- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਮਹਿਲਾ’ ਕੌਂਸਲਰ ਸਿਰ ਵੀ ਸੱਜ ਸਕਦਾ ਨਗਰ ਕੌਂਸਲ ਦੇ ਪ੍ਰਧਾਨ ਦਾ ‘ਤਾਜ’

-‘ਆਪ’ ਦੇ 9 ਕੌਂਸਲਰਾਂ ਨੇ ਵਿਧਾਇਕਾ ਨੂੰ ਪ੍ਰਧਾਨ ਚੁਣਨ ਦੇ ਦਿੱਤੇ ਅਧਿਕਾਰ
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸੂਬੇ ਦੇ ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤਾਂ ਦੇ ਪ੍ਰਧਾਨ ਚੁਣਨ ਲਈ ਰਾਖਵੇਂ ਕਰਨ ਦੀ ਸੂਚੀ ਜਾਰੀ ਕਰਦਿਆਂ ਹੀ ਪ੍ਰਧਾਨ ਬਣਾਉਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਜਗਰਾਓਂ ਦੀ ਏ ਕਲਾਸ ਸ਼ੇ੍ਰਣੀ ਦੀ ਨਗਰ ਕੌਂਸਲ ਦੇ ਪ੍ਰਧਾਨਗੀ ਦੇ ਅਹੁਦੇ ਲਈ ਸੱਤਾਧਿਰ ‘ਆਪ’ ਵਿਚ ‘ਇਕ ਅਨਾਰ ਸੌ ਬਿਮਾਰ’ ਦੀ ਬਣੀ ਸਥਿਤੀ ਵਿਚ ਪ੍ਰਧਾਨਗੀ ਦਾ ਤਾਜ ਮਹਿਲਾ ਕੌਂਸਲਰ ਸਿਰ ਵੀ ਸਜ ਸਕਦਾ ਹੈ। ਕਈ ਦਿੱਗਜ਼ ਕੌਂਸਲਰਾਂ ਦੀ ਜੋਰ ਅਜਮਾਇਸ਼ ਵਿਚ ਮਹਿਲਾ ਕੌਂਸਲਰ ਦੀ ਲਾਟਰੀ ਲੱਗ ਸਕਦੀ ਹੈ।
ਇਸ ਲਈ ਸਥਾਨਕ ਲੀਡਰਸ਼ਿਪ ਅਤੇ ਸੂਬਾ ਪੱਧਰੀ ਅਹੁਦੇਦਾਰਾਂ ਨੇ ਵਿਚਾਰ ਚਰਚਾ ਵੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਜਗਰਾਓਂ ਨਗਰ ਕੌਂਸਲ ’ਤੇ ਕਾਬਜ ਹੋਣ ਲਈ 23 ਕੌਂਸਲਰਾਂ ਵਿਚੋਂ 13 ਕੌਂਸਲਰ ਚਾਹੀਦੇ ਹਨ,ਜਦਕਿ ਸੱਤਾਧਿਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਕੋਲ 9-9 ਕੌਂਸਲਰ ਹਨ। ਸੱਤਾਧਿਰ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ 10ਵੀਂ ਵੋਟ ਵਿਧਾਇਕਾ ਦੀ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਵੀ ਪ੍ਰਧਾਨ ਬਣਾਉਣ ਲਈ 3 ਕੌਂਸਲਰਾਂ ਦੀ ਭਾਲ ਹੈ। ਅਜਿਹੇ ਵਿਚ ਕਾਂਗਰਸ ਅਤੇ ਆਪ ਦੋਵੇਂ ਹੀ ਇੱਕ ਅਕਾਲੀ ਦਲ ਦੇ ਕੌਂਸਲਰ ਅਤੇ 4 ਭਾਜਪਾ ਦੇ ਕੌਂਸਲਰਾਂ ’ਤੇ ਨਜ਼ਰਾਂ ਟਿਕਾਈ ਬੈਠੇ ਹਨ। ਇਥੇ ਇਹ ਵੀ ਵਰਣਨਯੋਗ ਹੈ ਕਿ ਇਨ੍ਹਾਂ ’ਤੇ ਗੱਲ ਨਾ ਬਣੀ ਤਾਂ ਆਪ ਅਤੇ ਕਾਂਗਰਸ ਗੱਠਜੋੜ ਰਾਹੀਂ ਨਗਰ ਕੌਂਸਲ ਦਾ ਪ੍ਰਧਾਨ ਬਣਾ ਸਕਦੇ ਹਨ।
