ਜ਼ੀ5 ’ਤੇ ਪੰਜਾਬੀ ਫਿਲਮ ਰਿਲੀਜ਼ ਕਰਵਾਉਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਦੀ ਠੱਗੀ, ਮੁਹਾਲੀ ਵਾਸੀ ਖ਼ਿਲਾਫ਼ ਕੇਸ ਨਿਊ ਬੀਆਰਐਸ ਨਗਰ ਦੇ ਵਾਸੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਹ ਫਿਲਮ ਨਿਰਮਾਣ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਇਕ ਫਿਲਮ ‘ਟਰੈਵਲ ਏਜੰਟ’ ਤਿਆਰ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਮੁਤਾਬਕ ਫਿਲਮ ਵਿੱਚ ਗੁਲਸ਼ਨ ਗਰੋਵਰ ਅਤੇ ਗੱਗੂ ਗਿੱਲ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਕੁਝ ਸਮਾਂ ਪਹਿਲਾਂ ਮੁੰਬਈ ਵਿੱਚ ਫਿਲਮ ਅਦਾਕਾਰ ਧਰਮਿੰਦਰ ਵੱਲੋਂ ਮਹੂਰਤ ਵੀ ਕੀਤਾ ਗਿਆ ਸੀ।
Publish Date: Tue, 22 Sep 2026 02:39 PM (IST)
Updated Date: Tue, 22 Sep 2026 02:42 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬੀ ਫਿਲਮ ਨੂੰ ਓਟੀਟੀ ਪਲੇਟਫਾਰਮ ਜ਼ੀ5 ’ਤੇ ਰਿਲੀਜ਼ ਕਰਵਾਉਣ ਦਾ ਭਰੋਸਾ ਦੇ ਕੇ ਫਿਲਮ ਨਿਰਮਾਤਾ ਤੋਂ 12 ਲੱਖ ਰੁਪਏ ਲੈਣ ਅਤੇ ਬਾਅਦ ਵਿੱਚ ਸੰਪਰਕ ਤੋਂ ਬਾਹਰ ਹੋ ਜਾਣ ਦੇ ਦੋਸ਼ ਹੇਠ ਥਾਣਾ ਦੁੱਗਰੀ ਦੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਮੁਹਾਲੀ ਵਾਸੀ ਗੁਰਪ੍ਰੇਮ ਸਿੰਘ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਹੈ।
ਜਾਣਕਾਰੀ ਦਿੰਦਿਆਂ ਨਿਊ ਬੀਆਰਐਸ ਨਗਰ ਦੇ ਵਾਸੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਹ ਫਿਲਮ ਨਿਰਮਾਣ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਇਕ ਫਿਲਮ ‘ਟਰੈਵਲ ਏਜੰਟ’ ਤਿਆਰ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਮੁਤਾਬਕ ਫਿਲਮ ਵਿੱਚ ਗੁਲਸ਼ਨ ਗਰੋਵਰ ਅਤੇ ਗੱਗੂ ਗਿੱਲ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਕੁਝ ਸਮਾਂ ਪਹਿਲਾਂ ਮੁੰਬਈ ਵਿੱਚ ਫਿਲਮ ਅਦਾਕਾਰ ਧਰਮਿੰਦਰ ਵੱਲੋਂ ਮਹੂਰਤ ਵੀ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਧਰਮਿੰਦਰ ਦੀ ਮੌਤ ਤੋਂ ਬਾਅਦ ਕੁਝ ਸਮੇਂ ਲਈ ਫਿਲਮ ਦਾ ਕੰਮ ਰੁਕਿਆ ਹੋਇਆ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਗੁਰਪ੍ਰੇਮ ਸਿੰਘ ਨਾਲ ਹੋਈ, ਜੋ ਪਹਿਲਾਂ ਹਰਿਆਣਾ ਦਾ ਰਹਿਣ ਵਾਲਾ ਦੱਸਿਆ ਗਿਆ ਹੈ ਅਤੇ ਇਸ ਸਮੇਂ ਮੁਹਾਲੀ 'ਚ ਰਹਿ ਰਿਹਾ ਹੈ। ਸ਼ਿਕਾਇਤਕਰਤਾ ਅਨੁਸਾਰ ਗੁਰਪ੍ਰੇਮ ਸਿੰਘ ਨੇ ਉਸ ਨੂੰ ਭਰੋਸਾ ਦਿੱਤਾ ਕਿ ਫਿਲਮ ਪੂਰੀ ਹੋਣ ਤੋਂ ਬਾਅਦ ਉਹ ਇਸ ਨੂੰ ਜ਼ੀ5 ਪਲੇਟਫਾਰਮ ’ਤੇ ਰਿਲੀਜ਼ ਕਰਵਾਉਣ ਵਿੱਚ ਮਦਦ ਕਰ ਸਕਦਾ ਹੈ।
ਸ਼ਿਕਾਇਤ ਮੁਤਾਬਕ ਇਸੇ ਭਰੋਸੇ ਦੇ ਆਧਾਰ ’ਤੇ ਕਰੀਬ ਪੰਜ ਮਹੀਨੇ ਪਹਿਲਾਂ ਦੋਵਾਂ ਵਿਚਕਾਰ ਸੌਦਾ ਹੋਇਆ ਅਤੇ ਸ਼ਿਕਾਇਤਕਰਤਾ ਨੇ ਗੁਰਪ੍ਰੇਮ ਸਿੰਘ ਨੂੰ 12 ਲੱਖ ਰੁਪਏ ਦੇ ਦਿੱਤੇ। ਦੋਸ਼ ਹੈ ਕਿ ਰਕਮ ਹਾਸਲ ਕਰਨ ਤੋਂ ਬਾਅਦ ਗੁਰਪ੍ਰੇਮ ਸਿੰਘ ਸੰਪਰਕ ਤੋਂ ਬਾਹਰ ਹੋ ਗਿਆ ਅਤੇ ਫਿਲਮ ਨੂੰ ਪਲੇਟਫਾਰਮ ’ਤੇ ਰਿਲੀਜ਼ ਕਰਵਾਉਣ ਸਬੰਧੀ ਆਪਣੀ ਗੱਲ ਪੂਰੀ ਨਹੀਂ ਕੀਤੀ।
ਸ਼ਿਕਾਇਤਕਰਤਾ ਸਤਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ਵਿਚ ਦੋਸ਼ ਲਾਇਆ ਕਿ ਉਸ ਨਾਲ 12 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਥਾਣਾ ਦੁੱਗਰੀ ਵਿੱਚ ਗੁਰਪ੍ਰੇਮ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਹੁਣ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।