ਅਮਿਤ ਸ਼ਾਹ ਪਹੁੰਚੇ ਲੁਧਿਆਣਾ, PAU 'ਚ ਉਤਰਿਆ ਹੈਲੀਕਾਪਟਰ; ਦਰੇਸੀ ਮੈਦਾਨ 'ਚ ਰਾਵਣ ਦਹਿਨ ਕਰਨਗੇ ਗ੍ਰਹਿ ਮੰਤਰੀ
ਪੁਲਿਸ ਅਧਿਕਾਰੀਆਂ ਨੇ ਮੈਦਾਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਭਾਜਪਾ ਆਗੂਆਂ ਅਤੇ ਵਰਕਰਾਂ 'ਚ ਅਮਿਤ ਸ਼ਾਹ ਦੇ ਸਵਾਗਤ ਨੂੰ ਲੈ ਕੇ ਉਤਸ਼ਾਹ ਹੈ। ਦੂਜੇ ਪਾਸੇ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ ਹਨ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
Publish Date: Tue, 20 Oct 2026 04:44 PM (IST)
Updated Date: Tue, 20 Oct 2026 04:47 PM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ(ਪੀਏਯੂ) ਵਿਖੇ ਪੁੱਜ ਗਏ ਹਨ। ਸ਼ਾਹ ਦਾ ਹੈਲੀਕਾਪਟਰ ਪੀਏਯੂ ਵਿਖੇ ਬਣਾਏ ਗਏ ਹੈਲੀਪੈਡ 'ਤੇ ਉਤਰਿਆ। ਇੱਥੋ ਉਹ ਕਾਰ ਰਾਹੀਂ ਸਭ ਤੋਂ ਪਹਿਲਾਂ ਪੱਤਰਕਾਰਾਂ ਨਾਲ ਡਾ. ਖੇਮ ਸਿੰਘ ਗਿੱਲ ਹਾਲ ਵਿਖੇ ਗੱਲਬਾਤ ਕਰਨਗੇ, ਉਸ ਤੋਂ ਬਾਅਦ ਉਹ ਦਰੇਸੀ ਮੈਦਾਨ ਵਿਖੇ ਪੁੱਜਣਗੇ ਜਿੱਥੇ ਰਾਵਣ ਨੂੰ ਅਗਨੀ ਭੇਟ ਕਰਨ ਦੀ ਰਸਮ ਅਦਾ ਕਰਨਗੇ।
ਸ਼ਾਹ ਦੀ ਆਮਦ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ
ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਇਸ ਦੌਰਾਨ ਚਿੱਟੇ ਖ਼ਿਲਾਫ਼ ਪ੍ਰਤੀਕਾਤਮਕ ਤੌਰ ’ਤੇ ਪੁਤਲਾ ਫੂਕਣ ਦੀ ਵੀ ਤਿਆਰੀ ਹੈ। ਪੁਲਿਸ ਅਧਿਕਾਰੀਆਂ ਨੇ ਮੈਦਾਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਭਾਜਪਾ ਆਗੂਆਂ ਅਤੇ ਵਰਕਰਾਂ ਵਿੱਚ ਅਮਿਤ ਸ਼ਾਹ ਦੇ ਸਵਾਗਤ ਨੂੰ ਲੈ ਕੇ ਉਤਸ਼ਾਹ ਹੈ। ਦੂਜੇ ਪਾਸੇ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ ਹਨ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਹਾਲਾਂਕਿ ਦਰੇਸੀ ਮੈਦਾਨ ਤਕ ਪਹੁੰਚਣ ਵਾਲੇ ਰਸਤਿਆਂ ਸਬੰਧੀ ਟ੍ਰੈਫਿਕ ਪੁਲਿਸ ਵੱਲੋਂ ਅਧਿਕਾਰਤ ਨਕਸ਼ਾ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਭਾਜਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਡਾ. ਸਤੀਸ਼ ਪੁੰਨੀਆ,ਰਾਜ ਸਭਾ ਮੈਂਬਰ ਤਰੁਣ ਚੁੱਘ, ਸੀਨੀਅਰ ਭਾਜਪਾ ਆਗੂ ਸੁਨੀਲ ਜਾਖੜ, ਮੀਡੀਆ ਇੰਚਾਰਜ ਵਨੀਤ ਜੋਸ਼ੀ ਵੀ ਹਾਜ਼ਰ ਸਨ।