ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ, ਦਿਨ ਦੇ ਤਾਪਮਾਨ 'ਚ ਗਿਰਾਵਟ; ਜਾਣੋ 3 ਦਸੰਬਰ ਤਕ ਕਿਵੇਂ ਦਾ ਰਹੇਗਾ ਮੌਸਮ
Punjab Weather Alert : ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਸੂਬੇ ਦਾ ਤਾਪਮਾਨ ਥੋੜ੍ਹਾ-ਥੋੜ੍ਹਾ ਘਟ ਸਕਦਾ ਹੈ। ਜ਼ਿਲ੍ਹਿਆਂ ਦਾ ਘੱਟੋ-ਘੱਟ ਤਾਪਮਾਨ 4 ਤੋਂ 6 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 22 ਤੋਂ 28 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
Publish Date: Sat, 28 Nov 2026 08:59 AM (IST)
Updated Date: Sat, 28 Nov 2026 09:06 AM (IST)
ਡਿਜੀਟਲ ਡੈਸਕ, ਅੰਮ੍ਰਿਤਸਰ : ਪੰਜਾਬ 'ਚ ਠੰਢ ਹੌਲੀ-ਹੌਲੀ ਵਧ ਰਹੀ ਹੈ। ਦਿਨ ਦੇ ਤਾਪਮਾਨ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਪਰ ਰਾਤ ਦਾ ਤਾਪਮਾਨ ਆਮ ਦੇ ਨੇੜੇ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰਾਂ ਤੋਂ ਬਾਹਰ ਖੁੱਲ੍ਹੇ ਮੈਦਾਨਾਂ 'ਚ ਦਿਨ ਦੀ ਸ਼ੁਰੂਆਤ ਹਲਕੀ-ਹਲਕੀ ਧੁੰਦ ਨਾਲ ਹੋ ਰਹੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਵੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਸੂਬੇ ਦਾ ਤਾਪਮਾਨ ਥੋੜ੍ਹਾ-ਥੋੜ੍ਹਾ ਘਟ ਸਕਦਾ ਹੈ। ਜ਼ਿਲ੍ਹਿਆਂ ਦਾ ਘੱਟੋ-ਘੱਟ ਤਾਪਮਾਨ 4 ਤੋਂ 6 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 22 ਤੋਂ 28 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਸੂਬੇ 'ਚ ਦੋ ਦਿਨ ਧੁੰਦ ਦਾ ਯੈਲੋ ਅਲਰਟ ਰਹੇਗਾ
28 ਨਵੰਬਰ: ਸ਼ਨੀਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਲੁਧਿਆਣਾ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ 'ਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
29 ਨਵੰਬਰ: ਐਤਵਾਰ ਨੂੰ ਵੀ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਲੁਧਿਆਣਾ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ 'ਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
30 ਨਵੰਬਰ: ਸੋਮਵਾਰ ਅਤੇ ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਇਸ ਦੌਰਾਨ ਮੌਸਮ ਆਮ ਰਹਿਣ ਦਾ ਅਨੁਮਾਨ ਹੈ।
ਜਾਣੋ 3 ਦਸੰਬਰ ਤਕ ਕਿਹੋ ਜਿਹਾ ਰਹੇਗਾ ਮੌਸਮ
ਬਾਰਿਸ਼: ਪੂਰੇ ਹਫ਼ਤੇ ਦੌਰਾਨ ਸੂਬੇ 'ਚ ਕਿਸੇ ਮਹੱਤਵਪੂਰਨ ਬਾਰਿਸ਼ ਦੀ ਸੰਭਾਵਨਾ ਨਹੀਂ ਹੈ।
- ਵੱਧ ਤੋਂ ਵੱਧ ਤਾਪਮਾਨ: - ਪੱਛਮੀ ਅਤੇ ਦੱਖਣ-ਪੱਛਮੀ ਹਿੱਸਿਆਂ 'ਚ ਤਾਪਮਾਨ 26 ਤੋਂ 28 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।
- ਸੂਬੇ ਦੇ ਬਾਕੀ ਹਿੱਸਿਆਂ 'ਚ ਤਾਪਮਾਨ 22 ਤੋਂ 26 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
- ਹਫ਼ਤੇ ਦੌਰਾਨ ਵੱਧ ਤੋਂ ਵੱਧ ਤਾਪਮਾਨ ਆਮ ਜਾਂ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ।
ਘੱਟੋ-ਘੱਟ ਤਾਪਮਾਨ: - ਉੱਤਰੀ ਅਤੇ ਉੱਤਰ-ਪੱਛਮੀ ਹਿੱਸਿਆਂ 'ਚ ਤਾਪਮਾਨ 4 ਤੋਂ 6 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।
- ਸੂਬੇ ਦੇ ਹੋਰ ਹਿੱਸਿਆਂ 'ਚ ਤਾਪਮਾਨ 6 ਤੋਂ 8 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
- ਪੂਰੇ ਹਫ਼ਤੇ ਦੌਰਾਨ ਘੱਟੋ-ਘੱਟ ਤਾਪਮਾਨ ਆਮ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।
ਵੱਧ ਤੋਂ ਵੱਧ ਤਾਪਮਾਨ 'ਚ ਹਲਕੀ ਗਿਰਾਵਟ ਦਰਜ
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ 'ਚ ਔਸਤ ਵੱਧ ਤੋਂ ਵੱਧ ਤਾਪਮਾਨ 'ਚ 0.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਹਾਲਾਂਕਿ ਇਹ ਆਮ ਦੇ ਨੇੜੇ ਬਣਿਆ ਰਿਹਾ। ਸੂਬੇ 'ਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ 'ਚ 28.5 ਡਿਗਰੀ ਦਰਜ ਕੀਤਾ ਗਿਆ।
ਅੰਮ੍ਰਿਤਸਰ 'ਚ 25.0 ਡਿਗਰੀ, ਲੁਧਿਆਣਾ 'ਚ 25.0 ਡਿਗਰੀ ਅਤੇ ਪਟਿਆਲਾ 'ਚ 25.2 ਡਿਗਰੀ ਤਾਪਮਾਨ ਰਿਹਾ। ਬਠਿੰਡਾ 'ਚ 27.8 ਡਿਗਰੀ ਅਤੇ ਫਿਰੋਜ਼ਪੁਰ (AWS) 'ਚ 27.7 ਡਿਗਰੀ ਦਰਜ ਕੀਤਾ ਗਿਆ। ਗੁਰਦਾਸਪੁਰ 'ਚ 24.4 ਡਿਗਰੀ ਅਤੇ ਥੀਨ ਡੈਮ 'ਚ 23.0 ਡਿਗਰੀ ਤਾਪਮਾਨ ਰਿਹਾ। ਮੋਹਾਲੀ 'ਚ 25.9 ਡਿਗਰੀ ਅਤੇ ਸੰਗਰੂਰ 'ਚ 26.2 ਡਿਗਰੀ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ।