ਕੈਂਟਰ ਤੇ 2 ਕਾਰਾਂ ਦੀ ਹੋਈ ਜ਼ਬਰਦਸਤ ਟੱਕਰ, ਇੱਕ ਗੰਭੀਰ ਜ਼ਖ਼ਮੀ
ਕੈਂਟਰ ਅਤੇ ਦੋ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ ,ਇੱਕ ਗੰਭੀਰ ਜ਼ਖ਼ਮੀ
Publish Date: Sat, 20 Jun 2026 07:22 PM (IST)
Updated Date: Sun, 21 Jun 2026 04:09 AM (IST)

ਸੁਸ਼ੀਲ ਵਰਮਾ, ਪੰਜਾਬੀ ਜਾਗਰਣ, ਰਾਏਕੋਟ : ਸਥਾਨਕ ਮਲੇਰਕੋਟਲਾ ਰੋਡ ’ਤੇ ਤਾਜਪੁਰ ਚੌਂਕ ’ਚ ਅੱਧੀ ਰਾਤ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਕਾਰਾਂ ਅਤੇ ਇੱਕ ਟਰੱਕ ਦੀ ਜਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮੌਕੇ ’ਤੇ ਮੌਜ਼ੂਦ ਕੈਂਟਰ ਚਾਲਕ ਇਮਰਾਨ ਨੇ ਦੱਸਿਆ ਕਿ ਉਹ ਆਪਣੇ ਟਰੱਕ ਵਿੱਚ ਨਜਦੀਕੀ ਪਿੰਡ ਰਾਜੋਆਣਾ ਦੇ ਇੱਕ ਭੱਠੇ ਤੋਂ ਲੇਬਰ ਨੂੰ ਲੈ ਕੇ ਯੂਪੀ ਦੇ ਸ਼ਾਮਲੀ ਸ਼ਹਿਰ ਲਈ ਰਵਾਨਾ ਹੋਇਆ ਸੀ। ਇਸ ’ਚ 12 ਪ੍ਰਵਾਸੀ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਵਾਰ ਸਨ, ਜਦ ਉਸ ਦਾ ਟਰੱਕ ਰਾਏਕੋਟ ਦੇ ਤਾਜਪੁਰ ਚੌਕ ਵਿੱਚ ਪੁੱਜਾ ਤਾਂ ਤਾਜਪੁਰ ਵਾਲੇ ਪਾਸੇ ਤੋਂ ਆ ਰਹੀ ਇੱਕ ਸਵਿਫਟ ਡਿਜ਼ਾਇਰ ਕਾਰ ਨੇ ਕਥਿਤ ਤੌਰ ’ਤੇ ਗਲਤ ਤਰੀਕੇ ਨਾਲ ਮੋੜ ਕੱਟ ਲਿਆ ਅਤੇ ਟਰੱਕ ਵਿੱਚ ਟੱਕਰ ਮਾਰ ਦਿੱਤੀ, ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਟਰੱਕ ਬੇਕਾਬੂ ਹੋ ਕੇ ਚੌਂਕ ਵਿੱਚ ਸਥਿਤ ਦੁਕਾਨਾਂ ਨਾਲ ਜਾ ਟਕਰਾਇਆ। ਇਸ ਦੌਰਾਨ ਇੱਕ ਹੋਰ ਕਾਰ ਵੀ ਹਾਦਸੇ ਦੀ ਲਪੇਟ ਵਿੱਚ ਆ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵਾਹਨਾਂ ਦੇ ਨਾਲ-ਨਾਲ ਦੁਕਾਨਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ। ਇੱਕ ਮੋਟਰਸਾਈਕਲ ਵੀ ਹਾਦਸੇ ਵਿੱਚ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਦੌਰਾਨ ਟਰੱਕ ਵਿੱਚ ਡਰਾਈਵਰ ਦੇ ਨਾਲ ਬੈਠਾ ਇੱਕ ਰਵੀ ਨਾਮਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਉਸ ਦੀ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟ ਲੱਗੀ ਹੈ। ਪਹਿਲਾਂ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਹਾਲਤ ਨਾਜ਼ੁਕ ਹੋਣ ਕਾਰਨ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਾਦਸੇ ਵਿੱਚ ਤਿੰਨੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਇਲਾਕੇ ’ਚ ਹੜਕੰਪ ਮਚ ਗਿਆ। ਹਾਦਸੇ ਦੀ ਸੂਚਨਾਂ ਮਿਲਦੇ ਹੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਪੀੜਤ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਅੱਧੀ ਰਾਤ ਦੇ ਕਰੀਬ ਹੋਏ ਇਸ ਹਾਦਸੇ ਤੋਂ ਬਾਅਦ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ’ਤੇ ਨਹੀ ਪੁੱਜਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਚੌਕ ਵਿੱਚ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ, ਅਤੇ ਕਈ ਵਿਅਕਤੀ ਮਾਰੇ ਜਾ ਚੁੱਕੇ ਹਨ ਪਰ ਹੁਣ ਤੱਕ ਪ੍ਰਸ਼ਾਸਨ ਨੇ ਇਨ੍ਹਾਂ ਹਾਦਸਿਆਂ ਤੋਂ ਕੋਈ ਸਬਕ ਨਹੀ ਲਿਆ ਤੇ ਨਾ ਹੀ ਚੌਕ ’ਚ ਹਾਦਸੇ ਰੋਕਣ ਲਈ ਕੋਈ ਠੋਸ ਯਤਨ ਹੀ ਕੀਤੇ ਹਨ।