੋਲੋਂ ਉਨਾਂ ਨੂੰ ਆਪਣੇ ਜਾਇਜ਼ ਹੱਕਾਂ ਦੀ ਬਜਾਏ ਸਿਰਫ ਖੋਖਲੇ ਲਾਰੇ ਹੀ ਮਿਲੇ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਖ-ਵੱਖ ਸਮਿਆਂ ’ਤੇ ਕੰਪਿਊਟਰ ਅਧਿਆਪਕਾਂ ਦੇ ਹੱਕਾਂ ਨੂੰ ਬਹਾਲ ਕਰਨ ਦਾ ਐਲਾਨ ਕਰਕੇ ਹੁਣ ਆਪਣੇ ਬਿਆਨਾਂ ਤੋਂ ਪੂਰੀ ਤਰ੍ਹਾਂ ਮੁੱਕਰ ਚੁੱਕੇ ਹਨ, ਜਿਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਹੈ। ਆਗੂਆਂ ਨੇ ਐਲਾਨ ਕੀਤਾ ਕਿ ਹੁਣ ਕੰਪਿਊਟਰ ਅਧਿਆਪਕਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ ਅਤੇ ਹੁਣ ਸਾਲ 2024 ਦੀ ਤਰ੍ਹਾਂ ਇੱਕ ਵਾਰ ਫਿਰ ਸੰਗਰੂਰ ਦੀਆਂ ਸੜਕਾਂ ’ਤੇ ਮਹਾਂ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਸੰਘਰਸ਼ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ-ਨਾਲ ਪਾਰਟੀ ਪ੍ਰਧਾਨ ਅਮਨ ਅਰੋੜਾ ਦੇ ਨਿਵਾਸ ਸਥਾਨਾਂ ਅੱਗੇ ਲਗਾਤਾਰ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ। ਇਸ ਤੋਂ ਇਲਾਵਾ ਹਲਕਾ ਸੰਗਰੂਰ, ਧੂਰੀ ਅਤੇ ਸੁਨਾਮ ਦੇ ਨਾਲ-ਨਾਲ ਪੂਰੇ ਪੰਜਾਬ ਵਿੱਚ ਸਰਕਾਰ ਵੱਲੋਂ ਕੀਤੀ ਗਈ ਵਾਅਦਾਖਿਲਾਫੀ ਦੀ ਪੂਰੀ ਕਹਾਣੀ ਬਿਆਨ ਕਰਦੇ ਹੋਏ ਪੋਸਟਰ ਘਰ-ਘਰ ਜਾ ਕੇ ਵੰਡੇ ਜਾਣਗੇ ਅਤੇ ਪੰਜਾਬ ਦੇ ਹਰ ਸ਼ਹਿਰ ਦੇ ਵੱਡੇ ਚੌਕਾਂ ਵਿਚ ਕੰਪਿਊਟਰ ਅਧਿਆਪਕਾਂ ਦੇ ਨਾਲ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਅਨਿਆਂ ਦੀ ਕਹਾਣੀ ਬਿਆਨ ਕਰਦੇ ਹੋਏ ਵੱਡੇ ਵੱਡੇ ਹੋਰਡਿੰਗਜ਼ ਲਗਾਏ ਜਾਣਗੇ ਤਾਂ ਜੋ ਜਨਤਾ ਦੇ ਸਾਹਮਣੇ ਸਰਕਾਰ ਦਾ ਅਸਲੀ ਚਿਹਰਾ ਨੰਗਾ ਕੀਤਾ ਜਾ ਸਕੇ। ਅਧਿਆਪਕ ਜਥੇਬੰਦੀ ਨੇ ਸਰਕਾਰ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਨਾਂ ਦੀ ਕੋਈ ਵੀ ਨਵੀਂ ਮੰਗ ਨਹੀਂ ਹੈ, ਬਲਕਿ ਉਹ ਚਾਹੁੰਦੇ ਹਨ ਕਿ ਬਾਕੀ ਕਰਮਚਾਰੀਆਂ ਦੀ ਤਰ੍ਹਾਂ ਉਨਾਂ ਨੂੰ ਵੀ ਛੇਵੇਂ ਪੇ ਕਮਿਸ਼ਨ ਦਾ ਲਾਭ ਦਿੰਦੇ ਹੋਏ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਅਤੇ ਸਾਰੇ ਅਧਿਕਾਰ ਬਹਾਲ ਕੀਤੇ ਜਾਣ। ਇਸ ਦੇ ਨਾਲ ਹੀ ਪਿਛਲੇ ਸਮੇਂ ਦੌਰਾਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਕੰਪਿਊਟਰ ਅਧਿਆਪਕਾਂ ਦੇ ਆਸ਼ਰਿਤਾਂ ਨੂੰ ਵਿੱਤੀ ਸਹਾਇਤਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪੁਰਾਣੀ ਪੈਨਸ਼ਨ ਦਾ ਲਾਭ ਵੀ ਲਾਗੂ ਕੀਤਾ ਜਾਵੇ।