- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਜਾਗਰਣ ਚ ਲੱਗੀ ਖ਼ਬਰ ਤੋਂ ਬਾਅਦ

-ਜੰਗਲਾਤ ਵਿਭਾਗ ਨੇ ਪੀਡਬਲਯੂਡੀ ਮਹਿਕਮੇ ਦੇ ਠੇਕੇਦਾਰ ਖਿਲਾਫ ਕੀਤੀ ਸ਼ਿਕਾਇਤ
ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ, ਜੌੜੇਪੁਲ ਜਰਗ - ਖੰਨਾ-ਮਾਲੇਰਕੋਟਲਾ ਮੇਨ ਸੜਕ ਦੇ ਆਲੇ ਦੁਆਲੇ ਬਰਮਾਂ ਤੇ ਮਿੱਟੀ ਨਾ ਪਾਉਣ ਸੰਬੰਧੀ 13 ਜੂਨ ਨੂੰ ਪੰਜਾਬੀ ਜਾਗਰਣ ਅਖ਼ਬਾਰ ਚ "ਖੰਨਾ ਮਾਲੇਰਕੋਟਲਾ ਰੋਡ ਤੇ ਬਰਮਾਂ ਦੁਆਲ਼ੇ ਮਿੱਟੀ ਨਾ ਭਰਨ ਕਾਰਨ ਵਾਪਰ ਰਹੇ ਹਾਦਸੇ,, ਸਿਰਲੇਖ ਹੇਠ ਖਬਰ ਛੱਪਣ ਤੇ ਤੁਰੰਤ ਲੋਕ ਨਿਰਮਾਣ ਵਿਭਾਗ ਨੇ ਹਰਕਤ ਵਿੱਚ ਆਉਂਦਿਆਂ ਜੰਗਲਾਤ ਵਿਭਾਗ ਦੀ ਜਗ੍ਹਾਂ ਵਿੱਚੋਂ ਬਿਨਾਂ ਮਨਜ਼ੂਰੀ ਲਏ ਜੌੜੇਪੁਲ ਜਰਗ ਲਾਗੇ ਜੇਸੀਬੀ ਨਾਲ ਮਿੱਟੀ ਪੁੱਟਕੇ ਸੜਕ ਦੇ ਬਰਮਾਂ ਤੇ ਪਾ ਦਿੱਤੀ, ਜਿਸ ਕਰਕੇ ਦੋਨੋਂ ਮਹਿਕਮੇ ਆਹਮੋ ਸਾਹਮਣੇ ਹੋ ਗਏ ਹਨ। ਜੰਗਲਾਤ ਵਿਭਾਗ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਠੇਕੇਦਾਰ ਖਿਲਾਫ ਇਕ ਲਿਖਤੀ ਸ਼ਿਕਾਇਤ ਪੁਲੀਸ ਚੌਂਕੀ ਰੌਣੀ ਵਿਖੇ ਦਿੱਤੀ ਗਈ ਹੈ। ਇਸ ਸੜਕ ਦੇ ਬਰਮਾਂ ਤੇ ਜੰਗਲਾਤ ਵਿਭਾਗ ਦੀ ਜਗ੍ਹਾ ਚੋਂ ਮਿੱਟੀ ਪੁੱਟਕੇ ਪਾਉਣ ਦਾ ਮਾਮਲਾ ਸ਼ੋਸਲ ਮੀਡੀਆਂ ਤੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਵੱਲੋਂ ਉਠਾਇਆ ਗਿਆ, ਜਿਸ ਵਿੱਚ ਉਨ੍ਹਾਂ ਜੰਗਲਾਤ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਦੀ ਮਿਲੀ ਭੁਗਤ ਦਾ ਖਦਸ਼ਾ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਦੇ ਦਰੱਖਤਾਂ ਚੋਂ ਜੀ ਸੀ ਬੀ ਨਾਲ ਮਿੱਟੀ ਪੁੱਟਣ ਕਰਕੇ ਰੁੱਖਾਂ ਦੀ ਜੜ੍ਹਾਂ ਕਮਜ਼ੋਰ ਹੋ ਜਾਣਗੀਆਂ, ਜੋ ਹਨੇਰੀ ਨਾਲ ਡਿੱਗਣਗੇ ਤੇ ਆਵਾਜਈ ਵਿੱਚ ਵਿਘਨ ਪਵੇਗਾ। ਇਸ ਤੇ ਗੌਰ ਕਰਦਿਆਂ ਜੰਗਲਾਤ ਵਿਭਾਗ ਦੇ ਬਲਾਕ ਅਫਸਰ ਸੁਰਿੰਦਰ ਸਿੰਘ ਭੁਮੱਦੀ ਤੇ ਬੇਲਦਾਰ ਅਮਰੀਕ ਸਿੰਘ ਪੁਲੀਸ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਨ੍ਹਾਂ ਨੇ ਮੌਕੇ ਤੇ ਚੱਲ ਰਹੀ ਜੇਸੀਬੀ ਮਸ਼ੀਨ ਦੇ ਅਪਰੇਟਰਾਂ ਨੂੰ ਰੋਕਿਆ ਤਾਂ ਉਹ ਮਸ਼ੀਨਾਂ ਨੂੰ ਲਾਗੇ ਹੀ ਬੇਅੰਤ ਰਾਈਸ ਮਿਲ ਵਿੱਚ ਖੜਾਕੇ ਮੌਕੇ ਤੋਂ ਫਰਾਰ ਹੋ ਗਏ। ਸ਼ਿਕਾਇਤ ਕਰਤਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਆਲੇ-ਦੁਆਲੇ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਕਿ ਇਹ ਕੰਮ ਪੀ ਡਬਲਿਊ ਡੀ ਦਾ ਠੇਕੇਦਾਰ ਕਰਵਾ ਰਿਹਾ ਹੈ ਜਿਸ ਨੇ ਜੰਗਲਾਤ ਵਿਭਾਗ ਦੀ ਜਗ੍ਹਾ ਵਿੱਚੋਂ ਮਿੱਟੀ ਪੁੱਟਣ ਦੀ ਮਹਿਕਮੇ ਕੋਲੋਂ ਕੋਈ ਮਨਜ਼ੂਰੀ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਪੀ ਡਬਲਿਊ ਡੀ ਦੇ ਠੇਕੇਦਾਰ ਵੱਲੋਂ ਕੀਤੇ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਗਈ ਹੈ। ਜਦੋਂ ਇਸ ਸੰਬੰਧੀ ਸਿਕਾਇਤ ਕਰਤਾ ਸੁਰਿੰਦਰ ਸਿੰਘ ਭੁਮੱਦੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਨਾਂ ਧਿਰਾਂ ਨੂੰ ਪੁਲੀਸ ਚੌਂਕੀ ਬੁਲਾਇਆ ਗਿਆ ਸੀ ਪਰ ਇਸ ਨੁਕਸਾਨ ਦੀ ਭਰਪਾਈ ਦਾ ਮਾਮਲਾ ਸਿਰੇ ਨਾ ਚੜ੍ਹ ਸਕਿਆ, ਫਿਰ ਦੁਬਾਰਾ ਬੁਲਾਇਆ ਗਿਆ ਹੈ।