ਬੱਚਿਆਂ ’ਚ ਖੇਡਾਂ ਦਾ ਜਾਗ ਲਾਉਣਾ ਸਮੇਂ ਦੀ ਮੁੱਖ ਲੋੜ : ਰਾਜਾ ਕਾਹਲੋਂ
ਦੀਪ ਸਿੱਧੂ ਟੀਮ ਵੱਲੋਂ ਹਿਆਤਪੁਰ ਵਿਖੇ ਕਰਵਾਏ ਗਏ ਬੱਚਿਆਂ ਦੇ ਅਥਲੈਟਿਕਸ ਅਤੇ ਦਸਤਾਰ ਮੁਕਾਬਲੇ ,
Publish Date: Tue, 23 Jun 2026 08:17 PM (IST)
Updated Date: Wed, 24 Jun 2026 04:07 AM (IST)

ਦੀਪ ਸਿੱਧੂ ਟੀਮ ਨੇ ਕਰਵਾਏ ਐਥਲੈਟਿਕਸ ਤੇ ਦਸਤਾਰ ਮੁਕਾਬਲੇ ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਅੱਜ ਜਦੋਂ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਠਾਠਾਂ ਮਾਰਦਾ ਵਗ ਰਿਹਾ ਹੈ, ਉਸ ਵੇਲੇ ਨੌਜਵਾਨੀ ਦੇ ਨਾਲ ਨਾਲ ਛੋਟੇ ਬੱਚਿਆਂ ਨੂੰ ਇਸ ਦਰਿਆ ’ਚ ਡੁੱਬਣ ਤੋਂ ਬਚਾਉਣ ਲਈ ਖੇਡ ਗਰਾਊਂਡਾਂ ਦਾ ਹੋਣਾ ਤੇ ਖੇਡ ਗਰਾਊਂਡਾਂ ਦੇ ਨਾਲ ਛੋਟੇ ਬੱਚਿਆਂ ਨੂੰ ਜੋੜਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦੀਪ ਸਿੱਧੂ ਟੀਮ ਤੇ ਮੈਂਬਰ ਰਾਜਾ ਕਾਹਲੋ ਹਿਆਤਪੁਰ ਨੇ ਉਸ ਵੇਲੇ ਕੀਤਾ ਜਦੋਂ ਮਾਛੀਵਾੜਾ ਰੋਪੜ ਰੋਡ ’ਤੇ ਸਥਿਤ ਪਿੰਡ ਹਿਆਤਪੁਰ ਵਿਖੇ ਉਨ੍ਹਾਂ ਛੋਟੇ ਬੱਚਿਆਂ ਲਈ ਐਥਲੈਟਿਕਸ ਮੁਕਾਬਲਿਆਂ ਦੇ ਨਾਲ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਪਿੰਡ ਵਾਸੀਆਂ ਐਨਆਰਆਈ ਵੀਰਾਂ ਦੇ ਸਹਿਯੋਗੀ ਸੱਜਣਾਂ ਦੇ ਸਾਥ ਨਾਲ ਇਹ ਪਲੇਠਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਖੇਡ ਗਰਾਊਂਡ ਨਾਲ ਜੋੜਨ ਲਈ ਖਾਸ ਤੌਰ ਤੇ ਉਹਨਾਂ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਗਏ।