ਪੰਜਾਬ 'ਚ AAP ਵਿਧਾਇਕ ਨੂੰ ਮਿਲੀ ਧਮਕੀ, ਵਿਦੇਸ਼ੀ ਨੰਬਰ ਤੋਂ ਆਈ ਕਾਲ; CCTV 'ਚ ਰਾਤ ਵੇਲੇ ਘਰ ਦੇ ਬਾਹਰ ਘੁੰਮਦੀ ਦਿਖੀ ਸ਼ੱਕੀ ਕਾਰ
ਵਿਧਾਇਕ ਅਸ਼ੋਕ ਪਰਾਸ਼ਰ ਬਾਰੇ ਵੀ ਸੁਰੱਖਿਆ ਏਜੰਸੀਆਂ ਨੂੰ ਇਨਪੁਟ ਮਿਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
Publish Date: Sun, 15 Feb 2026 02:58 PM (IST)
Updated Date: Sun, 15 Feb 2026 03:04 PM (IST)
ਸੰਵਾਦ ਸਹਿਯੋਗੀ, ਲੁਧਿਆਣਾ: ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ (Kulwant Singh Sidhu) ਨੂੰ ਵਿਦੇਸ਼ੀ ਨੰਬਰ ਤੋਂ ਲਗਾਤਾਰ ਧਮਕੀ ਭਰੀਆਂ ਕਾਲਾਂ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ ਅਤੇ ਵਿਧਾਇਕ ਦੀ ਸੁਰੱਖਿਆ ਵਿਵਸਥਾ ਦੀ ਵਿਆਪਕ ਸਮੀਖਿਆ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ, ਕਰੀਬ ਦਸ ਦਿਨ ਪਹਿਲਾਂ ਇਕ ਵਿਦੇਸ਼ੀ ਨੰਬਰ ਤੋਂ ਪਹਿਲੀ ਕਾਲ ਆਈ ਸੀ। ਸ਼ੁਰੂਆਤੀ ਦੌਰ 'ਚ ਇਸ ਨੂੰ ਆਮ ਸਮਝਿਆ ਗਿਆ, ਪਰ ਬਾਅਦ 'ਚ ਲਗਾਤਾਰ ਕਾਲਾਂ ਆਉਣ ਲੱਗੀਆਂ। ਕਾਲ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਧਾਇਕ ਸਿੱਧੂ ਨੇ ਮਾਮਲੇ ਦੀ ਸੂਚਨਾ ਪੁਲਿਸ ਕਮਿਸ਼ਨਰ ਨੂੰ ਦਿੱਤੀ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ ਹਨ।
ਮਾਮਲਾ ਉਦੋਂ ਹੋਰ ਗੰਭੀਰ ਹੋ ਗਿਆ ਜਦੋਂ ਵਿਧਾਇਕ ਦੇ ਨਿਵਾਸ 'ਤੇ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ। ਸ਼ੁੱਕਰਵਾਰ ਦੇਰ ਰਾਤ ਇਕ ਕਾਰ 'ਚ ਸਵਾਰ ਕੁਝ ਸ਼ੱਕੀ ਵਿਅਕਤੀ ਘਰ ਦੇ ਆਲੇ-ਦੁਆਲੇ ਮੰਡਰਾਉਂਦੇ ਦਿਖਾਈ ਦਿੱਤੇ। ਪੁਲਿਸ ਹੁਣ ਫੁਟੇਜ ਦੇ ਆਧਾਰ 'ਤੇ ਵਾਹਨ ਤੇ ਉਸ ਵਿਚ ਸਵਾਰ ਲੋਕਾਂ ਦੀ ਪਛਾਣ ਕਰਨ 'ਚ ਜੁਟੀ ਹੈ।
ਧਮਕੀਆਂ ਦੇ ਮੱਦੇਨਜ਼ਰ ਵਿਧਾਇਕ ਦੀ ਸੁਰੱਖਿਆ ਪਹਿਲਾਂ ਹੀ ਸਖ਼ਤ ਕਰ ਦਿੱਤੀ ਗਈ ਸੀ। ਹੁਣ ਰਿਹਾਇਸ਼ ਦੇ ਬਾਹਰ ਆਉਣ-ਜਾਣ ਵਾਲਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕਾਲ ਡਿਟੇਲ ਰਿਕਾਰਡ (CDR) ਖੰਗਾਲੇ ਜਾ ਰਹੇ ਹਨ ਅਤੇ ਵਿਦੇਸ਼ੀ ਨੰਬਰ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਜਾਰੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਧਾਇਕ ਅਸ਼ੋਕ ਪਰਾਸ਼ਰ ਬਾਰੇ ਵੀ ਸੁਰੱਖਿਆ ਏਜੰਸੀਆਂ ਨੂੰ ਇਨਪੁਟ ਮਿਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।