- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੁੱਸੀ ਧੀ ਨੂੰ ਸੁਹਰੇ ਛੱਡਣ ਆਏ ਦੋਵੇਂ ਪਰਿਵਾਰ ਪਹਿਲਾਂ ਪਿੰਡ ਅਤੇ ਫਿਰ ਹਸਪਤਾਲ ’ਚ ਭਿੜੇ

-ਸਿਵਲ ਹਸਪਤਾਲ ’ਚ ਦੋ ਧਿਰਾਂ ਨੂੰ ਭਿੜਦਿਆਂ ਦੇਖ ਕੇ ਡਾਕਟਰਾਂ ਨੂੰ ਬੁਲਾਉਣੀ ਪਈ ਪੁਲਿਸ
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਰੁੱਸੀ ਧੀ ਨੂੰ ਸੁਹਰੇ ਛੱਡਣ ਆਏ ਦੋਵੇਂ ਪਰਿਵਾਰ ਪਹਿਲਾਂ ਪਿੰਡ ਤੇ ਫਿਰ ਹਸਪਤਾਲ ’ਚ ਭਿੜ ਗਏ। ਲਹੂਲੁਹਾਨ ਦੋਵੇਂ ਪਰਿਵਾਰਾਂ ਵੱਲੋਂ ਇੱਕ ਦੂਸਰੇ ’ਤੇ ਟੁੱਟ ਪੈਣ ’ਤੇ ਡਾਕਟਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ’ਤੇ ਪੁਲਿਸ ਚੌਂਕੀ ਬੱਸ ਅੱਡਾ ਦੀ ਪੁਲਿਸ ਹਸਪਤਾਲ ਪੁੱਜੀ, ਜਿਸ ਤੋਂ ਪਹਿਲਾਂ ਹੀ ਇੱਕ ਪਰਿਵਾਰ ਉਥੋਂ ਫਰਾਰ ਹੋ ਗਿਆ। ਦੂਸਰੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਭਰਤੀ ਕੀਤਾ ਗਿਆ।
ਜਾਣਕਾਰੀ ਅਨੁਸਾਰ ਨੇੜਲੇ ਪਿੰਡ ਕਲੇਰਾਂ ਵਿਖੇ ਰਹਿੰਦੇ ਇੱਕ ਪਰਿਵਾਰ ਦੇ ਲੜਕੇ ਦੀ ਆਪਣੀ ਪਤਨੀ ਨਾਲ ਘਰੇਲੂ ਵਿਵਾਦ ਸੀ, ਜਿਸ ਕਾਰਨ ਉਹ ਰੁੱਸ ਕੇ ਆਪਣੇ ਪੇਕੇ ਪਿੰਡ ਰਣੀਆ ਚਲੀ ਗਈ। ਦੋਵੇਂ ਪਰਿਵਾਰਾਂ ਵੱਲੋਂ ਮੋਹਤਬਰ ਵਿਅਕਤੀਆਂ ਨੇ ਦੋਵੇਂ ਧਿਰਾਂ ਵਿਚਾਲੇ ਸਮਝੌਤਾ ਕਰਨ ਦਾ ਫੈਸਲਾ ਕਰ ਲਿਆ। ਸੋਮਵਾਰ ਨੂੰ ਪਿੰਡ ਰਣੀਆ ਤੋਂ ਕੁੜੀ ਵਾਲੇ ਪੰਚਾਇਤ ਲੈ ਕੇ ਪਿੰਡ ਕਲੇਰਾਂ ਮੁੰਡੇ ਵਾਲਿਆਂ ਨਾਲ ਗੱਲਬਾਤ ਕਰਨ ਪੁੱਜੇ।
ਗੱਲਬਾਤ ਕਰਦਿਆਂ ਕੁੜੀ ਵਾਲਿਆਂ ਵੱਲੋਂ ਆਇਆ ਇਕ ਰਿਸ਼ਤੇਦਾਰ ਖ਼ਫ਼ਾ ਹੋ ਗਿਆ। ਜਿਸ ਤੋਂ ਬਾਅਦ ਮੁੰਡੇ ਵਾਲੇ ਵੀ ਉਸ ਦੇ ਵਿਰੋਧ ਵਿਚ ਡਟ ਗਏ। ਦੇਖਦੇ ਹੀ ਦੇਖਦੇ ਦੋਵੇਂ ਧਿਰਾਂ ਇੱਕ ਦੂਸਰੇ ’ਤੇ ਗਾਲੀ ਗਲੋਚ ’ਤੇ ਉਤਰ ਆਏ। ਇਸ ਦੌਰਾਨ ਉਸ ਸਮੇਂ ਪਿੰਡ ਦੀ ਪੰਚਾਇਤ ਨੂੰ ਭਾਜੜ ਪੈ ਗਈ, ਜਦੋਂ ਮੁੰਡੇ ਅਤੇ ਕੁੜੀ ਵਾਲੇ ਦੋਵੇਂ ਹੀ ਇੱਕ ਦੂਸਰੇ ’ਤੇ ਟੁੱਟ ਪਏ ਤੇ ਇੱਟਾਂ ਰੋੜੇ ਮਾਰਨ ਲੱਗ ਪਏ। ਹਵਾ ’ਚ ਵਰ੍ਹੇ ਇੱਟਾਂ ਰੋੜੇ ਕਾਰਨ ਦੋਵੇਂ ਪਾਸਿਓਂ ਕਈ ਲੋਕ ਜ਼ਖ਼ਮੀ ਹੋ ਗਏ।
ਪੰਚਾਇਤ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਪਰ ਕਾਫੀ ਸਮਾਂ ਬੀਤਣ ’ਤੇ ਵੀ ਪੁਲਿਸ ਨਾ ਪਹੁੰਚੀ। ਇਸ ਤੋਂ ਬਾਅਦ ਦੋਵੇਂ ਧਿਰਾਂ ਦੇ ਹਮਾਇਤੀ ਦੋਵਾਂ ਪਾਸਿਓਂ ਜਖ਼ਮੀਆਂ ਨੂੰ ਜਗਰਾਓਂ ਸਿਵਲ ਹਸਪਤਾਲ ਲੈ ਕੇ ਪੁੱਜੇ। ਅਜੇ ਡਾਕਟਰਾਂ ਨੇ ਇਲਾਜ ਸ਼ੁਰੂ ਹੀ ਕਰਨਾ ਸੀ ਕਿ ਹਸਪਤਾਲ ਵਿਚ ਹੀ ਦੋਵੇਂ ਧਿਰਾਂ ਭਿੜ ਪਈਆਂ, ਜਿਸ ’ਤੇ ਡਾਕਟਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਆਤਮਾ ਸਿੰਘ ਪੁਲਿਸ ਪਾਰਟੀ ਸਮੇਤ ਹਸਪਤਾਲ ਪੁੱਜੇ ਤਾਂ ਇੱਕ ਧਿਰ ਉਥੋਂ ਜਾ ਚੁੱਕੀ ਸੀ, ਜਦਕਿ ਦੂਜੀ ਧਿਰ ’ਚ ਪਿਓ-ਧੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ। ਇਸ ਮਾਮਲੇ ’ਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।