ਦਸਤਾਰ ਮੁਕਾਬਲਿਆਂ ਵਿੱਚ ਗਗਨਦੀਪ ਸਿੰਘ ਪਹਿਲੇ ਸਥਾਨ ਤੇ ,ਜਸਦੀਪ ਸਿੰਘ ਦੂਸਰੇ ਸਥਾਨ ’ਤੇ ਅਤੇ ਪ੍ਰਭਜੋਤ ਸਿੰਘ ਤੀਸਰੇ ਸਥਾਨ ’ਤੇ ਰਿਹਾ, ਜਿਸ ਨੂੰ ਦੀਪ ਸਿੱਧੂ ਟੀਮ ਵੱਲੋਂ ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੀਪ ਸਿੱਧੂ ਟੀਮ ਵੱਲੋਂ ਜੁਝਾਰ ਸਿੰਘ ਦਾ ਸੋਹਣੀ ਦਸਤਾਰ ਸਜਾਉਣ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਦੌੜ 100 ਮੀਟਰ ਓਪਨ ਲੜਕੀਆਂ ਦੇ ਮੁਕਾਬਲਿਆਂ ਵਿੱਚ ਰਜਿੰਦਰ ਕੌਰ ਪਹਿਲੇ ਸਥਾਨ, ਮਨਿੰਦਰ ਕੌਰ ਦੂਸਰੇ ਸਥਾਨ ਅਤੇ ਕਿਰਨਦੀਪ ਕੌਰ ਤੀਸਰੇ ਸਥਾਨ ’ਤੇ ਰਹੀ, ਜਦਕਿ ਲੜਕਿਆਂ ਦੇ ਇਸ ਮੁਕਾਬਲੇ ਵਿੱਚ ਸੱਤਾ ਸੁਲਤਾਨ ਪਹਿਲੇ ਸਥਾਨ , ਰਮਨਦੀਪ ਸਿੰਘ ਦੂਜੇ ਸਥਾਨ ਅਤੇ ਸੁਰਜੀਤ ਚੌਧਰੀ ਤੀਜੇ ਸਥਾਨ ’ਤੇ ਰਿਹਾ। ਇਸ ਤੋਂ ਬਿਨਾਂ ਛੋਟੇ ਬੱਚਿਆਂ ਲੜਕਿਆਂ ਅਤੇ ਲੜਕੀਆਂ ਦੇ ਵੱਖ ਵੱਖ ਐਥਲੈਟਿਕਸ ਮੁਕਾਬਲੇ ਕਰਵਾਏ ਗਏ। ਇਨ੍ਹਾਂ ’ਚ 100 ਮੀਟਰ, 200 ਮੀਟਰ, 400 ਮੀਟਰ ਉਮਰ ਵਰਗ 08 ਸਾਲ, 10 ਸਾਲ, 12 ਸਾਲ,14 ਸਾਲ ਤੇ ਓਪਨ ਵਰਗ ਸ਼ਾਮਲ ਸਨ। ਮੀਹ ਕਾਰਨ ਪੰਚਾਂ ਸਰਪੰਚਾਂ ਦੀਆਂ ਦੌੜਾਂ ਤੇ ਕ੍ਰਿਕਟ ਮੁਕਾਬਲੇ ਨਹੀਂ ਕਰਵਾਏ ਜਾ ਸਕੇ। ਇਹਨਾਂ ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਰਾਜਾ ਕਾਹਲੋ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਦਿਲਬਾਗ ਸਿੰਘ ,ਮੋਹਣ ਲਾਲ, ਗੁਰਮਨਪ੍ਰੀਤ ਸਿੰਘ, ਜੋਗਾ ਸਿੰਘ, ਜੰਗ ਸ਼ੇਰ ਸਿੰਘ, ਕੋਚ ਜਾਂਦੇ ਕਾਲਾ, ਸੱਤੂ, ਆਕਾਸ਼, ਮੁਕਾਬਲਿਆਂ ਦੇ ਜੱਜ ਸਾਹਿਬਾਨ ਹਰਪ੍ਰੀਤ ਸਿੰਘ ਨਵਨੀਤ ਸਿੰਘ ਦਾ ਖਾਸ ਯੋਗਦਾਨ ਰਿਹਾ। ਇਨਾ ਮੁਕਾਬਲਿਆਂ ’ਚ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਖਿਡਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਪੁੱਜੇ ਖਿਡਾਰੀਆਂ ਤੇ ਦਰਸ਼ਕਾਂ ਲਈ ਪ੍ਰਬੰਧਕਾਂ ਵੱਲੋਂ ਲੰਗਰ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਦੇ ਖਾਸ ਪ੍ਰਬੰਧ ਕੀਤੇ ਗਏ ਸਨ।