ਦੋਪਹੀਆ ਵਾਹਨ ਸਵਾਰ ਹਥਿਆਰਬੰਦਾਂ ਨੇ ਸ਼ਰੇਆਮ ਕੀਤੀ ਗੁੰਡਾਗਰਦੀ
ਦੋ ਪਹੀਆ ਵਾਹਨ ਸਵਾਰ ਹਥਿਆਰਬੰਦਾ ਨੇ ਸ਼ਰੇਆਮ ਕੀਤੀ ਗੁੰਡਾਗਰਦੀ
Publish Date: Sun, 28 Jun 2026 10:18 PM (IST)
Updated Date: Mon, 29 Jun 2026 04:10 AM (IST)

4 ਮਹੀਨੇ ਪਹਿਲਾਂ ਨੌਜਵਾਨ ਨੂੰ ਕੁੱਟ ਕੇ ਨੰਗਾ ਕਰਨ ਦੀ ਵੀਡੀਓ ਕੀਤਾ ਵਾਇਰਲ ਵੀਡੀਓ ਵਾਇਰਲ ਹੋਣ ਮਗਰੋਂ ਦੋਵਾਂ ਗੁੱਟਾਂ ’ਚ ਹੋਇਆ ਟਕਰਾਅ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਗੈਂਗਵਾਰ ਤੇ ਨਿੱਜੀ ਰੰਜਿਸ਼ ਦੇ ਚੱਲਦੇ ਮਹਾਨਗਰ ’ਚ ਸ਼ਰੇਆਮ ਗੁੰਡਾਗਰਦੀ ਦੀ ਇੱਕ ਹੋਰ ਵਾਰਦਾਤ ਕਾਰਨ ਸਲੇਮ ਟਾਬਰੀ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੋ ਗੁੱਟਾਂ ਨਾਲ ਸਬੰਧਤ ਹਥਿਆਰਬੰਦ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਲਹਿਰਾਉਂਦੇ ਹੋਏ ਇੱਕ-ਦੂਜੇ ਨੂੰ ਚੈਲੇਂਜ ਕਰਦੇ ਲਲਕਾਰੇ ਮਾਰੇ ਗਏ। ਇਹੋ ਨਹੀਂ ਇਸ ਗੁੰਡਾਗਰਦੀ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਕੀਤਾ ਗਿਆ ਹੈ। ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਪ੍ਰਸ਼ਾਸਨ ਹਰਕਤ ’ਚ ਆਇਆ ਤੇ ਇਸ ਘਟਨਾ ਸਬੰਧੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।਼ ਜਾਣਕਾਰੀ ਮੁਤਾਬਕ ਸਲੇਮ ਟਾਬਰੀ ਇਲਾਕੇ ਦੇ ਰਹਿਣ ਵਾਲੇ ਇੱਕ ਗੁੱਟ ਦੀ ਹੈਬੋਵਾਲ ਰਹਿਣ ਵਾਲੇ ਦੂਜੇ ਗੁੱਟ ਨਾਲ ਕਾਫੀ ਲੰਬੇ ਸਮੇਂ ਤੋਂ ਦੁਸ਼ਮਣੀ ਚੱਲ ਰਹੀ ਹੈ ਤੇ ਕਈ ਵਾਰ ਇਨ੍ਹਾਂ ਗੁੱਟਾਂ ਦਾ ਇੱਕ-ਦੂਜੇ ਨਾਲ ਟਕਰਾਅ ਵੀ ਹੋ ਚੁੱਕਾ ਹੈ। ਅਜਿਹੇ ਹੀ ਇੱਕ 4 ਮਹੀਨੇ ਪਹਿਲਾਂ ਹੋਏ ਝਗੜੇ ’ਚ ਸਲੇਮ ਟਾਬਰੀ ਵਾਲੇ ਗਰੁੱਪ ਨੇ ਹੈਬੋਵਾਲ ਰਹਿਣ ਵਾਲੇ ਇੱਕ ਲੜਕੇ ਨੂੰ ਘੇਰ ਕੇ ਨਾ ਸਿਰਫ ਉਸ ਨਾਲ ਕੁੱਟਮਾਰ ਕੀਤੀ ਬਲਕਿ ਉਸ ਦੇ ਕੱਪੜੇ ਉਤਾਰ ਕੇ ਜ਼ਲੀਲ ਕਰਦੇ ਹੋਏ ਵੀਡੀਓ ਵੀ ਰਿਕਾਰਡ ਕਰ ਲਈ। ਘਟਨਾ ਦੇ ਕਰੀਬ ਤਿੰਨ ਸਾਢੇ ਤਿੰਨ ਮਹੀਨੇ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਦੂਜਾ ਗਰੁੱਪ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਸਲੇਮ ਟਾਬਰੀ ਵਾਲੇ ਗਰੁੱਪ ਦੇ ਮੈਂਬਰਾਂ ਦੀ ਪੈੜ ਨੱਪਣ ਲੱਗ ਗਿਆ। ਹੈਬੋਵਾਲ ਨਾਲ ਸਬੰਧਤ ਕਰੀਬ ਅੱਠ-ਦਸ ਹਥਿਆਰਬੰਦ ਨੌਜਵਾਨ ਸਲੇਮ ਟਾਬਰੀ ਇਲਾਕੇ ’ਚ ਪੁੱਜੇ ਤੇ ਹਥਿਆਰ ਲਹਿਰਾਉਂਦੇ ਹੋਏ ਸ਼ਰੇਆਮ ਵਿਰੋਧੀਆਂ ਨੂੰ ਲਲਕਾਰੇ ਮਾਰਨ ਲੱਗ ਗਏ। ਆਪਣੀ ਤਾਕਤ ਵਿਰੋਧੀ ਗਰੁੱਪ ਨੂੰ ਵਿਖਾਉਣ ਲਈ ਇਸ ਗਰੁੱਪ ਨੇ ਵੀ ਕਈ ਵੀਡੀਓ ਬਣਾਈਆਂ ਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀਆਂ। ਗੁੰਡਾਗਰਦੀ ਦੀਆਂ ਅਜਿਹੀਆਂ ਵੀਡੀਓ ਵਾਇਰਲ ਹੋਣ ਕਾਰਨ ਸਲੇਮ ਟਾਬਰੀ ਤੇ ਹੈਬੋਵਾਲ ਇਲਾਕੇ ਦੇ ਵਸਨੀਕਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਜਦੋਂ ਇਹ ਮਾਮਲਾ ਉੱਚ ਅਧਿਕਾਰੀਆਂ ਤੱਕ ਪੁੱਜਾ ਤਾਂ ਪੁਲਿਸ ਦੀਆਂ ਟੀਮਾਂ ਨੇ ਵਾਇਰਲ ਹੋ ਰਹੀਆਂ ਵੀਡੀਓ ਕਬਜ਼ੇ ’ਚ ਲੈ ਕੇ ਹਥਿਆਰਬੰਦਾ ਦੀ ਸ਼ਨਾਖਤ ਤੇ ਅਗਲੇਰੀ ਕਾਰਵਾਈ ਲਈ ਤਕਨੀਕੀ ਮਾਹਿਰਾਂ ਦੀਆਂ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।