- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਪ੍ਰਧਾਨ ਵੱਲੋਂ ਮਹਾਨ ਪੰਜਾਬੀ ਕੌਮ ਨੂੰ ‘ਇਮੋਸ਼ਨਲੀ ਬਲੱਡੀ ਫੂਲ’ ਕਹਿਣਾ ਨਿੰਦਣਯੋਗ

ਭਗਵੰਤ ਮਾਨ ਸਰਕਾਰ ਫੌਰੀ ਦਰਜ ਕਰੇ ਪਰਚਾ : ਤਲਵੰਡੀ
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜ਼ਿਲ੍ਹਾ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜੱਥੇਦਾਰ ਗੁਰਮੇਲ ਸਿੰਘ ਢੱਟ, ਰਣਜੀਤ ਸਿੰਘ ਗੁੜੇ ਅਤੇ ਜਸਵੰਤ ਸਿੰਘ ਮਾਨ ਨੇ ਭੱਖਦੇ ਮਸਲਿਆਂ ਬਾਰੇ ਵਿਚਾਰ ਚਰਚਾ ਕਰਦਿਆਂ ਆਪੋ ਆਪਣੇ ਸੁਝਾਅ ਪੇਸ਼ ਕਰਦਿਆਂ ਮੱਤਿਆਂ ਨੂੰ ਪ੍ਰਵਾਨਗੀ ਦਿੱਤੀ। ਚੰਡੀਗੜ੍ਹ ਦੇ ਭਾਜਪਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਵੱਲੋਂ ਪੰਜਾਬੀਆਂ ਨੂੰ ‘ਇਮੋਸ਼ਨਲੀ ਬਲੱਡੀ ਫੂਲ’ ਗਰਦਾਨੇ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਭਾਰਤ ਦੀ ਪ੍ਰਮੁੱਖ ਅੰਨਦਾਤਾ ਤੇ ਸਦੀਆਂ ਤੋਂ ਮੁਲਕ ਦੇ ਲੋਕਾਂ ਦੀ ਰਾਖੀ ਲਈ ਲਾਮਿਸਾਲ ਕੁਰਬਾਨੀਆਂ ਕਰਨ ਵਾਲੀ ਪੰਜਾਬ ਕੌਮ ਦੀ ਵੱਡੀ ਤੌਹੀਨ ਹੈ।
ਇਹ ਪਹਿਲੇ ਦਿੱਲੀ ਮੋਰਚੇ ’ਚ 750 ਅਤੇ ਦੂਜੇ ਦਿੱਲੀ ਮੋਰਚੇ ’ਚ 45 ਜਾਨਾਂ ਲੈਣ ਵਾਲੀ ਭਾਜਪਾ ਅਤੇ ਆਰਐਸਐਸ ਦੀ ਪੰਜਾਬੀਆਂ ਪ੍ਰਤੀ ਅੰਦਰਲੀ ਨਫ਼ਰਤ ਤੇ ਦੁਸ਼ਮਣੀ ਦਾ ਪ੍ਰਗਟਾਵਾ ਹੈ। ਜੱਥੇਬੰਦੀ ਨੇ ਅਣਖੀ ਪੰਜਾਬ ਕੌਮ ਨੂੰ ਅਪੀਲ ਕਰਦਿਆਂ ਕਿਹਾ ਘਟੀਆ ਮਾਨਸਿਕਤਾ ਵਾਲੀ ਭਾਜਪਾ ਦਾ ਜਿੰਨਾ ਵੀ ਵਿਰੋਧ ਕੀਤਾ ਜਾਵੇ ਉਨਾਂ ਹੀ ਥੋੜ੍ਹਾ ਹੈ। ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਪੰਜਾਬ ਕੌਮ ਦੀ ਤੌਹੀਨ ਅਤੇ ਬੇਇਜ਼ਤੀ ਕਰਨ ਅਤੇ ਪੰਜਾਬ ਦੇ ਸ਼ਾਂਤ ਪਾਣੀਆਂ ਨੂੰ ਅੱਗ ਲਾਉਣ ਬਦਲੇ ਪ੍ਰਧਾਨ ’ਤੇ ਫੌਰੀ ਪਰਚਾ ਦਰਜ ਕਰਕੇ ਗਿ੍ਰਫ਼ਤਾਰ ਕੀਤਾ ਜਾਵੇ।
ਆਗੂਆਂ ਨੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਭਾਖੜਾ ਡੈਮ ਦਾ ਪੂਰਾ ਪ੍ਰਬੰਧ ਫੌਰੀ ਪੰਜਾਬ ਦੇ ਹਵਾਲੇ ਕੀਤਾ ਜਾਵੇ ਅਤੇ ਸਾਉਣੀ ਦੀਆਂ ਫਸਲਾਂ ਲਈ ਪੰਜਾਬ ਸਰਕਾਰ ਦੀਆਂ ਸਹਿਕਾਰੀ ਸਭਾਵਾਂ ਵੱਲੋਂ ਹੱਦ ਕਰਜ਼ਾ ਪੁਰਾਣੀਆਂ ਦਰਾਂ 25440 ਰੁਪਏ ਏਕੜ ਦੀਆਂ 8 ਸਾਲ ਪੁਰਾਣੀਆਂ (ਅੱਜ ਦੀ ਮਹਿੰਗਾਈ ਦੇ ਮੁਤਾਬਿਕ ਮਾਮੂਲੀ) ਦਰਾਂ ’ਤੇ ਦਿੱਤੇ ਜਾਣਾ ਸਾਬਤ ਕਰਦਾ ਹੈ ਕਿ ਭਗਵੰਤ ਮਾਨ ਵੱਲੋਂ 15 ਦੇ ਕਰੀਬ ਫਸਲਾਂ ਲਈ ਜੂਨ ਦੇ ਪਹਿਲੇ ਹਫ਼ਤੇ ਜਾਰੀ ਕੀਤੀਆਂ ਨਵੀਆਂ ਵੱਖ-ਵੱਖ ਦਰਾਂ 40000 ਤੋਂ 52000 ਰੁ. ਪ੍ਰਤੀ ਏਕੜ ਵੋਟ ਪੈਂਤਰੇ ਵੱਜੋਂ ਕੇਵਲ ’ਹਾਥੀ ਦੇ ਦੰਦ’ ਸਾਬਤ ਹੋ ਰਹੀਆਂ ਹਨ। ਇਸ ਮੌਕੇ ਗੁਰਸੇਵਕ ਸਿੰਘ ਸੋਨੀ ਸਵੱਦੀ, ਹਰਪਾਲ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਨਿਰਭੈ ਸਿੰਘ ਤਲਵੰਡੀ, ਗੁਰਦੇਵ ਸਿੰਘ ਢੱਟ, ਅਮਰਜੀਤ ਸਿੰਘ ਖੰਜਰਵਾਲ, ਲਛਮਣ ਸਿੰਘ ਸਿੱਧਵਾਂ, ਬਲਦੇਵ ਸਿੰਘ ਪੰਡੋਰੀ, ਗੁਰਚਰਨ ਸਿੰਘ ਮੰਡਿਆਣੀ, ਗੁਰਦੀਪ ਸਿੰਘ ਸਵੱਦੀ, ਦਰਸ਼ਨ ਸਿੰਘ ਗੁੜੇ ਅਤੇ ਹਰਦੇਵ ਸਿੰਘ ਤਲਵੰਡੀ ਆਦਿ ਹਾਜ਼ਰ ਸਨ।