- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਡੀਸੀ ਦਫ਼ਤਰ, ਨਗਰ ਨਿਗਮ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਤਲਾਸ਼ੀ ਲਈ। ਸੁਰੱਖਿਆ ਕਰਮਚਾਰੀਆਂ ਨੇ ਇਮਾਰਤਾਂ ਅਤੇ ਆਸ-ਪਾਸ ਦੇ ਇਲਾਕਿਆਂ ਦੀ ਬਰੀਕੀ ਨਾਲ ਜਾਂਚ ਕੀਤੀ, ਪਰ ਕੋਈ ਵੀ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਨਹੀਂ ਮਿਲੀ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਬੁੱਧਵਾਰ ਨੂੰ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਡਿਪਟੀ ਕਮਿਸ਼ਨਰ (ਡੀਸੀ) ਲੁਧਿਆਣਾ ਤੇ ਨਗਰ ਨਿਗਮ ਲੁਧਿਆਣਾ ਦੇ ਅਧਿਕਾਰਕ ਈ-ਮੇਲ ਆਈਡੀਜ਼ 'ਤੇ ਮਨੁੱਖੀ ਬੰਬ ਰਾਹੀਂ ਧਮਾਕੇ ਕਰਨ ਦੀ ਧਮਕੀ ਭਰੀ ਈ-ਮੇਲ ਪ੍ਰਾਪਤ ਹੋਈ। ਧਮਕੀ ਮਿਲਦੇ ਹੀ ਪੁਲਿਸ, ਖੁਫੀਆ ਏਜੰਸੀਆਂ ਤੇ ਸੁਰੱਖਿਆ ਬਲ ਤੁਰੰਤ ਅਲਰਟ ਹੋ ਗਏ ਅਤੇ ਸੰਵੇਦਨਸ਼ੀਲ ਥਾਵਾਂ ਦੀ ਸਖ਼ਤ ਜਾਂਚ ਸ਼ੁਰੂ ਕਰ ਦਿੱਤੀ ਗਈ।
ਜਾਣਕਾਰੀ ਅਨੁਸਾਰ ਇਹ ਈ-ਮੇਲ LucyMiller (lucymeta@gmail.com) ਨਾਮਕ ਪਤੇ ਤੋਂ ਨਗਰ ਨਿਗਮ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਦੇ ਅਧਿਕਾਰਕ ਈ-ਮੇਲ ਆਈਡੀਜ਼ ‘ਤੇ ਭੇਜੀ ਗਈ ਸੀ। ਈ-ਮੇਲ 'ਚ ਦਾਅਵਾ ਕੀਤਾ ਗਿਆ ਕਿ ਲੁਧਿਆਣਾ ਦੇ ਮੇਅਰ ਦਫ਼ਤਰ, ਨਗਰ ਨਿਗਮ ਦਫ਼ਤਰ ਅਤੇ ਡੀਸੀ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਰੇਲਵੇ ਟਰੈਕਾਂ ‘ਤੇ ਵੀ ਧਮਾਕਿਆਂ ਦੀ ਧਮਕੀ ਦਿੱਤੀ ਗਈ।
ਧਮਕੀ ਭਰੇ ਸੁਨੇਹੇ 'ਚ ਇਹ ਵੀ ਲਿਖਿਆ ਗਿਆ ਕਿ ਜਿਵੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਮਨੁੱਖੀ ਬੰਬ ਰਾਹੀਂ ਕੀਤੀ ਗਈ ਸੀ, ਉਸੇ ਤਰ੍ਹਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ। ਈ-ਮੇਲ 'ਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ।
ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਡੀਸੀ ਦਫ਼ਤਰ, ਨਗਰ ਨਿਗਮ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਤਲਾਸ਼ੀ ਲਈ। ਸੁਰੱਖਿਆ ਕਰਮਚਾਰੀਆਂ ਨੇ ਇਮਾਰਤਾਂ ਅਤੇ ਆਸ-ਪਾਸ ਦੇ ਇਲਾਕਿਆਂ ਦੀ ਬਰੀਕੀ ਨਾਲ ਜਾਂਚ ਕੀਤੀ, ਪਰ ਕੋਈ ਵੀ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਨਹੀਂ ਮਿਲੀ।
ਇਸ ਦੇ ਨਾਲ ਹੀ ਸਾਈਬਰ ਕ੍ਰਾਈਮ ਮਾਹਿਰਾਂ ਅਤੇ ਖੁਫੀਆ ਏਜੰਸੀਆਂ ਨੇ ਈ-ਮੇਲ ਭੇਜਣ ਵਾਲੇ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਵੱਲੋਂ ਈ-ਮੇਲ ਦੇ ਸਰੋਤ, ਆਈਪੀ ਐਡਰੈੱਸ ਅਤੇ ਹੋਰ ਡਿਜ਼ੀਟਲ ਸੁਰਾਗਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਧਮਕੀ ਦੇਣ ਵਾਲੇ ਤੱਕ ਪਹੁੰਚਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਲੁਧਿਆਣਾ ਅਤੇ ਪੰਜਾਬ ਦੇ ਕਈ ਸੰਵੇਦਨਸ਼ੀਲ ਸਥਾਨਾਂ ਨੂੰ ਇਸ ਤਰ੍ਹਾਂ ਦੀਆਂ ਧਮਕੀ ਭਰੀਆਂ ਈ-ਮੇਲਾਂ ਮਿਲ ਚੁੱਕੀਆਂ ਹਨ। 18 ਮਈ 2026 ਨੂੰ ਲੁਧਿਆਣਾ ਦੇ ਛੇ ਸਕੂਲਾਂ ਅਤੇ ਹਲਵਾਰਾ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ 10 ਮਾਰਚ ਨੂੰ ਲੁਧਿਆਣਾ ਦੇ 10 ਸਕੂਲਾਂ, 23 ਅਪ੍ਰੈਲ ਨੂੰ ਚਾਰ ਸਕੂਲਾਂ, 10 ਫਰਵਰੀ ਨੂੰ ਮੋਹਾਲੀ ਦੇ 16 ਸਕੂਲਾਂ ਅਤੇ 9 ਜਨਵਰੀ ਨੂੰ ਲੁਧਿਆਣਾ ਅਦਾਲਤੀ ਕੰਪਲੈਕਸ ਨੂੰ ਵੀ ਅਜਿਹੀਆਂ ਈ-ਮੇਲਾਂ ਮਿਲੀਆਂ ਸਨ। ਹਾਲਾਂਕਿ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਜਾਂਚ ਦੌਰਾਨ ਕੋਈ ਵੀ ਧਮਾਕਾਖੇਜ਼ ਸਮੱਗਰੀ ਨਹੀਂ ਮਿਲੀ ਸੀ ਅਤੇ ਧਮਕੀਆਂ ਝੂਠੀਆਂ ਸਾਬਤ ਹੋਈਆਂ ਸਨ।
ਵਧੀਕ ਡਿਪਟੀ ਪੁਲਿਸ ਕਮਿਸ਼ਨਰ (ADCP) ਦੇਵ ਸਿੰਘ ਨੇ ਦੱਸਿਆ ਕਿ ਧਮਕੀ ਵਾਲੀ ਈ-ਮੇਲ ਮਿਲਣ ਤੋਂ ਬਾਅਦ ਪੁਲਿਸ ਟੀਮਾਂ ਨੇ ਸਾਰੇ ਸੰਬੰਧਤ ਸਥਾਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ, ਪਰ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।