- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਮੁਤਾਬਕ 8 ਅਕਤੂਬਰ ਨੂੰ ਮਾਡਲ ਟਾਊਨ ਇਲਾਕੇ ਦੇ ਇੱਕ ਘਰ ਵਿੱਚ ਚੋਰੀ ਹੋਈ ਸੀ। ਉਸ ਕੇਸ ਵਿੱਚ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜਮਾਂ ਦੀ ਪਛਾਣ ਅਮਰਗੜ੍ਹ, ਮਲੇਰਕੋਟਲਾ ਦੇ ਰਹਿਣ ਵਾਲੇ ਪ੍ਰਿੰਸ ਸ਼ਰਮਾ ਉਰਫ਼ ਪ੍ਰਿੰਸ ਅਤੇ ਫਿਲੌਰ ਦੇ ਅਮਰੂਦਾਂ ਵਾਲੇ ਬਾਗ, ਮੁਹੱਲਾ ਜਗਤਪੁਰਾ ਦੇ ਰਹਿਣ ਵਾਲੇ ਰਮਨਦੀਪ ਸਿੰਘ ਉਰਫ਼ ਰਿੰਕੂ ਵਜੋਂ ਹੋਈ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਸਾਹਮਣੇ ਸਥਿਤ ਕ੍ਰਾਈਮ ਬਰਾਂਚ-1 ਦੇ ਬਾਹਰੋਂ ਪੁਲਿਸ ਹਿਰਾਸਤ ਵਿੱਚ ਲਿਆਂਦੇ ਗਏ ਚੋਰੀ ਦੇ ਮਾਮਲੇ ਦੇ ਦੋਵੇਂ ਮੁਲਜ਼ਮ ਫਰਾਰ ਹੋ ਗਏ। ਮਾਡਲ ਟਾਊਨ ਇਲਾਕੇ ਵਿੱਚ ਘਰ ’ਚ ਹੋਈ ਚੋਰੀ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਲਿਆਂਦੇ ਗਏ ਮੁਲਜ਼ਮਾਂ ਵਿੱਚੋਂ ਇੱਕ ਨੇ ਤਬੀਅਤ ਖ਼ਰਾਬ ਹੋਣ ਦਾ ਬਹਾਨਾ ਬਣਾਇਆ ਸੀ । ਜਦੋਂ ਏਐਸਆਈ ਉਸ ਨੂੰ ਚੈੱਕ ਕਰਨ ਲੱਗੇ ਤਾਂ ਉਸ ਨੇ ਉਨ੍ਹਾਂ ਨੂੰ ਧੱਕਾ ਮਾਰ ਦਿੱਤਾ। ਇਸੇ ਦੌਰਾਨ ਦੋਵੇਂ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਵਿੱਚ ਭਾਜੜ ਪੈ ਗਈ ਅਤੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪੁਲਿਸ ਹੁਣ ਉਨ੍ਹਾਂ ਨੂੰ ਕਾਬੂ ਕਰਨ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।
ਜਾਣਕਾਰੀ ਅਨੁਸਾਰ, ਮਾਡਲ ਟਾਊਨ ਇਲਾਕੇ ਵਿੱਚ 8 ਅਕਤੂਬਰ ਨੂੰ ਘਰ ਵਿੱਚ ਚੋਰੀ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੀ ਪਛਾਣ ਅਮਰਗੜ੍ਹ, ਮਲੇਰਕੋਟਲਾ ਦੇ ਰਹਿਣ ਵਾਲੇ ਪ੍ਰਿੰਸ ਸ਼ਰਮਾ ਉਰਫ਼ ਪ੍ਰਿੰਸ ਅਤੇ ਫਿਲੌਰ ਦੇ ਅਮਰੂਦਾਂ ਵਾਲੇ ਬਾਗ, ਮੁਹੱਲਾ ਜਗਤਪੁਰਾ ਦੇ ਰਹਿਣ ਵਾਲੇ ਰਮਨਦੀਪ ਸਿੰਘ ਉਰਫ਼ ਰਿੰਕੂ ਵਜੋਂ ਹੋਈ ਹੈ। ਮਾਮਲੇ ਦੀ ਅਗਲੀ ਪੁੱਛਗਿੱਛ ਲਈ ਏਐਸਆਈ ਬਲਦੇਵ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਦੋਵਾਂ ਨੂੰ ਕ੍ਰਾਈਮ ਬਰਾਂਚ-1 ਦੇ ਦਫ਼ਤਰ ਲੈ ਕੇ ਆਏ ਸਨ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਪਾਰਟੀ ਕ੍ਰਾਈਮ ਬਰਾਂਚ ਦੇ ਦਫ਼ਤਰ ਪਹੁੰਚੀ ਤਾਂ ਉੱਥੇ ਪਹਿਲਾਂ ਹੀ ਕਿਸੇ ਹੋਰ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਇਸ ਕਾਰਨ ਏਐਸਆਈ ਬਲਦੇਵ ਸਿੰਘ ਆਪਣੇ ਸਾਥੀਆਂ ਅਤੇ ਦੋਵਾਂ ਮੁਲਜ਼ਮਾਂ ਸਮੇਤ ਪੁਲਿਸ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਮੁੱਖ ਸੜਕ ’ਤੇ ਖੜ੍ਹੀ ਗੱਡੀ ਵਿੱਚ ਬੈਠ ਕੇ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ।
ਇਸੇ ਦੌਰਾਨ ਰਮਨਦੀਪ ਸਿੰਘ ਉਰਫ਼ ਰਿੰਕੂ ਨੇ ਤਬੀਅਤ ਖ਼ਰਾਬ ਹੋਣ ਦੀ ਗੱਲ ਕਹੀ। ਜਦੋਂ ਏਐਸਆਈ ਬਲਦੇਵ ਸਿੰਘ ਨੇ ਉਸ ਦੀ ਹੱਥਕੜੀ ਖੋਲ੍ਹ ਕੇ ਹਾਲਤ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਨ੍ਹਾਂ ਨੂੰ ਧੱਕਾ ਮਾਰ ਦਿੱਤਾ। ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਦੋਵੇਂ ਮੁਲਜ਼ਮ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਏ। ਦੋਵਾਂ ਦੇ ਅਚਾਨਕ ਫਰਾਰ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਤੁਰੰਤ ਕੋਈ ਸੁਰਾਗ ਨਹੀਂ ਮਿਲ ਸਕਿਆ।
ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ
ਇਸ ਮਾਮਲੇ ਸਬੰਧੀ ਥਾਣਾ ਡਿਵੀਜ਼ਨ ਨੰਬਰ-5 ਦੇ ਏਐਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਪਾਰਟੀ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਜਲਦੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।