- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਰਾਓਂ ਨਗਰ ਕੌਂਸਲ ’ਚ ‘ਆਪ’ ਅਤੇ ਭਾਜਪਾ ’ਚ ਗੱਠਜੋੜ

-ਕਾਂਗਰਸ ਦੇ ਰਜਿੰਦਰ ਕੌਰ ਨੂੰ ਹਰਾ ਕੇ ਕੰਵਰਪਾਲ ਬਣੇ ਪ੍ਰਧਾਨ, ਪੱਪੂ ਸੀਨੀਅਰ ਤੇ ਕਲੇਰ ਮੀਤ ਪ੍ਰਧਾਨ ਬਣੇ
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ‘ਆਪ’ ਨੇ ਭਾਜਪਾ ਦੇ ਸਹਿਯੋਗ ਨਾਲ ਜਿੱਤ ਲਈ। ਇਸ ਚੋਣ ’ਚ ਭਾਜਪਾ ਦੇ ਚਾਰ ਕੌਂਸਲਰਾਂ ਦੀ ਹਮਾਇਤ ਨਾਲ ‘ਆਪ’ ਦੇ ਕੰਵਰਪਾਲ ਸਿੰਘ ਪ੍ਰਧਾਨ ਦੀ ਚੋਣ ਜਿੱਤ ਗਏ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਅਤੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਵੋਟ ਸਦਕਾ ਭਾਰਤੀ ਜਨਤਾ ਪਾਰਟੀ ਦੇ ਸਤੀਸ਼ ਕੁਮਾਰ ਪੱਪੂ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਜਿੱਤੇ। ਦੋਵਾਂ ’ਚ ਗੱਠਜੋੜ ਕਾਰਨ ਕਾਂਗਰਸ ਦੇ ਵਰਿੰਦਰ ਸਿੰਘ ਕਲੇਰ ਮੀਤ ਪ੍ਰਧਾਨ ਬਣੇ। ਬੁੱਧਵਾਰ ਸਵੇਰੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਜਗਰਾਓਂ ਨਗਰ ਕੌਂਸਲ ’ਚ ਪ੍ਰਧਾਨ, ਸੀਨੀਅਰ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਚੋਣ ਹੋਈ। ਜਗਰਾਓਂ ਦੇ ਐੱਸਡੀਐੱਮ ਬਾਦਲ ਦੀਨ ਦੀ ਅਗਵਾਈ ’ਚ ਮੁਕੰਮਲ ਹੋਈ ਚੋਣ ਪ੍ਰਕਿਰਿਆ ਤੋਂ ਪਹਿਲਾਂ ਨਗਰ ਕੌਂਸਲ ਦੀਆਂ ਚੋਣਾਂ ਜਿੱਤੇ ਸਾਰੇ 23 ਕੌਂਸਲਰਾਂ ਨੂੰ ਪਹਿਲਾਂ ਸਹੁੰ ਚੁਕਾਈ।
