- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਤਿਨ ਨਬੀਨ ਨੇ ਕਿਹਾ ਕਿ ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤੋਂ ਯਾਤਰਾ ਕਰਦੇ ਹੋਏ ਗੁਰੂਆਂ, ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਪੰਜਾਬ 'ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਦੇਸ਼ ਦੀ ਏਕਤਾ ਅਤੇ ਸੁਰੱਖਿਆ ਲਈ ਅਹਿਮ ਯੋਗਦਾਨ ਪਾਇਆ ਹੈ ਅਤੇ ਹਮੇਸ਼ਾ ਹੀ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦੀ ਰੱਖਿਆ ਕੀਤੀ ਹੈ।

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ : ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਪ੍ਰਧਾਨ ਬਨਣ ਤੋਂ ਬਾਅਦ ਐਤਵਾਰ ਨੂੰ ਪਹਿਲੀ ਵਾਰ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਪਹੁੰਚੇ। ਉਨ੍ਹਾਂ ਦਾ ਲੁਧਿਆਣਾ ਪਹੁੰਚਣ ਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਗਰਮਜੌਸ਼ੀ ਨਾਲ ਸਵਾਗਤ ਕੀਤਾ। ਇਸ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਜ਼ਿਲ੍ਹਾ ਦਫਤਰ ਦੇ ਸਾਹਮਣੇ ਸਬ-ਸਰਕਲ ਕਾਜਕਰਤਾ ਸਮੇਲਨ ਨੂੰ ਸੰਬੋਧਨ ਕੀਤਾ।
ਇਸ ਮੌਕੇ ਬੋਲਦਿਆਂ ਨਿਤਿਨ ਨਬੀਨ ਨੇ ਕਿਹਾ ਕਿ ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤੋਂ ਯਾਤਰਾ ਕਰਦੇ ਹੋਏ ਗੁਰੂਆਂ, ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਪੰਜਾਬ 'ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਦੇਸ਼ ਦੀ ਏਕਤਾ ਅਤੇ ਸੁਰੱਖਿਆ ਲਈ ਅਹਿਮ ਯੋਗਦਾਨ ਪਾਇਆ ਹੈ ਅਤੇ ਹਮੇਸ਼ਾ ਹੀ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦੀ ਰੱਖਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠ ਦੇਸ਼ ਦੀ ਵਿਰਾਸਤ ਅਤੇ ਵਿਕਾਸ ਦੋਵਾਂ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਪਿਛਲੇ 12 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਤਰੱਕੀ ਤੇ ਵਿਕਾਸ ਦੀਆਂ ਨਵੀਆਂ ਉਚਾਈਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਦਿਲ ਵਿੱਚ ਵੱਸਦੇ ਹਨ ਅਤੇ ਪੰਜਾਬ ਵੀ ਪ੍ਰਧਾਨ ਮੰਤਰੀ ਦੇ ਦਿਲ ਵਿੱਚ ਵੱਸਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹਰ ਘਰ ਤੱਕ ਪਹੁੰਚਾਉਣਾ ਭਾਜਪਾ ਵਰਕਰਾਂ ਦੀ ਜ਼ਿੰਮੇਵਾਰੀ ਹੈ।
ਨਿਤਿਨ ਨਬੀਨ ਨੇ ਕਿਹਾ ਕਿ ਪੰਜਾਬ ਐਮਐਸਐਮਈ ਖੇਤਰ ਦਾ ਵੱਡਾ ਕੇਂਦਰ ਬਣ ਸਕਦਾ ਸੀ, ਪਰ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਸੂਬਾ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਲੰਕ ਨੂੰ ਖਤਮ ਕਰ ਕੇ ਪੰਜਾਬ ਨੂੰ ਮੁੜ ਵਿਕਾਸ ਦੇ ਰਾਹ ’ਤੇ ਲਿਆਉਣ ਦਾ ਸਮਾਂ ਆ ਗਿਆ ਹੈ। ਭਾਜਪਾ ਕਿਸਾਨੀ, ਉਦਯੋਗ ਅਤੇ ਵਪਾਰ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ 'ਤੇ ਚੜ੍ਹੇ ਕਰਜ਼ੇ ਅਤੇ ਖਰਚ ਕੀਤੇ ਗਏ ਲੱਖਾਂ ਕਰੋੜ ਰੁਪਏ ਦਾ ਇੱਕ-ਇੱਕ ਪੈਸੇ ਦਾ ਹਿਸਾਬ ਪੰਜਾਬ ਦੇ ਲੋਕ ਮੰਗਣਗੇ ਅਤੇ ਭਾਜਪਾ ਕਰਜ਼ੇ ਦੇ ਬੋਝ ਨੂੰ ਘਟਾਉਣ ਲਈ ਕੰਮ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਾਲੀ ਪਾਰਟੀ ਹੈ ਅਤੇ ਦੇਸ਼ ਦੇ 22 ਰਾਜਾਂ ਵਿੱਚ ਵਿਕਾਸ ਦੇ ਮਾਡਲ ਇਸ ਦੀ ਮਿਸਾਲ ਹਨ।
‘ਸਰਬੱਤ ਦਾ ਭਲਾ’ ਹੈ ਭਾਜਪਾ ਦਾ ਮਕਸਦ
ਭਾਜਪਾ ਪ੍ਰਧਾਨ ਨੇ ਕਿਹਾ ਕਿ 2014 ਤੋਂ ਬਾਅਦ ਦੇਸ਼ ਵਿੱਚ ਰਾਸ਼ਟਰੀ ਪਛਾਣ ਨੂੰ ਨਵੀਂ ਮਜ਼ਬੂਤੀ ਮਿਲੀ ਹੈ ਅਤੇ ਜੰਮੂ-ਕਸ਼ਮੀਰ ਦੇ ਲਾਲ ਚੌਕ ਵਿੱਚ ਤਿਰੰਗਾ ਸ਼ਾਨ ਨਾਲ ਲਹਿਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਗੁਰੂ ਸਾਹਿਬਾਨਾਂ ਦੇ ਸਤਿਕਾਰ ਨੂੰ ਸਭ ਤੋਂ ਉੱਪਰ ਰੱਖਦੇ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹਰ ਪੋਲਿੰਗ ਬੂਥ ਤੱਕ ਪਹੁੰਚ ਕਰਕੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਤੇ ਭਾਜਪਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ। ਉਨ੍ਹਾਂ ਕਿਹਾ ਕਿ ਜੇਕਰ ਹਰ ਵਰਕਰ ਸੰਕਲਪ ਲੈ ਕੇ ਮੈਦਾਨ ਵਿੱਚ ਉਤਰੇ ਤਾਂ ਕੋਈ ਵੀ ਤਾਕਤ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮਕਸਦ ‘ਸਰਬੱਤ ਦਾ ਭਲਾ’ ਹੈ ਅਤੇ ਇਹ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਪੰਜਾਬ ਦੇ ਵਿਕਾਸ ਦਾ ਮਿਸ਼ਨ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਨੂੰ ਇੱਕ ਵਿਕਸਤ ਅਤੇ ਖੁਸ਼ਹਾਲ ਸੂਬੇ ਵਜੋਂ ਸਥਾਪਿਤ ਕਰਨ ਲਈ ਭਾਜਪਾ ਪੂਰੀ ਤਨਦੇਹੀ ਨਾਲ ਕੰਮ ਕਰੇਗੀ ਅਤੇ ਸੂਬੇ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।