ਰੁਜ਼ਗਾਰ ਸਿਰਜਣਾ ਨੂੰ ਹੁਲਾਰਾ : ਵੀਬੀਆਰਵਾਈ ਤਹਿਤ ਦੇਸ਼ ’ਚ ਵੰਡੇ ਜਾਣਗੇ 2400 ਕਰੋੜ
ਰੋਜ਼ਗਾਰ ਸਿਰਜਣ ਨੂੰ ਹੁਲਾਰਾ: ਵੀਬੀਆਰਵਾਈ ਤਹਿਤ ਦੇਸ਼ ਭਰ ’ਚ ਵੰਡੇ ਜਾਣਗੇ 2400 ਕਰੋੜ ਰੁਪਏ
Publish Date: Thu, 18 Jun 2026 07:14 PM (IST)
Updated Date: Thu, 18 Jun 2026 07:15 PM (IST)

ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਭਾਰਤ ਸਰਕਾਰ ਦੇ ਕਿਰਤ ਤੇ ਰੁਜ਼ਗਾਰ ਮੰਤਰਾਲੇ ਵੱਲੋਂ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਦੇ ਸਫਲ ਲਾਗੂ ਹੋਣ ਮੌਕੇ 19 ਜੂਨ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ’ਚ ਰਾਸ਼ਟਰੀ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਈਪੀਐਫਓ ਕਮਿਸ਼ਨਰ ਸੌਰਭ ਸਵਾਮੀ ਨੇ ਦੱਸਿਆ ਕਿ ਸਮਾਗਮ ਰਾਹੀਂ ਪ੍ਰਧਾਨ ਮੰਤਰੀ ਵੱਲੋਂ ਡਾਇਰੈਕਟ ਬੈਨਿਫਿਟ ਟਰਾਂਸਫਰ ਰਾਹੀਂ ਲਾਭਪਾਤਰੀਆਂ ਨੂੰ ਕਰੀਬ 2400 ਕਰੋੜ ਰੁਪਏ ਦੀ ਉਤਸ਼ਾਹ ਰਾਸ਼ੀ ਜਾਰੀ ਕੀਤੀ ਜਾਵੇਗੀ। ਯੋਜਨਾ ਤਹਿਤ 15 ਲੱਖ ਤੋਂ ਵੱਧ ਵਿਅਕਤੀਆਂ ਨੂੰ ਵਾਧੂ ਰੁਜ਼ਗਾਰ ਲਈ ਸਹਾਇਤਾ ਮਿਲੇਗੀ। ਸਮਾਗਮ ਦਾ ਸਿੱਧਾ ਪ੍ਰਸਾਰਣ ਦੂਰਦਰਸ਼ਨ ’ਤੇ ਕੀਤਾ ਜਾਵੇਗਾ। ਇਸ ਮੌਕੇ ਕੇਂਦਰੀ ਕਿਰਤ ਤੇ ਰੁਜ਼ਗਾਰ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ। ਦੇਸ਼ ਭਰ ’ਚ ਇਸ ਪ੍ਰੋਗਰਾਮ ਤਹਿਤ 200 ਸਥਾਨਾਂ ’ਤੇ ਖੇਤਰੀ ਸਮਾਗਮ ਵੀ ਕਰਵਾਏ ਜਾਣਗੇ। ਇਨ੍ਹਾਂ ’ਚ ਲਗਭਗ 65 ਹਜ਼ਾਰ ਤੋਂ 70 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ’ਚ ਕਰਮਚਾਰੀ ਤੇ ਰੁਜ਼ਗਾਰਦਾਤਾ ਪ੍ਰਤੀਨਿਧੀ ਵੀ ਸ਼ਾਮਲ ਹੋਣਗੇ। ਲੁਧਿਆਣਾ ’ਚ ਈਪੀਐਫਓ ਦੇ ਖੇਤਰੀ ਦਫ਼ਤਰ ਭਵਿੱਖ ਨਿਧੀ ਭਵਨ ਵਿਖੇ ਵੀ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ, ਜਿਸ ’ਚ ਕਰਮਚਾਰੀ, ਨਿਯੋਗਤਾ ਤੇ ਪ੍ਰਮੁੱਖ ਉਦਯੋਗਿਕ ਅਦਾਰਿਆਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ। ਯੋਜਨਾ ਦਾ ਉਦੇਸ਼ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਦਾ ਉਦੇਸ਼ ਰਸਮੀ ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ, ਪਹਿਲੀ ਵਾਰ ਨੌਕਰੀ ਕਰਨ ਵਾਲੇ ਕਰਮਚਾਰੀਆਂ ਨੂੰ ਸਹਾਇਤਾ ਦੇਣਾ ਅਤੇ ਇੰਪਲਾਇਰਾਂ ਨੂੰ ਵਾਧੂ ਰੁਜ਼ਗਾਰ ਪੈਦਾ ਕਰਨ ਲਈ ਪ੍ਰੇਰਿਤ ਕਰਨਾ ਹੈ। ਯੋਜਨਾ ਤਹਿਤ ਪਹਿਲੀ ਵਾਰ ਨਿਯੁਕਤ ਕਰਮਚਾਰੀਆਂ ਨੂੰ ਇੱਕ ਮਹੀਨੇ ਦੀ ਤਨਖਾਹ ਦੇ ਬਰਾਬਰ ਵੱਧ ਤੋਂ ਵੱਧ 15 ਹਜ਼ਾਰ ਰੁਪਏ ਤੱਕ ਦੀ ਉਤਸ਼ਾਹ ਰਾਸ਼ੀ ਦਿੱਤੀ ਜਾਂਦੀ ਹੈ। ਉੱਥੇ ਹੀ ਵਾਧੂ ਰੁਜ਼ਗਾਰ ਪੈਦਾ ਕਰਨ ਵਾਲੇ ਇੰਪਲਾਇਰਾਂ ਨੂੰ ਦੋ ਸਾਲ ਤੱਕ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਪੰਜਾਬ ’ਚ ਹੁਣ ਤੱਕ ਭਾਗ-ਏ ਅਧੀਨ 16,417 ਕਰਮਚਾਰੀਆਂ ਨੂੰ 8.80 ਕਰੋੜ ਰੁਪਏ ਤੋਂ ਵੱਧ ਦੀ ਉਤਸ਼ਾਹ ਰਾਸ਼ੀ ਮਿਲੀ ਹੈ, ਜਦਕਿ ਭਾਗ-ਬੀ ਅਧੀਨ 1,256 ਇੰਪਲਾਇਰਾਂ ਨੂੰ 24.35 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਦਿੱਤੀ ਗਈ ਹੈ। ਕੇਂਦਰ ਸਰਕਾਰ ਅਨੁਸਾਰ ਇਹ ਯੋਜਨਾ ਦੇਸ਼ ’ਚ ਰੁਜ਼ਗਾਰ ਦੇ ਮੌਕੇ ਵਧਾਉਣ, ਸਮਾਜਿਕ ਸੁਰੱਖਿਆ ਦਾ ਵਿਸਥਾਰ ਕਰਨ ਅਤੇ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ’ਚ ਅਹਿਮ ਭੂਮਿਕਾ ਨਿਭਾਏਗੀ।