ਸਟੱਡੀ ਵੀਜ਼ੇ ਦੇ ਨਾਂ 'ਤੇ ਵੱਡੀ ਖੇਡ! ਨੌਜਵਾਨ ਦੇ ਦਸਤਾਵੇਜ਼ਾਂ 'ਤੇ ਕੱਢਿਆ ਫਰਜ਼ੀ GST ਨੰਬਰ, ਇਮੀਗ੍ਰੇਸ਼ਨ ਮਾਲਕ ਖ਼ਿਲਾਫ਼ ਮਾਮਲਾ ਦਰਜ
ਸਟੱਡੀ ਵੀਜ਼ੇ 'ਤੇ ਵਿਦੇਸ਼ ਭੇਜਣ ਦਾ ਸੁਪਨਾ ਦਿਖਾ ਕੇ ਇੱਕ ਨੌਜਵਾਨ ਦੇ ਦਸਤਾਵੇਜ਼ਾਂ ਦੀ ਕਥਿਤ ਦੁਰਵਰਤੋਂ ਕਰਨ ਅਤੇ ਉਸ ਦੀ ਜਾਣਕਾਰੀ ਤੋਂ ਬਿਨਾਂ ਉਸ ਦੇ ਨਾਂ 'ਤੇ ਫਰਜ਼ੀ ਜੀਐਸਟੀ ਫਰਮ ਰਜਿਸਟਰ ਕਰਵਾਉਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੜਤਾਲ ਦੌਰਾਨ ਦੋਸ਼ਾਂ ਵਿੱਚ ਤੱਥ ਸਾਹਮਣੇ ਆਉਣ ਤੋਂ ਬਾਅਦ ਥਾਣਾ ਦੁੱਗਰੀ ਪੁਲਿਸ ਨੇ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਪ੍ਰਬੰਧਕਾਂ ਅਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਧੋਖਾਧੜੀ, ਜਾਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
Publish Date: Sat, 27 Jun 2026 03:15 PM (IST)
Updated Date: Sat, 27 Jun 2026 03:17 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਸਟੱਡੀ ਵੀਜ਼ੇ 'ਤੇ ਵਿਦੇਸ਼ ਭੇਜਣ ਦਾ ਸੁਪਨਾ ਦਿਖਾ ਕੇ ਇੱਕ ਨੌਜਵਾਨ ਦੇ ਦਸਤਾਵੇਜ਼ਾਂ ਦੀ ਕਥਿਤ ਦੁਰਵਰਤੋਂ ਕਰਨ ਅਤੇ ਉਸ ਦੀ ਜਾਣਕਾਰੀ ਤੋਂ ਬਿਨਾਂ ਉਸ ਦੇ ਨਾਂ 'ਤੇ ਫਰਜ਼ੀ ਜੀਐਸਟੀ ਫਰਮ ਰਜਿਸਟਰ ਕਰਵਾਉਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੜਤਾਲ ਦੌਰਾਨ ਦੋਸ਼ਾਂ ਵਿੱਚ ਤੱਥ ਸਾਹਮਣੇ ਆਉਣ ਤੋਂ ਬਾਅਦ ਥਾਣਾ ਦੁੱਗਰੀ ਪੁਲਿਸ ਨੇ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਪ੍ਰਬੰਧਕਾਂ ਅਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਧੋਖਾਧੜੀ, ਜਾਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ 21 ਸਾਲਾ ਪੁੱਤਰ ਜਸਪ੍ਰੀਤ ਸਿੰਘ ਨੂੰ ਸਟਡੀ ਵੀਜ਼ੇ ਰਾਹੀਂ ਵਿਦੇਸ਼ ਭੇਜਣ ਲਈ ਲੁਧਿਆਣਾ ਸਥਿਤ ਇੱਕ ਇਮੀਗ੍ਰੇਸ਼ਨ ਸੈਂਟਰ ਨਾਲ ਸੰਪਰਕ ਕੀਤਾ ਸੀ। ਦੋਸ਼ ਹੈ ਕਿ ਵੀਜ਼ਾ ਪ੍ਰਕਿਰਿਆ ਦੇ ਬਹਾਨੇ ਸੈਂਟਰ ਦੇ ਪ੍ਰਬੰਧਕਾਂ ਨੇ ਜਸਪ੍ਰੀਤ ਸਿੰਘ ਦੇ ਸਾਰੇ ਲੋੜੀਂਦੇ ਦਸਤਾਵੇਜ਼ ਆਪਣੇ ਕੋਲ ਰੱਖ ਲਏ।
ਸ਼ਿਕਾਇਤ ਅਨੁਸਾਰ ਬਾਅਦ ਵਿੱਚ ਨੌਜਵਾਨ ਦੀ ਜਾਣਕਾਰੀ ਅਤੇ ਮਨਜ਼ੂਰੀ ਤੋਂ ਬਿਨਾਂ ਉਸ ਦੇ ਪੈਨ ਕਾਰਡ ਦੀ ਵਰਤੋਂ ਕਰਕੇ ਉਸ ਦੇ ਨਾਂ 'ਤੇ 'ਮੇਸਰਜ਼ ਪ੍ਰੀਤ ਟ੍ਰੇਡਰਜ਼' ਨਾਮ ਦੀ ਫਰਮ ਰਜਿਸਟਰ ਕਰਵਾ ਦਿੱਤੀ ਗਈ ਅਤੇ ਉਸ ਲਈ ਜੀਐਸਟੀ ਨੰਬਰ ਵੀ ਜਾਰੀ ਕਰਵਾ ਲਿਆ ਗਿਆ। ਪਰਿਵਾਰ ਨੂੰ ਇਸ ਕਥਿਤ ਧੋਖਾਧੜੀ ਦਾ ਪਤਾ ਲੱਗਣ 'ਤੇ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ।
ਪੜਤਾਲ ਦੌਰਾਨ ਦੋਸ਼ਾਂ ਵਿੱਚ ਤੱਥ ਸਾਹਮਣੇ ਆਉਣ ਉਪਰੰਤ ਥਾਣਾ ਦੁੱਗਰੀ ਪੁਲਿਸ ਨੇ ਸਮਾਰਟ ਸਟਡੀ ਇਮੀਗ੍ਰੇਸ਼ਨ ਸੈਂਟਰ ਦੇ ਪ੍ਰਬੰਧਕਾਂ ਅਤੇ ਰੋਹਨ ਨਾਮਕ ਵਿਅਕਤੀ ਖ਼ਿਲਾਫ਼ ਧਾਰਾਵਾਂ 420, 465, 467, 468, 471 ਅਤੇ 120-ਬੀ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਅਮਲੋਕ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ।