- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਰਾਲਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਸ਼ਰਧਾਲੂਆਂ ਦਾ ਜਥਾ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

-ਸਮਾਜ ਸੇਵੀ ਹਨੀਸ਼ ਕੌਸ਼ਲ ਅਨੁਸਾਰ ਹੁਣ ਲੋਕ ਪਹਿਲੀ ਵਾਰ ਸਰਕਾਰੀ ਮੱਦਦ ਨਾਲ ਕਰ ਰਹੇ ਨੇ ਤੀਰਥਾਂ ਦੇ ਦਰਸ਼ਨ
ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ, ਸਮਰਾਲਾ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਸਮਰਾਲਾ ਹਲਕਾ ਤੋਂ ਪਹਿਲਾਂ ਵੀ ਤੀਰਥ ਯਾਤਰਾ ਲਈ ਬੱਸਾਂ ਜਾ ਚੁੱਕੀਆਂ ਹਨ। ਬੀਤੇ ਦਿਨੀਂ ਇਸ ਤੀਰਥ ਯਾਤਰਾ ਦੀ ਲੜ੍ਹੀ ਤਹਿਤ ਸਮਰਾਲਾ ਦੇ ਵਾਰਡ ਨੰਬਰ 9 ਤੇ 10 ਦੇ ਮਸੰਦ ਮੁਹੱਲਾ, ਕੰਗ ਮੁਹੱਲਾ, ਢਿੱਲੋਂ ਮੁਹੱਲਾ, ਪਾਣੀ ਵਾਲੀ ਟੈੰਕੀ, ਦੁਰਗਾ ਮੰਦਿਰ ਰੋਡ, ਵਾਲਮੀਕ ਮੁਹੱਲਾ ਦੇ ਵਸਨੀਕਾਂ ਨੂੰ ਇਸ ਯਾਤਰਾ ਲਈ ਰਵਾਨਾ ਕੀਤਾ। ਇਸ ਬੱਸ ਯਾਤਰੀਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਿਰ, ਰਾਮ ਤੀਰਥ, ਜਲ੍ਹਿਆਂਵਾਲਾ ਬਾਗ, ਵਾਹਗਾ ਬਾਰਡਰ ਅਤੇ ਹੋਰ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏਗੀ। ਇਹ ਯੋਜਨਾ ਬਜ਼ੁਰਗਾਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋ ਰਹੀ ਹੈ। ਇਸ ਯਾਤਰਾ ਨੂੰ ਸਮਾਜਸੇਵੀ ਹਨੀਸ਼ ਕੌਂਸਲ ਨੇ ਹਰੀ ਝੰਡੀ ਦੇ ਰਵਾਨਾ ਕੀਤਾ। ਝੰਡੀ ਦੇ ਮੌਕੇ ਕੌਂਸ਼ਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕ ਭਲਾਈ ਲਈ ਇਤਿਹਾਸਕ ਫ਼ੈਸਲੇ ਲੈ ਰਹੀ ਹੈ ਤੇ ਤੀਰਥ ਯਾਤਰਾ ਸਕੀਮ ਵੀ ਉਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਉਪਰਾਲਾ ਹੈ। ਸਮਾਜ ਸੇਵੀ ਹਨੀਸ਼ ਕੌਸ਼ਲ ਨੇ ਕਿਹਾ ਕਿ ਇਸ ਸਕੀਮ ਰਾਹੀਂ ਉਹ ਬਜ਼ੁਰਗ ਤੇ ਆਰਥਿਕ ਤੌਰ ’ਤੇ ਕਮਜ਼ੋਰ ਲੋਕ, ਜੋ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦੀ ਇੱਛਾ ਰੱਖਦੇ ਸਨ ਪਰ ਕਿਸੇ ਕਾਰਨ ਨਹੀਂ ਜਾ ਸਕਦੇ, ਹੁਣ ਸਰਕਾਰ ਦੀ ਮੱਦਦ ਨਾਲ ਪਵਿੱਤਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਰਹੇ ਹਨ।
ਸਰਕਾਰ ਵੱਲੋਂ ਯਾਤਰੀਆਂ ਲਈ ਆਵਾਜਾਈ, ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਸਾਰੀਆਂ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਯਾਤਰਾ ’ਤੇ ਜਾ ਰਹੇ ਮਨੀਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਸ਼ੁਰੂ ਕੀਤੀ ਗਈ ਇਹ ਸਕੀਮ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਆਰਥਿਕ ਜਾਂ ਪਰਿਵਾਰਕ ਕਾਰਨਾਂ ਕਰਕੇ ਅਜਿਹੀਆਂ ਯਾਤਰਾਵਾਂ ਨਹੀਂ ਕਰ ਸਕਦੇ, ਪਰ ਹੁਣ ਸਰਕਾਰ ਦੀ ਇਸ ਪਹਿਲ ਨਾਲ ਉਨ੍ਹਾਂ ਦੀ ਇਹ ਇੱਛਾ ਪੂਰੀ ਹੋ ਰਹੀ ਹੈ। ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਤੀਰਥ ਯਾਤਰਾ ਸਕੀਮ ਇਸ ਗੱਲ ਦਾ ਸਪੱਸ਼ਟ ਸਬੂਤ ਹੈ। ਅਜਿਹੀਆਂ ਲੋਕ ਭਲਾਈ ਸਕੀਮਾਂ ਨਾਲ ਸਰਕਾਰ ਤੇ ਲੋਕਾਂ ਵਿਚਾਲੇ ਵਿਸ਼ਵਾਸ ਹੋਰ ਮਜ਼ਬੂਤ ਹੋ ਰਿਹਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਸ਼ਮੀਰੀ ਲਾਲ ਪ੍ਰਧਾਨ ਬੁੱਧੀਜੀਵੀ ਸੈੱਲ, ਤੇਜਿੰਦਰ ਸਿੰਘ ਗਰੇਵਾਲ, ਅੰਮ੍ਰਿਤਾਪੁਰੀ, ਜਗਦੀਪ ਸਿੰਘ, ਪ੍ਰਦੀਪ ਕੁਮਾਰ, ਉਰਮਿਲ ਕੌਸ਼ਲ, ਅਮਨ ਕੌਸ਼ਲ ਆਦਿ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਹਾਜਰ ਸਨ।