ਆਸਟ੍ਰੇਲੀਆ ਦੀ ਔਰਤ 'ਤੇ ਧੋਖਾਧੜੀ ਦਾ ਕੇਸ ਦਰਜ, ਮ੍ਰਿਤਕ ਪਤੀ ਦੇ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਬਣਵਾਇਆ ਆਧਾਰ ਕਾਰਡ; FIR ਦਰਜ
ਨਿਊ ਬੀਆਰਐਸ ਨਗਰ ਦੀ ਵਾਸੀ ਬਲਵਿੰਦਰ ਕੌਰ ਦੀ ਸ਼ਿਕਾਇਤ ਅਤੇ ਪੜਤਾਲ ਦੇ ਆਧਾਰ 'ਤੇ ਥਾਣਾ ਸਰਾਭਾ ਨਗਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਦੇ ਪੁੱਤਰ ਅਮਰਬੀਰ ਸਿੰਘ ਦਾ ਵਿਆਹ ਜਸਪ੍ਰੀਤ ਕੌਰ ਨਾਲ 17 ਜਨਵਰੀ 2023 ਨੂੰ ਹੋਇਆ ਸੀ।
Publish Date: Fri, 05 Jun 2026 10:46 AM (IST)
Updated Date: Fri, 05 Jun 2026 10:48 AM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ: ਲੁਧਿਆਣਾ ਦੇ BRS ਨਗਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਵਿੱਚ ਆਸਟ੍ਰੇਲੀਆ ਵਿੱਚ ਰਹਿ ਰਹੀ ਇੱਕ ਔਰਤ 'ਤੇ ਆਪਣੇ ਮ੍ਰਿਤਕ ਪਤੀ ਦੇ ਦਸਤਾਵੇਜ਼ਾਂ ਦੀ ਦੁਰਵਰਤੋਂ ਕਰਕੇ ਗਲਤ ਤਰੀਕੇ ਨਾਲ ਆਧਾਰ ਕਾਰਡ ਬਣਵਾਉਣ ਦੇ ਦੋਸ਼ ਲੱਗੇ ਹਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਆਧਾਰ ਕਾਰਡ ਬਣਵਾਉਣ ਲਈ ਲਾਜ਼ਮੀ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਅਤੇ ਅਸਲ ਤੱਥਾਂ ਨੂੰ ਲੁਕਾ ਕੇ ਇਹ ਕਾਰਵਾਈ ਕੀਤੀ ਗਈ, ਜਿਸ ਤੋਂ ਬਾਅਦ ਧੋਖਾਧੜੀ ਅਤੇ ਆਧਾਰ ਐਕਟ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਨਿਊ ਬੀਆਰਐਸ ਨਗਰ ਦੀ ਵਾਸੀ ਬਲਵਿੰਦਰ ਕੌਰ ਦੀ ਸ਼ਿਕਾਇਤ ਅਤੇ ਪੜਤਾਲ ਦੇ ਆਧਾਰ 'ਤੇ ਥਾਣਾ ਸਰਾਭਾ ਨਗਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਦੇ ਪੁੱਤਰ ਅਮਰਬੀਰ ਸਿੰਘ ਦਾ ਵਿਆਹ ਜਸਪ੍ਰੀਤ ਕੌਰ ਨਾਲ 17 ਜਨਵਰੀ 2023 ਨੂੰ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਅਮਰਬੀਰ ਸਿੰਘ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਜਸਪ੍ਰੀਤ ਕੌਰ ਨੇ ਪਿੰਡ ਸੁਨੇਤ ਦੇ ਸ਼ਮਸ਼ਾਨ ਘਾਟ ਤੋਂ ਆਪਣੇ ਮ੍ਰਿਤਕ ਪਤੀ ਦੇ ਅੰਤਿਮ ਸੰਸਕਾਰ ਨਾਲ ਸਬੰਧਤ ਡੁਪਲੀਕੇਟ ਰਸੀਦ ਪ੍ਰਾਪਤ ਕੀਤੀ।
ਦੋਸ਼ ਹੈ ਕਿ ਜਸਪ੍ਰੀਤ ਕੌਰ ਉਸ ਸਮੇਂ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਰਹਿ ਰਹੀ ਸੀ, ਫਿਰ ਵੀ ਉਸ ਨੇ ਭਾਰਤ ਵਿੱਚ ਮੌਜੂਦ ਰਹਿਣ ਅਤੇ ਆਧਾਰ ਕਾਰਡ ਬਣਵਾਉਣ ਲਈ ਲਾਜ਼ਮੀ ਰਿਹਾਇਸ਼ੀ ਸ਼ਰਤਾਂ ਪੂਰੀਆਂ ਕੀਤੇ ਬਿਨਾਂ, ਅਸਲ ਜਾਣਕਾਰੀ ਨੂੰ ਲੁਕਾ ਕੇ ਆਧਾਰ ਕਾਰਡ ਬਣਵਾ ਲਿਆ।
ਪੁਲਿਸ ਦੀ ਪੜਤਾਲ ਵਿੱਚ ਇਸ ਮਾਮਲੇ ਨੂੰ ਧੋਖਾਧੜੀ ਅਤੇ ਆਧਾਰ ਐਕਟ ਦੀ ਉਲੰਘਣਾ ਮੰਨਿਆ ਗਿਆ। ਇਸ ਤੋਂ ਬਾਅਦ ਜਸਪ੍ਰੀਤ ਕੌਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 420 ਅਤੇ ਆਧਾਰ (ਟਾਰਗੇਟਡ ਡਿਲਿਵਰੀ ਆਫ਼ ਫਾਇਨੈਂਸ਼ਲ ਐਂਡ ਅਦਰ ਸਬਸਿਡੀਜ਼, ਬੈਨੀਫਿਟਸ ਐਂਡ ਸਰਵਿਸਿਜ਼) ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਏਐਸਆਈ ਅਜੀਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਅਗਲੇਰੀ ਪੜਤਾਲ ਕਰ ਰਹੀ ਹੈ।