ਇਸ ਤੋਂ ਬਾਅਦ ਪ੍ਰਧਾਨ ਦੀ ਚੋਣ ਕਰਵਾਈ ਗਈ, ਜਿਸ ਵਿਚ ‘ਆਪ’ ਨੇ ਪਹਿਲਾਂ ਸਵਾ ਤਿੰਨ ਮਹੀਨੇ ਬਤੌਰ ਕਾਰਜਕਾਰੀ ਪ੍ਰਧਾਨ ਸੇਵਾਵਾਂ ਨਿਭਾਅ ਚੁੱਕੇ ਕੰਵਰਪਾਲ ਸਿੰਘ ਨੂੰ ਉਮੀਦਵਾਰ ਉਤਾਰਿਆ ਗਿਆ, ਜਿਸ ਦੇ ਮੁਕਾਬਲੇ ਕਾਂਗਰਸ ਨੇ ਰਾਜਿੰਦਰ ਕੌਰ ਠੁਕਰਾਲ ਨੂੰ ਉਮੀਦਵਾਰ ਉਤਾਰਿਆ। ਵੋਟਿੰਗ ’ਚ ਭਾਜਪਾ ਦੇ ਚਾਰੇ ਕੌਂਸਲਰਾਂ ਨੇ ‘ਆਪ’ ਦੇ ਉਮੀਦਵਾਰ ਕੰਵਰਪਾਲ ਸਿੰਘ ਦੇ ਹੱਕ ਵਿਚ ਫਤਵਾ ਦਿੱਤਾ, ਜਿਸ ਕਾਰਨ ਭਾਜਪਾ ਦੇ 4, ਆਪ ਦੇ 8, ਅਕਾਲੀ ਦਲ ਦੇ 1 ਤੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਵੋਟ ਸਮੇਤ ਕੰਵਰਪਾਲ ਸਿੰਘ ਨੂੰ 14 ਵੋਟਾਂ ਮਿਲਣ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਲਈ ਭਾਜਪਾ ਨੇ ਸਤੀਸ਼ ਕੁਮਾਰ ਪੱਪੂ ਤੇ ਕਾਂਗਰਸ ਨੇ ਵਰਿੰਦਰ ਸਿੰਘ ਕਲੇਰ ਦਾ ਨਾਮ ਪੇਸ਼ ਕੀਤਾ। ਜਿਸ ’ਤੇ ‘ਆਪ’ ਦੇ ਕੌਂਸਲਰਾਂ ਨੇ ਵੀ ਭਾਜਪਾ ਉਮੀਦਵਾਰ ਦੇ ਹੱਕ ’ਚ ਫ਼ਤਵਾ ਦਿੰਦਿਆਂ ਉਸਨੂੰ ਵੋਟਾਂ ਪਾਈਆਂ। ਜਿਸ ਸਦਕਾ ਪੱਪੂ ਸੀਨੀਅਰ ਮੀਤ ਪ੍ਰਧਾਨ ਅਤੇ ਕਾਂਗਰਸ ਦੇ ਵਰਿੰਦਰ ਸਿੰਘ ਕਲੇਰ ਮੀਤ ਪ੍ਰਧਾਨ ਚੁਣੇ ਗਏ।
-ਪ੍ਰਧਾਨ ਕੰਵਰਪਾਲ ਨੂੰ ਕੌਂਸਲਰ ਮਾਲਵਾ ਨੇ ਨਾ ਪਾਈ ਵੋਟ
ਜਗਰਾਓਂ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਲਈ ਜਿੱਤੇ ਆਪ ਦੇ ਉਮੀਦਵਾਰ ਕੰਵਰਪਾਲ ਸਿੰਘ ਨੂੰ ਭਾਜਪਾ ਨੇ ਵੀ ਸਾਥ ਦਿੱਤਾ ਪਰ ਉਨ੍ਹਾਂ ਦੀ ਪਾਰਟੀ ਦੇ ਵਾਰਡ ਨੰਬਰ 5 ਤੋਂ ਚੋਣ ਜਿੱਤੇ ਰਵਿੰਦਰਪਾਲ ਕੌਰ ਮਾਲਵਾ ਨੇ ਵੋਟ ਨਾ ਪਾਈ। ਉਨ੍ਹਾਂ ਇਸ ਵਿਰੋਧ ਦਾ ਕਾਰਨ ਦੱਸਦਿਆਂ ਕਿਹਾ ਕਿ ਉਹ ‘ਆਪ’ ਦੇ ਸਿਪਾਹੀ ਹਨ ਪਰ ਪ੍ਰਧਾਨਗੀ ਦੇ ਉਮੀਦਵਾਰ ਕੰਵਰਪਾਲ ਸਿੰਘ ਨੇ ਉਨ੍ਹਾਂ ਦੇ ਮੁਕਾਬਲੇ ਆਪਣੀ ਧੀ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਉਤਾਰਿਆ ਸੀ। ਹਾਲਾਂਕਿ ਲੋਕਾਂ ਨੇ ਉਨ੍ਹਾਂ ਨੂੰ ਫਤਵਾ ਦੇ ਕੇ ਸ਼ਾਨਦਾਰ ਜਿੱਤ ਦਿਵਾਈ ਅਤੇ ਪ੍ਰਧਾਨ ਕੰਵਰਪਾਲ ਸਿੰਘ ਦੀ ਧੀ ਨੂੰ ਹਰਾਇਆ ਸੀ। ਉਨ੍ਹਾਂ ਕਿਹਾ ਕਿ ਇਸੇ ਵਿਰੋਧ ਵਿਚ ਉਨ੍ਹਾਂ ਵੱਲੋਂ ਵੋਟ ਨਹੀਂ ਪਾਈ ਗਈ ਤਾਂ ਕਿ ਪਾਰਟੀ ਦੀ ਪਿੱਠ ’ਚ ਛੁਰਾ ਮਾਰਨ ਵਾਲਿਆਂ ਨੂੰ ਸਬਕ ਮਿਲੇ। ਸੀਨੀਅਰ ਮੀਤ ਪ੍ਰਧਾਨ ਦੇ ਲਈ ਉਨ੍ਹਾਂ ਪਾਰਟੀ ਦੇ ਹੁਕਮਾਂ ਅਨੁਸਾਰ ਸਤੀਸ਼ ਕੁਮਾਰ ਪੱਪੂ ਨੂੰ ਵੋਟ ਪਾਈ ਹੈ।
-ਅਕਾਲੀ ਕੌਂਸਲਰ ਨੇ ਵੀ ‘ਆਪ’ ਤੇ ਭਾਜਪਾ ਨੂੰ ਪਾਈ ਵੋਟ
ਜਗਰਾਓਂ ਤੋਂ ਅਕਾਲੀ ਦਲ ਦੇ ਇਕਲੌਤੇ ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ ਨੇ ਵੀ ਪ੍ਰਧਾਨਗੀ ਦੇ ਉਮੀਦਵਾਰ ਕੰਵਰਪਾਲ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਉਮੀਦਵਾਰ ਸਤੀਸ਼ ਕੁਮਾਰ ਪੱਪੂ ਨਾਲ ਯਾਰਾਨਾ ਨਿਭਾਇਆ। ਉਨ੍ਹਾਂ ਨੇ ਦੋਵਾਂ ਅਹੁਦਿਆਂ ਦੀ ਚੋਣ ਮੌਕੇ ਆਪਣੀ ਵੋਟ ਪਾਈ।
-ਕਾਂਗਰਸ ਦੇ ਰਾਣਾ ਨੇ ਪਾਰਟੀ ਉਮੀਦਵਾਰ ਨੂੰ ਨਾ ਪਾਈ ਵੋਟ
ਜਗਰਾਓਂ ਕਾਂਗਰਸ ਵਿਚ ਨਗਰ ਕੌਂਸਲ ’ਚ ਅੱਜ ਚੋਣ ਮੌਕੇ ਧੜੇਬਾਜ਼ੀ ਜਗ ਜ਼ਾਹਿਰ ਹੋਈ। ਕਾਂਗਰਸ ਵੱਲੋਂ ਸੀਨੀਅਰ ਮੀਤ ਪ੍ਰਧਾਨ ਲਈ ਵਰਿੰਦਰ ਸਿੰਘ ਕਲੇਰ ਨੂੰ ਉਮੀਦਵਾਰ ਉਤਾਰਿਆ, ਤਾਂ ਕਾਂਗਰਸ ਦੇ ਜਤਿੰਦਰਪਾਲ ਰਾਣਾ ਨੇ ਉਨ੍ਹਾਂ ਨੂੰ ਵੋਟ ਨਾ ਪਾਈ, ਜਿਸ ਕਾਰਨ ਸੀਨੀਅਰ ਮੀਤ ਪ੍ਰਧਾਨ ਦੇ ਉਮੀਦਵਾਰ ਵਰਿੰਦਰ ਕਲੇਰ ਨੂੰ ਆਪਣੀ ਪਾਰਟੀ ਦੇ ਹੀ 9 ’ਚੋਂ ਸਿਰਫ਼ 8 ਵੋਟਾਂ ਪਈਆਂ।