ਬਲਜੀਤ ਸਿੰਘ ਢੰਡਾਰੀ ਕਲਾਂ ਦੇ ਬਲਾਕ ਪ੍ਰਧਾਨ ਨਿਯੁਕਤ
ਕਾਂਗਰਸ ਐਸਸੀ ਡਿਪਾਰਟਮੇਂਟ ਦੇ ਬਲਜੀਤ ਸਿੰਘ ਢੰਡਾਰੀ ਕਲਾਂ ਨੂੰ ਬਲਾਕ ਪ੍ਰਧਾਨ ਨਿਯੁਕਤ
Publish Date: Sat, 20 Jun 2026 07:43 PM (IST)
Updated Date: Sun, 21 Jun 2026 04:10 AM (IST)

10) ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਢੰਡਾਰੀ ਕਲਾਂ ਦੇ ਵਾਰਡ-32 ’ਚ ਕਾਂਗਰਸ ਦੇ ਵਰਕਰਾਂ ਤੇ ਇਲਾਕਾ ਨਿਵਾਸੀਆਂ ਦਾ ਇਕ ਵਿਸ਼ਾਲ ਇਕੱਠ ਹੋਇਆ। ਇਸ ਇਕੱਠ ਦੌਰਾਨ ਕਾਂਗਰਸ ਦੇ ਐਸਸੀ ਡਿਪਾਰਟਮੈਂਟ ਦੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਰਾਹੁਲ ਪੁਹਾਲ ਵੱਲੋਂ ਜਥੇਦਾਰ ਰਾਮ ਸਿੰਘ ਦੇ ਪੁੱਤਰ ਬਲਜੀਤ ਸਿੰਘ ਢੰਡਾਰੀ ਨੂੰ ਉਹਨਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਐੱਸਸੀ ਡਿਪਾਰਟਮੈਂਟ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਹਨਾਂ ਦੀ ਅਗਵਾਈ ਹੇਠ ਇਹ ਨਿਯੁਕਤੀ ਪੱਤਰ ਸੌਂਪਿਆ। ਇਸ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਬੈਂਸ ਨੇ ਮੌਜੂਦਾ ਸਰਕਾਰ ਤੇ ਤਿੱਖੇ ਸਿਆਸੀ ਹਮਲੇ ਕੀਤੇ। ਐੱਸਸੀ ਭਾਈਚਾਰੇ ਦੇ ਹੱਕ ’ਚ ਆਵਾਜ਼ ਬੁਲੰਦ ਕਰਦਿਆਂ ਬੈਂਸ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਹੁਣ ਤੱਕ ਐੱਸਸੀ ਭਾਈਚਾਰੇ ਲਈ ਜ਼ਮੀਨੀ ਪੱਧਰ ਤੇ ਕੁੱਝ ਨਹੀਂ ਕੀਤਾ। ਚੋਣਾਂ ਵੇਲੇ ਵੱਡੇ-ਵੱਡੇ ਵਾਅਦੇ ਕਰਨ ਵਾਲੀ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਗਰੀਬ ਅਤੇ ਪਛੜੇ ਵਰਗਾਂ ਨੂੰ ਬਿਲਕੁਲ ਵਿਸਾਰ ਦਿੱਤਾ ਹੈ। ਭਾਈਚਾਰੇ ਦੀਆਂ ਭਲਾਈ ਸਕੀਮਾਂ, ਵਜ਼ੀਫ਼ੇ ਤੇ ਹੱਕ ਸਿਰਫ਼ ਕਾਗਜ਼ਾਂ ਤੱਕ ਸੀਮਤ ਰਹਿ ਗਏ ਹਨ। ਕਾਂਗਰਸ ਪਾਰਟੀ ਹਮੇਸ਼ਾ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਅਸੀਂ ਐਸਸੀ ਭਾਈਚਾਰੇ ਦੇ ਹੱਕਾਂ ਦੀ ਲੜਾਈ ਸੜਕ ਤੋਂ ਲੈ ਕੇ ਸੰਸਦ ਤੱਕ ਲੜਾਂਗੇ।ਐਡਵੋਕੇਟ ਰਾਹੁਲ ਨੇ ਕਿਹਾ ਕਿ ਬਲਜੀਤ ਸਿੰਘ ਢੰਡਾਰੀ ਦੀ ਨਿਯੁਕਤੀ ਨਾਲ ਪਾਰਟੀ ਦੇ ਐਸਸੀ ਵਿੰਗ ਨੂੰ ਹੇਠਲੇ ਪੱਧਰ ਤੇ ਵੱਡੀ ਮਜ਼ਬੂਤੀ ਮਿਲੇਗੀ। ਢੰਡਾਰੀ ਨੇ ਪਾਰਟੀ ਹਾਈਕਮਾਂਡ, ਸਿਮਰਜੀਤ ਸਿੰਘ ਬੈਂਸ ਅਤੇ ਐਡਵੋਕੇਟ ਰਾਹੁਲ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਦਿਨ-ਰਾਤ ਇੱਕ ਕਰਕੇ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਹਮੇਸ਼ਾ ਤਤਪਰ ਰਹਿਣਗੇ। ਮੀਟਿੰਗ ’ਚ ਬਲਾਕ ਪ੍ਰਧਾਨ ਬਲਜੀਤ ਸਿੰਘ ਮਾਨ ਟੋਨੀ ਅਰੋੜਾ ਸਾਬਕਾ ਕੌਂਸਲਰ ਅਤੇ ਉਪ ਪ੍ਰਧਾਨ ਜ਼ਿਲ੍ਹਾ ਕਾਂਗਰਸ ਹਰਵਿੰਦਰ ਸਿੰਘ ਕਲੇਰ, ਅਲਵੇਲ ਸਿੰਘ ਗਰਚਾ, ਮਨਜੀਤ ਸਿੰਘ ਸੈਣੀ, ਰਾਮ ਸਿੰਘ, ਬਲਜੀਤ ਸਿੰਘ ਬੱਲੀ, ਰਵਿੰਦਰ ਰਾਵਤ, ਬਲਜੀਤ ਸਿੰਘ ਮਾਨ, ਹਰਵਿੰਦਰ ਸਿੰਘ ਕਲੇਰ, ਗਗਨ ਢੰਡਾਰੀ, ਪ੍ਰਿੰਸ ਪੰਮਾ, ਪਰਦੀਪ ਸਿੰਘ ਗਰਚਾ, ਰੋਹਨ ਪਾਠਕ ਅਤੇ ਇਲਾਕੇ ਦੇ ਪਤਵੰਤੇ ਸੱਜਣ, ਕਾਂਗਰਸੀ ਵਰਕਰ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਨਵ-ਨਿਯੁਕਤ ਆਗੂਆਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ।