- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਤਰ੍ਹਾਂ ਬੀਐੱਸ-6 ਸ੍ਰੈਣੀ ਦੇ ਵਪਾਰਕ ਵਾਹਨਾਂ ਲਈ ਛੇ ਸਾਲ ਤਕ ਦੋ ਸਾਲ, ਛੇ ਤੋਂ ਦਸ ਸਾਲ ਤਕ ਇਕ ਸਾਲ ਅਤੇ ਦਸ ਸਾਲ ਤੋਂ ਵੱਧ ਉਮਰ ਹੋਣ ’ਤੇ ਛੇ ਮਹੀਨੇ ਦੀ ਮਿਆਦ ਨਿਰਧਾਰਤ ਕੀਤੀ ਗਈ ਹੈ। ਇਸ ਬਦਲਾਅ ਦਾ ਅਸਰ ਲੁਧਿਆਣਾ ਦੇ ਟਰਾਂਸਪੋਰਟ ਕਾਰੋਬਾਰ ਤੇ ਨਿੱਜੀ ਵਾਹਨ ਮਾਲਕਾਂ ’ਤੇ ਵੀ ਪਵੇਗਾ। ਖਾਸ ਕਰ ਕੇ ਪੁਰਾਣੇ ਪ੍ਰਦੂਸ਼ਣ ਮਾਪਦੰਡਾਂ ਵਾਲੇ ਵਾਹਨਾਂ ਦੇ ਮਾਲਕਾਂ ਨੂੰ ਹੁਣ ਘੱਟ ਸਮੇਂ ਦੇ ਵਕਫ਼ੇ ’ਤੇ ਪ੍ਰਦੂਸ਼ਣ ਜਾਂਚ ਕਰਵਾਉਣੀ ਪਵੇਗੀ।

ਜਗਜੀਤ ਜੰਡੂ, ਪੰਜਾਬੀ ਜਾਗਰਣ, ਲੁਧਿਆਣਾ : ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ’ਤੇ ਨਿਗਰਾਨੀ ਰੱਖਣ ਤੇ ਪ੍ਰਦੂਸ਼ਣ ਜਾਂਚ ਸਰਟੀਫਿਕੇਟ ਦੀ ਵਿਵਸਥਾ ਵਿਚ ਕੇਂਦਰ ਸਰਕਾਰ ਨੇ ਵੱਡਾ ਬਦਲਾਅ ਕੀਤਾ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵਲੋਂ ਜਾਰੀ ਕੀਤੇ ਨਵੇਂ ਨਿਯਮ ਪੰਜਾਬ ਸਮੇਤ ਪੂਰੇ ਦੇਸ਼ ਵਿਚ ਲਾਗੂ ਹੋ ਗਏ ਹਨ। ਨਵੀਂ ਵਿਵਸਥਾ ਤਹਿਤ ਵਾਹਨ ਦੇ ਪ੍ਰਦੂਸ਼ਣ ਮਾਪਦੰਡ ਅਤੇ ਉਸ ਦੀ ਉਮਰ ਦੇ ਆਧਾਰ ’ਤੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (ਪੀਯੂਸੀ) ਦੀ ਮਿਆਦ ਤੈਅ ਕੀਤੀ ਗਈ ਹੈ। ਮੰਤਰਾਲੇ ਦੇ ਨੋਟੀਫਿਕੇਸ਼ਨ ਨੰਬਰ ਜੀਐੱਸਆਰ 991 (ਈ) ਅਨੁਸਾਰ ਬੀਐੱਸ-1, ਬੀਐੱਸ-2 ਅਤੇ ਬੀਐੱਸ-3 ਸ੍ਰੈਣੀ ਦੇ ਵਾਹਨਾਂ ਲਈ ਪੀਯੂਸੀ ਸਰਟੀਫਿਕੇਟ ਦੀ ਮਿਆਦ ਤਿੰਨ ਮਹੀਨੇ ਹੋਵੇਗੀ, ਜਦਕਿ ਬੀਐੱਸ-4 ਵਾਹਨਾਂ ਲਈ ਇਹ ਮਿਆਦ ਛੇ ਮਹੀਨੇ ਮਿੱਥੀ ਗਈ ਹੈ। ਬੀਐੱਸ-6 ਸ੍ਰੈਣੀ ਦੇ ਨਿੱਜੀ ਵਾਹਨਾਂ ਲਈ ਛੇ ਸਾਲ ਤਕ ਦੀ ਉਮਰ ਹੋਣ ’ਤੇ ਤਿੰਨ ਸਾਲ, ਛੇ ਤੋਂ ਦਸ ਸਾਲ ਤਕ ਇਕ ਸਾਲ ਅਤੇ ਦਸ ਸਾਲ ਤੋਂ ਵੱਧ ਉਮਰ ਹੋਣ ’ਤੇ ਛੇ ਮਹੀਨੇ ਦੀ ਮਿਆਦ ਹੋਵੇਗੀ। ਇਸੇ ਤਰ੍ਹਾਂ ਬੀਐੱਸ-6 ਸ੍ਰੈਣੀ ਦੇ ਵਪਾਰਕ ਵਾਹਨਾਂ ਲਈ ਛੇ ਸਾਲ ਤਕ ਦੋ ਸਾਲ, ਛੇ ਤੋਂ ਦਸ ਸਾਲ ਤਕ ਇਕ ਸਾਲ ਅਤੇ ਦਸ ਸਾਲ ਤੋਂ ਵੱਧ ਉਮਰ ਹੋਣ ’ਤੇ ਛੇ ਮਹੀਨੇ ਦੀ ਮਿਆਦ ਨਿਰਧਾਰਤ ਕੀਤੀ ਗਈ ਹੈ। ਇਸ ਬਦਲਾਅ ਦਾ ਅਸਰ ਲੁਧਿਆਣਾ ਦੇ ਟਰਾਂਸਪੋਰਟ ਕਾਰੋਬਾਰ ਤੇ ਨਿੱਜੀ ਵਾਹਨ ਮਾਲਕਾਂ ’ਤੇ ਵੀ ਪਵੇਗਾ। ਖਾਸ ਕਰ ਕੇ ਪੁਰਾਣੇ ਪ੍ਰਦੂਸ਼ਣ ਮਾਪਦੰਡਾਂ ਵਾਲੇ ਵਾਹਨਾਂ ਦੇ ਮਾਲਕਾਂ ਨੂੰ ਹੁਣ ਘੱਟ ਸਮੇਂ ਦੇ ਵਕਫ਼ੇ ’ਤੇ ਪ੍ਰਦੂਸ਼ਣ ਜਾਂਚ ਕਰਵਾਉਣੀ ਪਵੇਗੀ। ਦੂਜੇ ਪਾਸੇ ਨਵੇਂ ਬੀਐੱਸ-6 ਵਾਹਨਾਂ ਦੇ ਮਾਲਕਾਂ ਨੂੰ ਮੁਕਾਬਲਤਨ ਲੰਬੀ ਮਿਆਦ ਦਾ ਲਾਭ ਮਿਲੇਗਾ। ਨਵੇਂ ਨਿਯਮਾਂ ਵਿਚ ਪਹਿਲਾਂ ਤੋਂ ਜਾਰੀ ਸਰਟੀਫਿਕੇਟਾਂ ਬਾਰੇ ਵੀ ਸਪੱਸ਼ਟ ਵਿਵਸਥਾ ਕੀਤੀ ਗਈ ਹੈ। ਮੌਜੂਦਾ ਪੀਯੂਸੀ ਸਰਟੀਫਿਕੇਟ ਆਪਣੀ ਮਿੱਥੀ ਮਿਆਦ ਖ਼ਤਮ ਹੋਣ ਤਕ ਵੈਧ ਰਹਿਣਗੇ। ਸੋਧੀ ਹੋਈ ਮਿਆਦ ਪਹਿਲੀ ਵਾਰ ਨਵੀਨੀਕਰਨ ਕਰਵਾਉਣ ਸਮੇਂ ਲਾਗੂ ਹੋਵੇਗੀ। ਮਿਆਦ ਖ਼ਤਮ ਹੋਣ ਤੋਂ ਪਹਿਲਾਂ ਦੇ ਆਖਰੀ ਦਸ ਦਿਨਾਂ ਦੌਰਾਨ ਨਵੀਨੀਕਰਨ ਕਰਵਾਉਣ ’ਤੇ ਨਵਾਂ ਸਰਟੀਫਿਕੇਟ ਪੁਰਾਣੇ ਸਰਟੀਫਿਕੇਟ ਦੀ ਮਿਆਦ ਖ਼ਤਮ ਹੋਣ ਦੀ ਤਾਰੀਖ ਤੋਂ ਲਾਗੂ ਹੋਵੇਗਾ। ਹੁਣ ਲੁਧਿਆਣਾ ਵਿੱਚ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਅਧਿਕਾਰਤ ਪ੍ਰਦੂਸ਼ਣ ਜਾਂਚ ਕੇਂਦਰਾਂ ਵੱਲੋਂ ਨਵੀਂ ਵਿਵਸਥਾ ਲਾਗੂ ਕਰਨ ਲਈ ਕੀ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਪੁਰਾਣੇ ਵਾਹਨਾਂ ਦੀ ਜਾਂਚ ਲਈ ਲੋੜੀਂਦੀਆਂ ਸਹੂਲਤਾਂ ਉਪਲੱਬਧ ਹਨ ਜਾਂ ਨਹੀਂ।