- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਭਗਵੰਤ ਮਾਨ ਜਾਣ ਬੁੱਝ ਕੇ ਵਾਰ-ਵਾਰ ਬੇਅਦਬੀਆਂ ਕਰ ਰਹੇ ਨੇ-ਢਿੱਲੋਂ

-ਕਿਹਾ, ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਮੁੱਖ ਮੰਤਰੀ ਅਹੁਦੇ ਤੋਂ ਦੇਣ ਅਸਤੀਫ਼ਾ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਲੋਕ ਸਭਾ ਹਲਕਾ ਲੁਧਿਆਣਾ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਜੇਕਰ ਇਕ ਵਾਰ ਗਲਤੀ ਹੋਈ ਹੋਵੇ, ਉਸ ਨੂੰ ਅਣਜਾਣਪੁਣੇ ’ਚ ਹੋਈ ਭੁੱਲ ਆਖਿਆ ਜਾਂਦਾ ਹੈ। ਪਰ ਮੁੱਖ ਮੰਤਰੀ ਭਗਵੰਤ ਮਾਨ ਜਾਣ ਬੁੱਝ ਕੇ ਵਾਰ-ਵਾਰ ਬੇਅਦਬੀਆਂ ਕਰ ਰਹੇ ਹਨ। ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਾਬ ਪੀ ਕੇ ਗਏ, ਬਰਗਾੜੀ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ ਸਮਾਗਮ ਦੌਰਾਨ ਸ਼ਰਾਬ ਪੀ ਕੇ ਗਏ, ਸ਼ਰਾਬ ਦੀ ਬੋਤਲ ਅੱਗੇ ਅਰਦਾਸ ਦੀ ਪੈਰੋਡੀ ਕੀਤੀ, ਗੁਰਦੁਆਰਾ ਸਾਹਿਬ ਅੱਗੇ ਖੜ੍ਹ ਕੇ ਪੈਗ ਲਗਾਏ ਅਤੇ ਕਥਿਤ ਤੌਰ 'ਤੇ ਇਹ ਕਹਿਣਾ ਕਿ ‘ਜੋ ਗੁਰੂ ਨੇ ਕਰਨਾ ਹੈ ਕਰ ਲਵੇ, ਮੈਂ ਖ਼ੁਦ ਦੇਖ ਲਵਾਂਗਾ’ ਇਹ ਗਲਤੀਆਂ ਨਹੀਂ ਸਗੋਂ ਜਾਣ ਬੁੱਝ ਕੇ ਕੀਤੀਆਂ ਬੇਅਦਬੀਆਂ ਹਨ।
ਸਾਬਕਾ ਵਿਧਾਇਕ ਢਿੱਲੋਂ ਨੇ ਕਿਹਾ ਕਿ ਹੁਣ ਵਾਇਰਲ ਵੀਡੀਓ ਵਾਲੀ ਨਵੀਂ ਘਟਨਾ, ਜਿਸ ਨੂੰ 2014-15 ਦੌਰਾਨ ਦਿੱਲੀ ਵਿੱਚ ਕਿਸੇ ਆਗੂ ਦੇ ਘਰ ਦੀ ਦੱਸਿਆ ਜਾ ਰਿਹਾ ਹੈ, ਉਹ ਸਾਹਮਣੇ ਆਈ ਹੈ। ਇਸ ਨੂੰ ਏਆਈ ਕਹਿ ਕੇ ਨਕਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚਲੋ ਇੱਕ ਵਾਰ ਇਸ ਦਲੀਲ ਨੂੰ ਮੰਨ ਵੀ ਲਈਏ, ਫਿਰ ਪਹਿਲਾਂ ਵਾਲੀਆਂ ਘਟਨਾਵਾਂ ਨੂੰ ਕਿਵੇਂ ਸਮਝਿਆ ਜਾਵੇ। ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਵਿੱਚ ਇਸ ਦੀ ਮਾਨਸਿਕਤਾ ਧਰਮ ਵਿਰੋਧੀ ਹੈ ਤੇ ਖਾਸ ਤੌਰ 'ਤੇ ਸਿੱਖ ਸੰਸਥਾਵਾਂ ਦੀ ਮਹੱਤਤਾ ਨੂੰ ਘਟਾਉਣ ਵਾਲੀ ਹੈ। ਜੇਕਰ ਇਸ ਦੇ ਰਾਜਨੀਤਿਕ ਤੇ ਸਮਾਜਿਕ ਰਿਕਾਰਡ ਵੱਲ ਝਾਤੀ ਮਾਰੀਏ, ਤਾਂ ਇਹ ਲਗਾਤਾਰ ਅਜਿਹੇ ਕਦਮ ਚੁੱਕਦਾ ਦਿਖਾਈ ਦਿੰਦਾ ਹੈ, ਜੋ ਸਮਾਜ ਵਿੱਚ ਵੰਡ ਨੂੰ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੇ ਉਲਟ ਜਾ ਕੇ ਜਾਤੀਆਂ ਦੇ ਆਧਾਰ 'ਤੇ ਵੰਡ, ਬਿਨਾਂ ਕਿਸੇ ਸੰਵਿਧਾਨਕ ਅਧਿਕਾਰ ਦੇ ਚੇਅਰਮੈਨ ਤੇ ਮੈਂਬਰ ਲਗਾਉਣ ਅਤੇ ਸਮਾਜ ਨੂੰ ਜਾਤੀਆ ਅਧਾਰਿਤ ਵੱਖ-ਵੱਖ ਖੇਮਿਆਂ ਵਿੱਚ ਵੰਡਣ ਵਾਲੀਆਂ ਨੀਤੀਆਂ ਭਵਿੱਖ ਵਿੱਚ ਆਪਸੀ ਟਕਰਾਅ ਦਾ ਕਾਰਨ ਬਣ ਸਕਦੀਆਂ ਹਨ। ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀ ਸਮਝ ਅਨੁਸਾਰ ਇਹ ਵਿਅਕਤੀ ਨਾ ਸਮਾਜਿਕ ਜ਼ਿੰਮੇਵਾਰੀ ਨਿਭਾ ਰਿਹਾ, ਨਾ ਧਾਰਮਿਕ ਸੰਵੇਦਨਸ਼ੀਲਤਾ ਦਿਖਾ ਰਿਹਾ ਅਤੇ ਨਾ ਹੀ ਰਾਜਨੀਤਿਕ ਪਰਿਪੱਕਤਾ ਦਿਖਾ ਰਿਹਾ ਹੈ। ਅਜਿਹੀ ਸੋਚ ਇੱਕ ਸੱਭਿਆਚਾਰਕ ਅਤੇ ਸ਼ਾਂਤਮਈ ਸਮਾਜ ਲਈ ਖਤਰਾ ਬਣ ਸਕਦੀ ਹੈ। ਪੰਜਾਬ ਦੇ ਭਲੇ ਲਈ ਲੋਕਾਂ ਨੂੰ ਅਜਿਹੀਆਂ ਨੀਤੀਆਂ ਅਤੇ ਵਿਚਾਰਧਾਰਾਵਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਇਸ ਮੌਕੇ ਕਮਲਜੀਤ ਸਿੰਘ ਨਿੱਕੂ ਗਰੇਵਾਲ, ਬਲਵਿੰਦਰ ਸਿੰਘ ਐੱਮਡੀ ਆਦਿ ਹਾਜ਼ਰ ਸਨ।