ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸਰਟੀਫਿਕੇਟ ਵੰਡ ਸਮਾਰੋਹ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ
Publish Date: Sat, 11 Jul 2026 08:00 PM (IST)
Updated Date: Sun, 12 Jul 2026 04:13 AM (IST)
ਸੱਭਿਆਚਾਰ ਦੀ ਸੇਵਾ ਲਈ ਲਗਾਤਾਰ ਯਤਨਸ਼ੀਲ ਰਹਿਣ ਦੇ ਸੰਦੇਸ਼ ਨਾਲ ਹੋਈ ਸਮਾਰੋਹ ਦੀ ਸਮਾਪਤੀ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਵਿਭਾਗ ਅਧੀਨ ਚੱਲ ਰਹੇ ਰਾਜਗੁਰੂ ਨਗਰ ਸਥਿੱਤ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸਮਰ ਕਰੈਸ਼ ਕੋਰਸ ਦੀ ਸਮਾਪਤੀ ਉਪਰੰਤ ਸ਼ਾਨਦਾਰ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ। ਇਸ ਰੰਗਾਰੰਗ ਸਮਾਗਮ ਵਿੱਚ ਸੰਗੀਤ, ਨ੍ਰਿਤ ਅਤੇ ਵੱਖ-ਵੱਖ ਸਾਜ਼ਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਹਾਜ਼ਰੀਨ ਨੂੰ ਮੰਤਰਮੁਗਧ ਕਰ ਦਿੱਤਾ। ਵਿਦਿਆਰਥੀਆਂ ਨੇ ਆਪਣੀ ਕਲਾ ਦਾ ਅਜਿਹਾ ਪ੍ਰਦਰਸ਼ਨ ਕੀਤਾ ਕਿ ਪੂਰਾ ਆਡੀਟੋਰੀਅਮ ਤਾੜੀਆਂ ਦੀ ਗੂੰਜ ਨਾਲ ਭਰ ਗਿਆ। ਸਮਾਗਮ ਦੀ ਸ਼ੁਰੂਆਤ ਇੰਸਟੀਚਿਊਟ ਦੀ ਡੀਨ ਮਿਸਿਜ਼ ਪੂਜਾ ਵੱਲੋਂ ਪਹੁੰਚੇ ਹੋਏ ਮਹਿਮਾਨਾਂ, ਮਾਪਿਆਂ ਅਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਿਆਂ ਕੀਤੀ ਗਈ। ਉਨ੍ਹਾਂ ਇੰਸਟੀਚਿਊਟ ਦੀਆਂ ਗਤੀਵਿਧੀਆਂ ਅਤੇ ਇੱਥੇ ਕਰਵਾਏ ਜਾ ਰਹੇ ਵੱਖ-ਵੱਖ ਕੋਰਸਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਗਾਇਕੀ, ਕਲਾਸੀਕਲ ਅਤੇ ਪੱਛਮੀ ਸੰਗੀਤ, ਕਥਕ, ਭੰਗੜਾ, ਹਿਪ-ਹਾਪ, ਕੀ-ਬੋਰਡ, ਗਿਟਾਰ, ਡਰੰਮ ਸਮੇਤ ਵੱਖ-ਵੱਖ ਸਾਜ਼ਾਂ ਦੀ ਸਿਖਲਾਈ ਦੇ ਨਾਲ-ਨਾਲ ਆਡੀਓ-ਵੀਡੀਓ ਤਕਨਾਲੋਜੀ ਦੇ ਕੋਰਸ ਵੀ ਪਾਠਕ੍ਰਮ ਅਨੁਸਾਰ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਦਾ ਉਦੇਸ਼ ਨੌਜਵਾਨਾਂ ਦੀ ਕਲਾ ਨੂੰ ਨਿਖਾਰ ਕੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਅੱਗੇ ਵਧਾਉਣਾ ਹੈ। ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕਲਾਸੀਕਲ ਸੰਗੀਤ ਦੀ ਸਿਖਿਆਰਥਣ ਹਰਸਿਮਰਨ ਕੌਰ ਨੇ ਗੁਰਬਾਣੀ ਦੇ ਪਾਵਨ ਸ਼ਬਦ ਕਲਿਯੁਗ ਜਹਾਜ ਅਰਜਨ ਗੁਰੂ ਦੇ ਗਾਇਨ ਨਾਲ ਕੀਤੀ। ਇਸ ਮੌਕੇ ਪ੍ਰਸਿੱਧ ਯੂਟਿਊਬਰ ਮੁਖਵਿੰਦਰ ਸਿੰਘ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮਹਿਮਾਨਾਂ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨਵੀਂ ਪੀੜ੍ਹੀ ਵਿੱਚ ਕਲਾ, ਸੱਭਿਆਚਾਰ ਅਤੇ ਸੰਗੀਤ ਪ੍ਰਤੀ ਰੁਚੀ ਪੈਦਾ ਕਰਨ ਲਈ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੀਆਂ ਸੰਸਥਾਵਾਂ ਨਾਲ ਜੋੜਨ ਤਾਂ ਜੋ ਉਹ ਮੋਬਾਈਲ ਅਤੇ ਹੋਰ ਗੈਰ-ਜ਼ਰੂਰੀ ਗਤੀਵਿਧੀਆਂ ਤੋਂ ਦੂਰ ਰਹਿ ਕੇ ਆਪਣੀ ਰਚਨਾਤਮਕ ਯੋਗਤਾ ਨੂੰ ਨਿਖਾਰ ਸਕਣ। ਰਾਸ਼ੀ, ਜ਼ੀਨੀਅਲ, ਮੰਜੂ, ਬਲਦੇਵ ਸਿੰਘ, ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਲਿਵ ਕੌਰ, ਹਰਦਿਆਲ ਅਤੇ ਰਵਿੰਦਰ ਕੁਮਾਰ ਨੇ ਮਿੱਠੇ ਅਤੇ ਸੁਰੀਲੇ ਗੀਤ ਪੇਸ਼ ਕਰਕੇ ਸਰੋਤਿਆਂ ਤੋਂ ਭਰਪੂਰ ਤਾੜੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਦੀ ਗਾਇਕੀ ਵਿੱਚ ਸੁਰਾਂ ਦੀ ਪਕੜ ਅਤੇ ਆਤਮਵਿਸ਼ਵਾਸ ਸਪੱਸ਼ਟ ਨਜ਼ਰ ਆ ਰਿਹਾ ਸੀ। ਹਿਪ-ਹਾਪ ਵਿੱਚ ਖੁਸ਼ੀ, ਮੁਸਕਾਨ, ਦਕਸ਼ ਅਤੇ ਪਰੀਜ਼ਾਦ ਨੇ ਜੋਸ਼ੀਲੀ ਅਤੇ ਆਧੁਨਿਕ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨ ਜਿੱਤ ਲਿਆ। ਕਥਕ ਨ੍ਰਿਤ ਵਿੱਚ ਆਦਿਆ, ਸਾਨਵੀ, ਦਿਵਿਆਂਸ਼ੀ, ਅਨਨਿਆ ਅਤੇ ਜੋਯਲ ਨੇ ਸ਼ਾਸਤਰੀ ਨ੍ਰਿਤ ਦੀ ਸੁੰਦਰਤਾ ਅਤੇ ਅਨੁਸ਼ਾਸਨ ਦਾ ਬੇਹੱਦ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਕੀ-ਬੋਰਡ ਤੇ ਖੁਸ਼ਪ੍ਰੀਤ, ਨੀਜ਼ਲ ਅਤੇ ਇਵਾਨ ਨੇ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕੀਤਾ, ਜਦਕਿ ਡਰੰਮ ਤੇ ਲਿਸ਼ਕਾਰ ਦੀ ਪੇਸ਼ਕਾਰੀ ਨੇ ਸਮਾਗਮ ਵਿੱਚ ਜੋਸ਼ ਭਰ ਦਿੱਤਾ। ਗਿਟਾਰ ਤੇ ਅਭੀਉਦੈ ਦੀ ਪੇਸ਼ਕਾਰੀ ਨੇ ਵੀ ਹਾਜ਼ਰੀਨ ਤੋਂ ਖੂਬ ਵਾਹ-ਵਾਹ ਖੱਟੀ। ਪੰਜਾਬ ਦੀ ਅਮੀਰ ਲੋਕ ਵਿਰਾਸਤ ਨੂੰ ਦਰਸਾਉਂਦੀ ਭੰਗੜੇ ਦੀ ਪੇਸ਼ਕਾਰੀ ਸਮਾਗਮ ਦਾ ਮੁੱਖ ਆਕਰਸ਼ਣ ਰਹੀ। ਇਸ਼ਟਮੀਤ, ਪਾਹੁਲ, ਵਾਰਿਸ, ਮਨਅਸੀਸ, ਅਨਾਹਦ ਕੌਰ, ਅਸਰੀਤ, ਅਵਨੀਤ, ਗੁਰਸ਼ਰਨ, ਰੋਮਨ, ਹਰਸੀਰਤ, ਅਨਾਹਤ ਕੌਰ, ਹਰਮਨ, ਵਨਦੀਪ, ਨੀਜ਼ਲ, ਸਹਿਜ ਕੌਰ, ਅਵੀਰਾਜ, ਬਖਸ਼ੀਸ਼, ਅਵਨੂਰ, ਏਕਨਾਮ ਤੇ ਏਕਰੂਪ ਨੇ ਜੋਸ਼, ਉਤਸ਼ਾਹ ਅਤੇ ਤਾਲਮੇਲ ਨਾਲ ਭਰਪੂਰ ਭੰਗੜਾ ਪੇਸ਼ ਕਰਕੇ ਪੂਰੇ ਮਾਹੌਲ ਨੂੰ ਪੰਜਾਬੀ ਰੰਗ ਵਿੱਚ ਰੰਗ ਦਿੱਤਾ। ਸਮਾਗਮ ਦੌਰਾਨ ਦੱਸਿਆ ਗਿਆ ਕਿ ਸਮਰ ਕਰੈਸ਼ ਕੋਰਸ ਦੇ ਵਿਦਿਆਰਥੀਆਂ ਨੇ ਸਿਰਫ਼ 15 ਦਿਨਾਂ ਦੀ ਸਿਖਲਾਈ ਦੌਰਾਨ ਹੀ ਇੰਨੀ ਵਧੀਆ ਤਿਆਰੀ ਕਰਕੇ ਇਹ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦਿੱਤੀਆਂ ਹਨ। ਇਸ ਤੋਂ ਬਾਅਦ ਇੰਸਟੀਚਿਊਟ ਦੇ ਉਨ੍ਹਾਂ ਵਿਦਿਆਰਥੀਆਂ ਨੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜੋ ਲੰਬੇ ਸਮੇਂ ਤੋਂ ਨਿਯਮਿਤ ਤੌਰ ਤੇ ਸਿਖਲਾਈ ਲੈ ਰਹੇ ਹਨ। ਉਨ੍ਹਾਂ ਦੀਆਂ ਪੇਸ਼ਕਾਰੀਆਂ ਨੇ ਇਹ ਸਾਬਤ ਕਰ ਦਿੱਤਾ ਕਿ ਨਿਰੰਤਰ ਅਭਿਆਸ ਅਤੇ ਯੋਗ ਸਿਖਲਾਈ ਨਾਲ ਕਿਸੇ ਵੀ ਖੇਤਰ ਵਿੱਚ ਉੱਚ ਪੱਧਰੀ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ। ਸਮਾਗਮ ਦੇ ਅੰਤ ਵਿੱਚ ਸਮਰ ਕਰੈਸ਼ ਕੋਰਸ ਦੇ ਸਾਰੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਭੇਂਟ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਪੂਰੇ ਸਮਾਗਮ ਦੌਰਾਨ ਮਿਸਿਜ਼ ਪੂਜਾ, ਡੀਨ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਤੇ ਨ੍ਰਿਤ ਅਧਿਆਪਕਾ ਮਿਸਿਜ਼ ਸ਼ੀਤਲ ਸ਼ਰਮਾ ਨੇ ਮੰਚ ਦਾ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਲਨ ਕੀਤਾ। ਸਮਾਗਮ ਦਾ ਸਮਾਪਨ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦੇਣ ਅਤੇ ਕਲਾ ਤੇ ਸੱਭਿਆਚਾਰ ਦੀ ਸੇਵਾ ਲਈ ਲਗਾਤਾਰ ਯਤਨਸ਼ੀਲ ਰਹਿਣ ਦੇ ਸੰਦੇਸ਼ ਨਾਲ ਕੀਤਾ ਗਿਆ।