ਬਾਲ ਸਿਰਜਣਾਤਮਕਤਾ ਕੈਂਪ' ਦੀ ਵੱਖ-ਵੱਖ ਵੰਨਗੀਆਂ ਨਾਲ ਸਮਾਪਤੀ
ਬਾਲ ਸਿਰਜਣਾਤਮਕਤਾ ਕੈਂਪ' ਦੀ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਨਾਲ ਸਮਾਪਤੀ
Publish Date: Sun, 28 Jun 2026 07:22 PM (IST)
Updated Date: Mon, 29 Jun 2026 04:05 AM (IST)

ਬੱਚਿਆਂ ਨੂੰ ਸਾਹਿਤ ਨਾਲ ਜੋੜਨ ਤੇ ਮੋਬਾਈਲ, ਟੀਵੀ ਸ਼ੋਸ਼ਲ ਮੀਡੀਆ ਦੀ ਗੰਦੀ ਹਨੇਰੀ ਤੋਂ ਬਚਾਉਣ ਦਾ ਲਿਆ ਪ੍ਰਣ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਨਵੀਂ ਸਵੇਰ ਪਾਠਸ਼ਾਲਾ ਵੱਲੋਂ ਮਜ਼ਦੂਰ ਕਾਲੋਨੀ ਈਡਬਲਿਯੂਐੱਸ ਕਾਲੋਨੀ ਲੁਧਿਆਣਾ ’ਚ 8ਵੇਂ ‘ਬਾਲ ਸਿਰਣਾਤਮਕਤਾ ਕੈਂਪ’ ਦਾ ਸਮਾਪਤੀ ਸਮਾਗਮ ਕੀਤਾ ਗਿਆ। ਇਸ ਸਮਾਗਮ ’ਚ ਬੱਚੇ ਤੇ ਉਨ੍ਹਾਂ ਦੇ ਮਾਤਾ-ਪਿਤਾ ਤੇ ਕਾਲੋਨੀ ਨਿਵਾਸੀ ਹਾਜ਼ਰ ਹੋਏ। ਇਸ ਸੱਭਿਆਚਾਰਕ ਸਮਾਗਮ ’ਚ ਬੱਚਿਆਂ ਨੇ ਗੀਤਾਂ ‘ਕਿਸੀ ਕੀ ਮੁਸਕਰਾਹਟੋਂ ਪਰ ਹੋ ਨਿਸਾਰ , ਯਾਰੋ ਯਹੀ ਦੋਸਤੀ ਹੈ’ ਗਾਏ। ਛੋਟੇ ਬੱਚਿਆਂ ਨੇ ਛੋਟੇ ਛੋਟੇ ਤਮਾਸ਼ੇ ਗਾਣੇ ’ਤੇ ਤੇ ਵੱਡੇ ਬੱਚਿਆਂ ਨੇ ‘ਇੱਕ ਜਿੰਦੜੀ’ ਗਾਣੇ ’ਤੇ ਡਾਂਸ ਕੀਤਾ। 15 ਬੱਚਿਆਂ ਦੀ ਟੀਮ ਨੇ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ਈਦਗਾਹ ’ਤੇ ਨਾਟਕ ਖੇਡਿਆ, ਜਿਸ ਨੂੰ ਦਰਸ਼ਕਾਂ ਨੇ ਬਹੁਤ ਧਿਆਨ ਨਾਲ਼ ਦੇਖਿਆ। ਇਸ ਤੋਂ ਬਿਨਾਂ ਬੱਚਿਆਂ ਨੇ ਕਵਿਤਾਵਾਂ ਦਾ ਪਾਠ ਵੀ ਕੀਤਾ ਤੇ ਰਾਵੀ, ਅੰਸ਼ੂ, ਸਾਹਿਲ, ਸ਼ਿਲਪੀ ਤੇ ਇਸ਼ਿਤਾ ਨੇ ਕੈਂਪ ’ਚ ਨਵੀਆਂ ਨਵੀਆਂ ਗੱਲਾਂ ਸਿੱਖਣ ਤੇ ਡਰਾਇੰਗ ਕਰਨ, ਮਿੱਟੀ ਦੇ ਖਿਡੌਣੇ ਬਣਾਉਣ, ਕਬਾੜ ਦਾ ਜੁਗਾੜ, ਵਿਗਿਆਨਕ ਪ੍ਰਯੋਗ ਕਰਨ ਆਦਿ ਦਾ ਤਜਰਬਾ ਵੀ ਹਾਜ਼ਰ ਲੋਕਾਂ ਨਾਲ਼ ਸਾਂਝਾ ਕੀਤਾ। ਸਟੇਜ ਸੰਚਾਲਨ ਨਵੀਂ ਸਵੇਰ ਪਾਠਸ਼ਾਲਾ ਦੀਆਂ ਵਲੰਟੀਅਰ ਮੌਸਮ ਤੇ ਟੀਨਾ ਨੇ ਕੀਤਾ। ਇਸ ਸਮਾਗਮ ਦੌਰਾਨ ਰਵਿੰਦਰ ਕੌਰ ਨੇ ‘ਸ਼ਹੀਦ ਭਗਤ ਸਿੰਘ ਸਮਾਜ ਵਿਗਿਆਨ ਸੋਸਾਇਟੀ (ਰਜਿ) ਨਾਲ਼ ਸਬੰਧਤ ਨਵੀਂ ਸਵੇਰ ਪਾਠਸ਼ਾਲਾ ਦੇ ਮਕਸਦ ਬਾਰੇ ਹਾਜ਼ਰ ਲੋਕਾਂ ਨਾਲ਼ ਗੱਲ ਕੀਤੀ ਤੇ ਇਸ ਕੈਂਪ ਨੂੰ ਕਰਵਾਉਣ ਦੇ ਮਕਸਦ ਬਾਰੇ ਦੱਸਿਆ। ਅੱਜ ਦੇ ਸਮੇਂ ਬੱਚਿਆਂ ਨੂੰ ਗੰਦਲੇ ਸੱਭਿਆਚਾਰ ਤੋਂ ਬਚਾਉਣ ਤੇ ਉਨ੍ਹਾਂ ਨੂੰ ਚੰਗੇ ਵਿਗਿਆਨਕ ਸੋਚ ਵਾਲੇ ਇਨਸਾਨ ਬਣਾਉਣ ਲਈ ਨਵੀਂ ਸਵੇਰ ਪਾਠਸ਼ਾਲਾ ਹਰ ਸਮੇਂ ਕਾਰਜਸ਼ੀਲ ਹੈ। ਬੱਚਿਆਂ ਨੂੰ ਸਾਹਿਤ ਨਾਲ ਜੋੜਨ, ਮੋਬਾਈਲ ਟੀਵੀ ਸ਼ੋਸ਼ਲ ਮੀਡੀਆ ਦੀ ਗੰਦੀ ਹਨੇਰੀ ਤੋਂ ਬਚਾਉਣਾ ਤੇ ਚੰਗੀਆਂ ਆਦਤਾਂ ਨੂੰ ਵਿਕਸਤ ਕਰਨ ਲਈ ਇਹੋ ਜਿਹੇ ਹੋਰ ਕੈਂਪ ਲਾਉਣ ਦੀ ਲੋੜ ’ਤੇ ਵੀ ਗੱਲ ਕੀਤੀ। ਇਹ ਕੈਂਪ ਬੱਚਿਆਂ, ਉਨ੍ਹਾਂ ਦੇ ਮਾਤਾ-ਪਿਤਾ ਤੇ ਵਲੰਟੀਅਰਜ਼ ਦੇ ਸਿਰ ’ਤੇ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸ ਪ੍ਰੋਗਰਾਮ ਦੇ ਅੰਤ ’ਚ ਇਸ ਕੈਂਪ ਵਿੱਚ ਸ਼ਾਮਲ 60 ਬੱਚਿਆਂ ਨੂੰ ਕਹਾਣੀ ਵਾਲੀਆਂ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਵਲੰਟੀਅਰ ਪੂਜਾ ਨੇ ਸਭ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਨੂੰ ਸਭ ਨੇ ਬਹੁਤ ਉਤਸ਼ਾਹ ਨਾਲ਼ ਦੇਖਿਆ ਤੇ ਅਨੰਦ ਮਾਣਿਆ। ਅੰਤ ਬੱਚਿਆਂ ਨਾਲ ਮਾਤਾ-ਪਿਤਾ ਨਾਲ ਸ਼ਹੀਦ ਭਗਤ ਸਿੰਘ ਸਮਾਜ ਵਿਗਿਆਨ ਸੋਸਾਇਟੀ (ਰਜਿ) ਨਾਲ ਸਬੰਧਤ ਨਵੀਂ ਸਵੇਰ ਪਾਠਸ਼ਾਲਾ ਵੱਲੋਂ ਅਗਲੀਆਂ ਛੁੱਟੀਆਂ ’ਚ ਫਿਰ ਤੋਂ ਕੈਂਪ ਲਾਉਣ ਦਾ ਵਾਅਦਾ ਕੀਤਾ ਗਿਆ।