ਦੋ ਘਰਾਂ ’ਚ ਇੱਟਾਂ-ਰੋੜੇ ਮਾਰਨ ’ਤੇ 10 ਖ਼ਿਲਾਫ਼ ਪਰਚਾ ਦਰਜ
ਗਰਲ ਫਰੈਂਡ ਨਾਲ ਰਿਸ਼ਤੇ ਦੀ ਗੱਲ ਚੱਲਣ ’ਤੇ ਦੋ ਘਰਾਂ ’ਤੇ ਬੋਲਿਆ ਸੀ ‘ਧਾਵਾ’
Publish Date: Wed, 24 Jun 2026 08:03 PM (IST)
Updated Date: Thu, 25 Jun 2026 04:05 AM (IST)

ਗਰਲ ਫਰੈਂਡ ਨਾਲ ਰਿਸ਼ਤੇ ਦੀ ਗੱਲ ਚੱਲਣ ’ਤੇ ਘਰਾਂ ’ਤੇ ਬੋਲਿਆ ਸੀ ਧਾਵਾ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ’ਚ ਪਿਛਲੇ ਦਿਨੀਂ ਅੱਧੀ ਰਾਤ ਨੂੰ ਹਥਿਆਰਬੰਦ ਨੌਜਵਾਨਾਂ ਦੇ ਝੁੰਡ ਵੱਲੋਂ ਦੋ ਘਰਾਂ ’ਚ ਇੱਟਾਂ ਰੋੜੇ ਮਾਰਨ ਦਾ ਵਿਵਾਦ ਇੱਕ ਗੁੱਟ ਦੇ ਨੌਜਵਾਨ ਦੀ ਗਰਲ ਫਰੈਂਡ ਨਾਲ ਵਿਰੋਧੀ ਗੁੱਟ ਦੇ ਨੌਜਵਾਨ ਦੇ ਰਿਸ਼ਤੇ ਦੀ ਗੱਲ ਚੱਲਣ ਕਾਰਨ ਹੋਇਆ। ਇਸ ਮਾਮਲੇ ਵਿਚ ਜਗਰਾਓਂ ਪੁਲਿਸ ਨੇ 10 ਨੌਜਵਾਨਾਂ ਅਤੇ 12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ। ਵਰਣਨਯੋਗ ਹੈ ਕਿ ਪਿਛਲੇ ਦਿਨੀਂ ਜਗਰਾਓਂ ਦੇ ਮੁਹੱਲਾ ਰਾਣੀ ਵਾਲਾ ਖੂਹ ਅਤੇ ਕੋਠੇ ਰਾਹਲਾਂ ਦੇ ਇੱਕ ਘਰ ਵਿਚ ਅੱਧੀ ਰਾਤ ਨੂੰ 20-25 ਮੋਟਰਸਾਈਕਲਾਂ ’ਤੇ ਘੁੰਮ ਰਹੇ ਹਥਿਆਰਬੰਦ ਨੌਜਵਾਨਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ। ਇਨ੍ਹਾਂ ਵੱਲੋਂ ਇਨ੍ਹਾਂ ਦੋਵਾਂ ਘਰਾਂ ’ਚ ਇੱਟਾਂ ਰੋੜੇ ਵਰਾਉਂਦਿਆਂ ਹਥਿਆਰ ਵੀ ਸੁੱਟੇ। ਦੋਵਾਂ ਘਟਨਾਵਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ’ਤੇ ਪੂਰੇ ਸ਼ਹਿਰ ’ਚ ਦਹਿਸ਼ਤ ਫੈਲ ਗਈ। ਜਗਰਾਓਂ ਪੁਲਿਸ ਨੇ ਇਸ ਮਾਮਲੇ ਵਿਚ ਇੱਕ ਧਿਰ ਦੇ ਜਖ਼ਮੀ ਹੋਏ ਨੌਜਵਾਨ ਰਾਜਵਰਿੰਦਰ ਸਿੰਘ ਉਰਫ ਹੈਪੀ ਪੁੱਤਰ ਰੂਪ ਸਿੰਘ ਵਾਸੀ ਰਾਣੀ ਵਾਲਾ ਖੂਹ ਦੇ ਬਿਆਨਾਂ ’ਤੇ ਅਜੇ ਗਿੱਲ ਉਸ ਦੇ ਪਿਤਾ ਕਾਕਾ ਡੌਨ, ਅਰਸ਼ ਵਾਸੀਆਨ ਰਾਣੀ ਵਾਲਾ ਖੂਹ, ਗਗਨਦੀਪ ਸਿੰਘ ਉਰਫ ਮਾਂਗਟ ਪੁੱਤਰ ਰੁਪਿੰਦਰ ਸਿੰਘ ਵਾਸੀ ਕੋਠੇ ਰਾਹਲਾਂ, ਜੱਸਾ, ਗੁੰਮਾ ਵਾਸੀਆਨ ਰਾਏਕੋਟ, ਜਗਦੀਪ ਸਿੰਘ ਉਰਫ ਜੱਗਾ ਪੁੱਤਰ ਬਿੰਦਰ ਸਿੰਘ, ਵਿਜੇ ਕੁਮਾਰ ਉਰਫ ਛੋਟੂ, ਮੋਹਿਤ ਦੌਧਰੀਆ, ਵਿੱਕੀ ਦੌਧਰੀਆ ਵਾਸੀਆਨ ਲਹਿੰਦੀ ਭੈਣੀ ਅਤੇ ਇੱਕ ਦਰਜਨ ਅਣਪਛਾਤੇ ਹਥਿਆਰਬੰਦਾਂ ’ਤੇ ਕਈ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਇੱਕ ਕੁੜੀ ਨਾਲ ਮੰਗਣੀ ਦੀ ਗੱਲ ਦੀ ਚੱਲਦੀ ਸੀ। ਜਿਸ ਤੇ ਉਸ ਦੇ ਵਿਰੋਧੀ ਗੁੱਟ ਦਾ ਅਜੇ ਗਿੱਲ ਕਹਿੰਦਾ ਸੀ ਕਿ ਉਹ ਕੁੜੀ ਉਸ ਦੀ ਗਰਲ ਫਰੈਂਡ ਹੈ। ਇਸੇ ਰੰਜਿਸ਼ ਨੂੰ ਲੈ ਕੇ ਉਸਨੂੰ ਪਹਿਲਾਂ 16 ਜੂਨ ਦੀ ਰਾਤ ਨੂੰ ਉਕਤ ਸਾਰਿਆਂ ਨੇ ਘੇਰ ਕੇ ਕੁੱਟਮਾਰ ਕਰ ਕੇ ਜਖ਼ਮੀ ਕਰ ਦਿੱਤਾ। ਫਿਰ 22 ਜੂਨ ਨੂੰ ਉਹ ਇਨ੍ਹਾਂ ਤੋਂ ਡਰਦਾ ਆਪਣੇ ਦੋਸਤ ਗਗਨਦੀਪ ਦੇ ਘਰ ਮੁਹੱਲਾ ਰਾਣੀ ਵਾਲਾ ਖੂਹ ਲੁਕ ਗਿਆ, ਜਿੱਥੇ ਉਨ੍ਹਾਂ ਨੇ ਹਮਲਾ ਬੋਲਿਆ ਸੀ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉੁਕਤ ਸਾਰਿਆਂ ਦੀ ਗ੍ਰਿਫ਼ਤਾਰੀ ਲਈ ਏਐੱਸਆਈ ਗੁਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਛਾਪਾਮਾਰੀ ਕਰ ਰਹੀ ਹੈ। ਇਹ ਸਾਰੇ ਜਲਦ ਪੁਲਿਸ ਹਿਰਾਸਤ ਵਿਚ ਹੋਣਗੇ।