- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਧਰ, ਬੋਸਟਲ ਜੇਲ੍ਹ ’ਚ ਪੈਸੇ ਲੈ ਕੇ ਕੈਦੀਆਂ ਨੂੰ ਪਾਬੰਦੀਸ਼ੁਦਾ ਸਾਮਾਨ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ, ਵਾਰਡਰ ਬਲਜੀਤ ਸਿੰਘ ਤੇ ਚਾਰ ਵਿਚਾਰਾਧੀਨ ਕੈਦੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪਿਛਲੇ ਚਾਰ ਮਹੀਨਿਆਂ ਦੌਰਾਨ ਜੇਲ੍ਹ ’ਚੋਂ 27 ਮੋਬਾਈਲ ਫੋਨ, 172.5 ਗ੍ਰਾਮ ਨਸ਼ੀਲਾ ਪਾਊਡਰ, 86 ਗ੍ਰਾਮ ਅਫ਼ੀਮ, ਨਸ਼ੇ ਵਾਲੇ 30 ਕੈਪਸੂਲ ਤੇ ਹੋਰ ਸਾਮਾਨ ਬਰਾਮਦ ਹੋ ਚੁੱਕਾ ਹੈ।

ਗਗਨਦੀਪ ਰਤਨ, ਜਾਗਰਣ, ਲੁਧਿਆਣਾ : ਲੁਧਿਆਣਾ ਦੀ ਕੇਂਦਰੀ ਤੇ ਬੋਸਟਲ ਜੇਲ੍ਹ ’ਚ ਕੈਦੀਆਂ ਤੱਕ ਮੋਬਾਈਲ ਫੋਨ, ਨਸ਼ੀਲੇ ਪਦਾਰਥ ਤੇ ਹੋਰ ਪਾਬੰਦੀਸ਼ੁਦਾ ਸਾਮਾਨ ਪਹੁੰਚਣ ਦੇ ਮਾਮਲੇ ’ਚ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਆਈ ਹੈ। ਕੇਂਦਰੀ ਜੇਲ੍ਹ ਵਿਚੋਂ ਚਾਰ ਮੋਬਾਈਲ ਫੋਨ ਤੇ 86 ਗ੍ਰਾਮ ਅਫ਼ੀਮ ਮਿਲਣ ਦੇ ਮਾਮਲੇ ਦੀ ਵਿਭਾਗੀ ਜਾਂਚ ਤੋਂ ਬਾਅਦ ਸਹਾਇਕ ਸੁਪਰਡੈਂਟ ਰਿਸ਼ਵਪਾਲ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉੱਧਰ, ਬੋਸਟਲ ਜੇਲ੍ਹ ’ਚ ਪੈਸੇ ਲੈ ਕੇ ਕੈਦੀਆਂ ਨੂੰ ਪਾਬੰਦੀਸ਼ੁਦਾ ਸਾਮਾਨ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ, ਵਾਰਡਰ ਬਲਜੀਤ ਸਿੰਘ ਤੇ ਚਾਰ ਵਿਚਾਰਾਧੀਨ ਕੈਦੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪਿਛਲੇ ਚਾਰ ਮਹੀਨਿਆਂ ਦੌਰਾਨ ਜੇਲ੍ਹ ’ਚੋਂ 27 ਮੋਬਾਈਲ ਫੋਨ, 172.5 ਗ੍ਰਾਮ ਨਸ਼ੀਲਾ ਪਾਊਡਰ, 86 ਗ੍ਰਾਮ ਅਫ਼ੀਮ, ਨਸ਼ੇ ਵਾਲੇ 30 ਕੈਪਸੂਲ ਤੇ ਹੋਰ ਸਾਮਾਨ ਬਰਾਮਦ ਹੋ ਚੁੱਕਾ ਹੈ।
ਕੁਝ ਦਿਨ ਪਹਿਲਾਂ ਕੇਂਦਰੀ ਜੇਲ੍ਹ ’ਚ ਕੈਦੀ ਸੋਨੂੰ ਚੌਰਸੀਆ ਤੇ ਅਜੈ ਕੁਮਾਰ ਉਰਫ਼ ਘੋੜਾ ਕੋਲੋਂ ਚਾਰ ਮੋਬਾਈਲ ਫੋਨ ਤੇ 86 ਗ੍ਰਾਮ ਅਫ਼ੀਮ ਮਿਲੀ ਸੀ। ਇਸ ਮਾਮਲੇ ’ਚ ਸਤਨਾਮ ਸਿੰਘ ਉਰਫ਼ ਸ਼ਾਮਾ, ਮੁਕੇਸ਼ ਕੁਮਾਰ, ਸਾਗਰਦੀਪ ਸਿੰਘ ਸੇਠੀ, ਪ੍ਰਦੀਪ ਕੁਮਾਰ, ਲਖਵਿੰਦਰ ਸਿੰਘ, ਸੋਨੂੰ ਚੌਰਸੀਆ, ਅਜੈ ਕੁਮਾਰ ਉਰਫ਼ ਘੋੜਾ, ਮਨਦੀਪ ਸਿੰਘ ਉਰਫ਼ ਪਰਮਜੀਤ ਸਿੰਘ ਤੇ ਗੁਰਬਖ਼ਸ਼ੀਸ਼ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਵਿਭਾਗੀ ਜਾਂਚ ਦੌਰਾਨ ਸਹਾਇਕ ਸੁਪਰਡੈਂਟ ਰਿਸ਼ਵਪਾਲ ਗੋਇਲ ਦੀ ਭੂਮਿਕਾ ਸਾਹਮਣੇ ਆਈ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਥਾਣਾ-7 ਦੀ ਪੁਲਿਸ ਨੇ ਉਨ੍ਹਾਂ ਨੂੰ ਕੇਸ ’ਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ। ਤਾਜਪੁਰ ਰੋਡ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਦਿਨੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਪਾਬੰਦੀਸ਼ੁਦਾ ਸਾਮਾਨ ਜੇਲ੍ਹ ਅੰਦਰ ਕਿਵੇਂ ਪਹੁੰਚਿਆ।
ਗੋਲਡੀ ਬਰਾੜ ਦੇ ਗਿਰੋਹ ਦੇ ਮੈਂਬਰ ਤੱਕ ਪਹੁੰਚਾਇਆ ਪਾਬੰਦੀਸ਼ੁਦਾ ਸਾਮਾਨ
ਕੁਝ ਸਮਾਂ ਪਹਿਲਾਂ ਬੋਸਟਲ ਜੇਲ੍ਹ ਵਿਚੋਂ ਮੋਬਾਈਲ ਫੋਨ ਮਿਲਣ ਤੇ ਉਸ ਰਾਹੀਂ ਜੇਲ੍ਹ ਦੀਆਂ ਤਸਵੀਰਾਂ ਖਿੱਚ ਕੇ ਬਾਹਰ ਭੇਜਣ ਦਾ ਮਾਮਲਾ ਸਾਹਮਣੇ ਆਇਆ ਸੀ। ਸੁਰੱਖਿਆ ਦੇ ਉਪ ਸੁਪਰਡੈਂਟ ਜਗਜੀਤ ਸਿੰਘ ਦੀ ਸ਼ਿਕਾਇਤ ’ਤੇ ਜਾਂਚ ਤੋਂ ਬਾਅਦ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਤੇ ਵਾਰਡਰ ਬਲਜੀਤ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਚਾਰ ਵਿਚਾਰਾਧੀਨ ਕੈਦੀਆਂ ਜਤਿਨ, ਸਾਹਿਲ, ਅਭਿਸ਼ੇਕ ਅਤੇ ਲਵਪ੍ਰੀਤ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ।
ਜਾਂਚ ਵਿਚ ਸਾਹਮਣੇ ਆਇਆ ਕਿ ਰਾਤ ਵੇਲੇ ਮੋਬਾਈਲ ਫੋਨ ਮੁਹੱਈਆ ਕਰਵਾਇਆ ਗਿਆ ਤੇ ਜੇਲ੍ਹ ਦੀਆਂ ਤਸਵੀਰਾਂ ਬਾਹਰ ਭੇਜੀਆਂ ਗਈਆਂ। ਇਨ੍ਹਾਂ ਤਸਵੀਰਾਂ ਦੀ ਵਰਤੋਂ ਜੇਲ੍ਹ ਵਿਭਾਗ ਦਾ ਅਕਸ ਖ਼ਰਾਬ ਕਰਨ ਲਈ ਕੀਤੀ ਗਈ। ਇਸ ਦੇ ਬਦਲੇ ਜੇਲ੍ਹ ਮੁਲਾਜ਼ਮਾਂ ਨੂੰ ਪੈਸੇ ਦਿੱਤੇ ਗਏ ਸਨ।
ਜੇਲ੍ਹ ਸੁਪਰਿੰਟੈਂਡੈਂਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਹਰਮਿੰਦਰ ਪਹਿਲਾਂ ਹੀ ਇਕ ਹੋਰ ਮਾਮਲੇ ’ਚ ਮੁਅੱਤਲ ਸੀ। ਇਸ ਮਾਮਲੇ ’ਚ ਨਾਮਜ਼ਦ ਜਤਿਨ ਗੈਂਗਸਟਰ ਗੋਲਡੀ ਬਰਾੜ ਦੇ ਗਿਰੋਹ ਦਾ ਮੈਂਬਰ ਹੈ। ਉਸ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਤੇ ਅਸਲਾ ਐਕਟ ਤਹਿਤ ਕੇਸ ਦਰਜ ਹਨ। ਸਾਹਿਲ ਤੇ ਅਭਿਸ਼ੇਕ ਖ਼ਿਲਾਫ਼ ਨਸ਼ਾ ਤਸਕਰੀ ਦੇ ਮਾਮਲੇ ਹਨ, ਜਦਕਿ ਲਵਪ੍ਰੀਤ ਖ਼ਿਲਾਫ਼ ਸਾਲ 2024 ’ਚ ਰਾਹੋਂ ਥਾਣੇ ਵਿਚ ਜਬਰ-ਜ਼ਨਾਹ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਅਧਿਕਾਰੀ ਦੀ ਸ਼ਮੂਲੀਅਤ ਪਹਿਲਾਂ ਵੀ ਆਈ ਸੀ ਸਾਹਮਣੇ
ਕੇਂਦਰੀ ਜੇਲ੍ਹ ’ਚ ਇਸ ਤੋਂ ਪਹਿਲਾਂ ਵੀ ਵਿਸ਼ੇਸ਼ ਸਹੂਲਤਾਂ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਜੀਐੱਸਟੀ ਧੋਖਾਧੜੀ ਦੇ ਮਾਮਲਿਆਂ ’ਚ ਬੰਦ 11 ਮੁਲਜ਼ਮਾਂ ਨੂੰ ਦੋ ਤੋਂ ਚਾਰ ਲੱਖ ਰੁਪਏ ਲੈ ਕੇ ਵਧੀਆ ਬੈਰਕਾਂ ਤੇ ਖ਼ਾਸ ਸਹੂਲਤਾਂ ਦੇਣ ਦੇ ਦੋਸ਼ ਲੱਗੇ ਸਨ। ਉਸ ਮਾਮਲੇ ’ਚ ਵਧੀਕ ਸੁਪਰਿੰਟੈਂਡੈਂਟ ਬਲਵੀਰ ਸਿੰਘ ’ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ। ਜਾਂਚ ਕਮੇਟੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ।