ਮਕਸੂਦੜਾ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਾਈ
ਪਿੰਡ ਮਕਸੂਦੜਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
Publish Date: Tue, 23 Jun 2026 07:33 PM (IST)
Updated Date: Wed, 24 Jun 2026 04:05 AM (IST)

ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ ਰਾੜਾ ਸਾਹਿਬ : ਨਗਰ ਨਿਵਾਸੀ ਪਿੰਡ ਮਕਸੂਦੜਾ ਵੱਲੋਂ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਘੁੰਗਣੀਆਂ ਦੇ ਪ੍ਰਸ਼ਾਦਿ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਛਬੀਲ ਦੀ ਆਰੰਭਤਾ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਮੁਖੀ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਾਲਿਆਂ ਵਲੋਂ ਅਰਦਾਸ ਬੇਨਤੀ ਕਰਨ ਉਪਰੰਤ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਸੰਗਤਾਂ ਵੱਲੋਂ ਜਿੱਥੇ ਮਹਾਪੁਰਸ਼ਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਸੰਤ ਬਾਬਾ ਦਰਸ਼ਨ ਸਿੰਘ ਜੀ ਦਾ ਸਿਰੋਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਪਰੰਤ ਮਹਾਂਪੁਰਖਾਂ ਨੇ ਸੰਗਤਾਂ ਨਾਲ ਪ੍ਰਵਚਨ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਠੰਢੇ ਅਤੇ ਮਿੱਠੇ ਜਲ ਦੀ ਛਬੀਲ ਲਗਾਉਣਾ ਸਿੱਖ ਇਤਿਹਾਸ ਅਤੇ ਸੱਭਿਆਚਾਰ ਦਾ ਇੱਕ ਅਤਿ ਮਹੱਤਵਪੂਰਨ ਹਿੱਸਾ ਹੈ। ਇਸ ਦੇ ਇਤਿਹਾਸਕ ਪਿਛੋਕੜ ਅਨੁਸਾਰ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿੱਚ ਅਸਹਿ ਤਸੀਹੇ ਦਿੱਤੇ ਗਏ। ਉਨ੍ਹਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਅਤੇ ਸੀਸ ਤੇ ਬਲਦੀ ਗਰਮ ਰੇਤ ਪਾਈ ਗਈ ਪਰ ਗੁਰੂ ਸਾਹਿਬ ਨੇ ਇਸ ਜ਼ੁਲਮ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਤੇ ਤੇਰਾ ਕੀਆ ਮੀਠਾ ਲਾਗੈ ਦਾ ਉਪਦੇਸ਼ ਦਿੱਤਾ। ਸਿੱਖ ਸੰਗਤਾਂ ਇਸ ਦਿਨ ਮਾਤਮ ਮਨਾਉਣ ਦੀ ਬਜਾਏ ਗੁਰੂ ਜੀ ਦੀ ਸਿੱਖਿਆ ਤੇ ਚੱਲਦਿਆਂ ਗਰਮੀ ਦੇ ਕਸ਼ਟ ਨੂੰ ਦੂਰ ਕਰਨ ਲਈ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਚੜ੍ਹਦੀ ਕਲਾ ਅਤੇ ਸਬਰ ਦਾ ਪ੍ਰਗਟਾਵਾ ਕਰਦੀਆਂ ਹਨ। ਮਹਾਂਪੁਰਖਾਂ ਨੇ ਕਿਹਾ ਕਿ ਇਹ ਸੇਵਾ ਬਿਨਾਂ ਕਿਸੇ ਜਾਤ, ਧਰਮ ਜਾਂ ਭੇਦਭਾਵ ਦੇ ਸਭ ਨੂੰ ਪਾਣੀ ਪਿਲਾ ਕੇ ਮਾਨਵਤਾ ਦੀ ਨਿਰਸਵਾਰਥ ਸੇਵਾ ਦਾ ਸੰਦੇਸ਼ ਦਿੰਦੀ ਹੈ। ਉਪਰੰਤ ਮਹਾਂਪੁਰਖਾਂ ਨੇ ਆਲਮੀ ਤਪਸ਼ ਦੇ ਪ੍ਰਭਾਵਾਂ ਤੋਂ ਬਚਾਅ ਲਈ ਪੰਛੀਆਂ ਵਾਸਤੇ ਪਾਣੀ ਪਿਲਾਉਣ ਲਈ ਸੰਗਤਾਂ ਨੂੰ ਮਿੱਟੀ ਦੇ ਕਟੋਰੇ (ਡੂਨੇ) ਵੰਡ ਕੇ ਇਨ੍ਹਾਂ ਪਰਿੰਦਿਆਂ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਵੀ ਦਿੱਤਾ। ਮਹਾਂਪੁਰਖਾਂ ਨੇ ਕਿਹਾ ਕਿ ਸਾਨੂੰ ਮਨੁੱਖਤਾ ਦੇ ਨਾਲ਼ ਨਾਲ਼ ਬੇਜ਼ੁਬਾਨ ਪਸ਼ੂ ਪੰਛੀਆਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਪ੍ਰਤੀ ਦਇਆ ਭਾਵਨਾ ਰੱਖਣੀ ਵੀ ਸਾਡਾ ਸਭ ਦਾ ਮੁਢਲਾ ਫਰਜ਼ ਬਣਦਾ ਹੈ। ਇਸ ਮੌਕੇ ਤੇ ਜਸਵਿੰਦਰ ਸਿੰਘ ਰਾਜੀ,ਪੰਚ ਅਮਰਜੀਤ ਸਿੰਘ, ਮਿਸਤਰੀ ਹਰਬੰਸ ਸਿੰਘ, ਗੁਰਸੇਵਕ ਸਿੰਘ, ਕਰਤਾਰ ਸਿੰਘ, ਭਜਨ ਸਿੰਘ, ਮਨਵੀਰ ਸਿੰਘ, ਹਰਕੀਰਤਨ ਸਿੰਘ, ਹਰਜੋਤ ਸਿੰਘ, ਜੋਤ ਸਿੰਘ, ਸੁਖਵਿੰਦਰ ਸਿੰਘ, ਗੁਰਸਿਮਰਨ ਸਿੰਘ, ਜਸ਼ਨਪ੍ਰੀਤ ਸਿੰਘ, ਜਗਦੀਪ ਸਿੰਘ, ਗੁਰਨੂਰ ਸਿੰਘ, ਗੁਰਿੰਦਰ ਸਿੰਘ, ਕਰਨਵੀਰ ਸਿੰਘ, ਅਰਸ਼ਦੀਪ ਸਿੰਘ, ਨੂਰ ਸਿੰਘ, ਏਕਮ ਸਿੰਘ , ਕਮਲ ਸਿੰਘ, ਸੁਰਜੀਤ ਸਿੰਘ, ਨਵਦੀਪ ਸਿੰਘ, ਪ੍ਰਭ ਸਿੰਘ, ਤੇਜਪਾਲ ਸਿੰਘ, ਮਨਵੀਰ ਸਿੰਘ, ਗੁਰਪ੍ਰੀਤ ਸਿੰਘ, ਭਾਗ ਸਿੰਘ, ਦਰਸਨ ਸਿੰਘ, ਸੀਤਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਨਗਰ ਨਿਵਾਸੀ ਹਾਜ਼ਰ ਸਨ।