- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਮਾਨ ਦੀ ਫੇਕ ਵੀਡੀਓ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੀਤਾ ਪ੍ਰਦਰਸ਼ਨ

-ਵਿਰੋਧੀਆਂ ਦੀਆਂ ਸਾਜ਼ਿਸ਼ਾਂ ਨੂੰ ਪੰਜਾਬ ਵਾਸੀ ਨਹੀਂ ਕਰਨਗੇ ਕਬੂਲ : ‘ਆਪ’ ਦੇ ਆਗੂ
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ : ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚੱਲ ਰਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਥਿਤ ਫੇਕ ਵੀਡੀਓ ਦੇ ਮਾਮਲੇ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਵੱਲੋਂ ਪ੍ਰਧਾਨ ਤੇ ਚੇਅਰਮੈਨ ਜਤਿੰਦਰ ਸਿੰਘ ਖੰਗੂੜਾ ਦੀ ਅਗਵਾਈ ਵਿੱਚ ਫਿਰੋਜ਼ਪੁਰ ਰੋਡ ਤੇ ਭਾਈ ਬਾਲਾ ਚੌਂਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ’ਚ ਪਾਰਟੀ ਦੇ ਵਿਧਾਇਕਾਂ, ਅਹੁਦੇਦਾਰਾਂ, ਕੌਂਸਲਰਾਂ ਅਤੇ ਵੱਡੀ ਗਿਣਤੀ ਵਿੱਚ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ।
ਰੋਸ ਮੁਜ਼ਾਹਰੇ ਦੌਰਾਨ ਸੰਬੋਧਨ ਕਰਦਿਆਂ ਪਾਰਟੀ ਦੇ ਸ਼ਹਿਰੀ ਪ੍ਰਧਾਨ ਤੇ ਚੇਅਰਮੈਨ ਜਤਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਹਿਤੈਸ਼ੀ ਕੰਮਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਧਦੀ ਲੋਕਪ੍ਰਿਯਤਾ ਤੋਂ ਘਬਰਾ ਕੇ ਕੁਝ ਸਿਆਸੀ ਵਿਰੋਧੀ ਘਟੀਆ ਹਥਕੰਡਿਆਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀ ਸਾਖ਼ ਨੂੰ ਢਾਹ ਲਗਾਉਣ ਲਈ ਜਾਅਲੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਜਾ ਰਹੀ ਹੈ, ਜੋ ਲੋਕਤੰਤਰ ਅਤੇ ਸਿਹਤਮੰਦ ਰਾਜਨੀਤੀ ਲਈ ਖ਼ਤਰਨਾਕ ਰੁਝਾਨ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਸੱਚ ਅਤੇ ਝੂਠ ਵਿੱਚ ਫ਼ਰਕ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਹ ਅਜਿਹੀਆਂ ਸਾਜ਼ਿਸ਼ਾਂ ਤੋਂ ਗੁੰਮਰਾਹ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੀਆਂ ਇਹ ਕੋਸ਼ਿਸ਼ਾਂ ਸਿਰਫ਼ ਸਿਆਸੀ ਲਾਭ ਹਾਸਲ ਕਰਨ ਲਈ ਕੀਤੀਆਂ ਜਾ ਰਹੀਆਂ ਹਨ, ਪਰ ਲੋਕ ਇਨ੍ਹਾਂ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਪਾਰਟੀ ਨੇ ਮੰਗ ਕੀਤੀ ਕਿ ਫੇਕ ਵੀਡੀਓ ਤਿਆਰ ਕਰਨ, ਪ੍ਰਸਾਰਿਤ ਕਰਨ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਵਾਲੇ ਅਸਲ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਡਿਜੀਟਲ ਮਾਧਿਅਮਾਂ ਦੀ ਦੁਰਵਰਤੋਂ ਕਰਕੇ ਕਿਸੇ ਵੀ ਵਿਅਕਤੀ ਦੀ ਸਾਖ਼ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਰੋਸ ਮੁਜ਼ਾਹਰੇ ’ਚ ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪ੍ਰਸ਼ਰ ਪੱਪੀ, ਕੁਲਵੰਤ ਸਿੰਘ ਸਿੱਧੂ, ਰਜਿੰਦਰਪਾਲ ਕੌਰ ਛੀਨਾ, ਸਰਬਜੀਤ ਕੌਰ ਮਾਣੂੰਕੇ, ਕੇਐਨਐਸ ਕੰਗ, ਜ਼ਿਲ੍ਹਾ ਪ੍ਰਧਾਨ ਦਿਹਾਤੀ ਤੇਜਪਾਲ ਸਿੰਘ ਗਿੱਲ, ਲੋਕ ਸਭਾ ਇੰਚਾਰਜ ਸ਼ਰਨਪਾਲ ਸਿੰਘ ਮੱਕੜ, ਮੇਅਰ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪ੍ਰਸ਼ਰ, ਅਜਿੰਦਰ ਪਾਲ ਕੌਰ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮਨੀਸ਼ਾ ਕਪੂਰ, ਵਿਜੈ ਦਾਨਵ, ਸਾਹਿਲ ਅਗਰਵਾਲ, ਨਿਧੀ ਗੁਪਤਾ, ਗੋਲੂ ਬਾਜਵਾ, ਪਰਮਵੀਰ ਪ੍ਰਿੰਸ ਤੇ ਅਮਨ ਮੋਹੀ ਸਮੇਤ ਕਈ ਸੀਨੀਅਰ ਆਗੂ ਮੌਜੂਦ ਰਹੇ। ਇਸ ਤੋਂ ਇਲਾਵਾ ਪੁਨੀਤ ਸਾਹਨੀ, ਚਰਨਜੀਤ ਸਿੰਘ ਲਾਂਬਾ, ਅਜੇ ਮਿੱਤਲ, ਦਵਿੰਦਰ ਸ਼ੇਰਪੁਰੀ, ਰਵੀ ਸਚਦੇਵਾ, ਦਸ਼ਮੇਸ਼ ਸਿੰਘ, ਸੁਖਵਿੰਦਰ ਸਿੰਘ ਚੁਗ, ਨਵਨੀਤ ਕੌਰ, ਦਵਿੰਦਰ ਵਰਮਾ, ਉਦੇ ਭਾਨ ਸਿੰਘ, ਤਜਿੰਦਰ ਸਿੰਘ ਰਾਜਾ, ਸੁਰੇਸ਼ ਗੋਇਲ, ਰਾਜੂ ਕਨੋਜੀਆ, ਰਾਜਵਿੰਦਰ ਸਿੰਘ ਖਾਲਸਾ, ਰਵਿੰਦਰ ਪਾਲ ਸਿੰਘ ਪਾਲੀ, ਪ੍ਰੀਤ ਇੰਦਰ ਸਿੰਘ ਅਤੇ ਕਰਨ ਸ਼ਰਮਾ ਸਮੇਤ ਸੈਂਕੜੇ ਵਰਕਰਾਂ ਨੇ ਵੀ ਹਾਜ਼ਰੀ ਲਗਾਈ। ਰੋਸ ਮੁਜ਼ਾਹਰੇ ਦੇ ਅੰਤ ’ਚ ਆਗੂਆਂ ਨੇ ਇਕਜੁੱਟਤਾ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਤਰੱਕੀ, ਪਾਰਦਰਸ਼ੀ ਸ਼ਾਸਨ ਅਤੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਝੂਠੇ ਪ੍ਰਚਾਰ ਜਾਂ ਸਿਆਸੀ ਦਬਾਅ ਅੱਗੇ ਝੁਕਣ ਵਾਲੀ ਨਹੀਂ।