-ਵਿਧਾਇਕਾ ਨੂੰ ਪ੍ਰਧਾਨ ਦੇ ਨਾਮ ’ਤੇ ਮੋਹਰ ਲਾਉਣ ਦੀ ਦਿੱਤੀ ‘ਪਾਵਰ’
ਜਗਰਾਓਂ ਨਗਰ ਕੌਂਸਲ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਜਿੱਤੇ 9 ਕੌਂਸਲਰਾਂ ਨੇ ਅੱਜ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਘਰ ਪਹੁੰਚ ਕੇ ਉਨ੍ਹਾਂ ਸਾਰਿਆਂ ਵਿਚੋਂ ਕਿਸੇ ਨੂੰ ਵੀ ਪ੍ਰਧਾਨ ਚੁਨਣ ਦੇ ਅਧਿਕਾਰ ਦੇ ਦਿੱਤੇ। ਇਨ੍ਹਾਂ ਕੌਂਸਲਰਾਂ ਨੇ ਇਸ ਮੀਟਿੰਗ ਵਿਚ ਉਹ ਕਿਸੇ ਨੂੰ ਵੀ ਪ੍ਰਧਾਨ ਚੁਨਣ ਦੇ ਫੈਸਲੇ ’ਤੇ ਉਹ ਸਾਰੇ ਮੋਹਰ ਲਗਾਉਣਗੇ। ਇਸ ਮੀਟਿੰਗ ਵਿਚ ਆਮ ਆਦਮੀ ਪਾਰਟੀ ਦੇ ਜਿੱਤੇ ਕੌਂਸਲਰਾਂ ਵਿਚ ਵਾਰਡ ਨੰਬਰ 2 ਤੋਂ ਜਗਜੀਤ ਸਿੰਘ ਜੱਗੀ, ਵਾਰਡ ਨੰਬਰ 5 ਤੋਂ ਰਵਿੰਦਰਪਾਲ ਕੌਰ ਮਾਲਵਾ, ਵਾਰਡ ਨੰਬਰ 6 ਤੋਂ ਕੁਲਵੰਤ ਸਿੰਘ ਕਾਮਰੇਡ, ਵਾਰਡ ਨੰਬਰ 10 ਤੋਂ ਕੰਵਰਪਾਲ ਸਿੰਘ, ਵਾਰਡ ਨੰਬਰ 11 ਤੋਂ ਗੁਰਪ੍ਰੀਤ ਸਿੰਘ ਨੋਨੀ, ਵਾਰਡ ਨੰਬਰ 12 ਤੋਂ ਰਾਮ ਪ੍ਰਤਾਪ, ਵਾਰਡ ਨੰਬਰ 13 ਤੋਂ ਸੁਨੇਨਾ ਮਲਹੋਤਰਾ, ਵਾਰਡ ਨੰਬਰ 16 ਤੋਂ ਕਰਮਜੀਤ ਕੈਂਥ ਅਤੇ ਵਾਰਡ ਨੰਬਰ 23 ਤੋਂ ਗੁਰਮੀਤ ਕੌਰ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਸ਼ਾਮਲ ਹੁੰਦਿਆਂ ਵਿਧਾਇਕਾ ਨੂੰ ਅਧਿਕਾਰ ਦਿੱਤੇ।
-ਉਂਞ ਕਹਿਣ ਨੂੰ ਅਧਿਕਾਰ ਵਿਧਾਇਕਾ ਨੂੰ ਪਰ ਆਪਣੇ ਲਈ ਜ਼ੋਰ ’ਚ ਕੋਈ ਕਸਰ ਨਹੀਂ
ਜਗਰਾਓਂ ’ਚ ‘ਆਪ’ ਦੇ ਜਿੱਤੇ 9 ਕੌਂਸਲਰਾਂ ਨੇ ਚਾਹੇ ਅੱਜ ਮੀਟਿੰਗ ਕਰਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਜਗਰਾਓਂ ਨਗਰ ਕੌਂਸਲ ਲਈ ਪ੍ਰਧਾਨ ਦੀ ਚੋਣ ਲਈ ਅਧਿਕਾਰ ਦੇ ਦਿੱਤੇ ਹਨ ਪਰ ਹਕੀਕਤ ਵਿਚ ਦਾਅਵੇਦਾਰ ਆਪੋ ਆਪਣਾ ਨੰਬਰ ਲਵਾਉਣ ਲਈ ਚੰਡੀਗੜ੍ਹ ਅਤੇ ਦਿੱਲੀ ਦਰਬਾਰ ਤੱਕ ਪਹੁੰਚ ਲਗਾਈ ਬੈਠੇ ਹਨ। ਇਨ੍ਹਾਂ ਕੌਂਸਲਰਾਂ ਨੇ ਆਪਣਾ ਨਾਮ ਪ੍ਰਧਾਨਗੀ ਲਈ ਅੱਗੇ ਲਿਆਉਣ ਲਈ ਦਿੱਲੀ ਹਾਈਕਮਾਂਡ ਦੇ ਕਈ ਕੱਦ ਵਾਰ ਆਗੂਆਂ ਤੱਕ ਜਿੱਥੇ ਪਹੁੰਚ ਲੜਾਈ ਹੈ, ਉਥੇ ਚੰਡੀਗੜ੍ਹ ਪਾਰਟੀ ਦੀ ਲੀਡਰਸ਼ਿਪ ਨਾਲ ਵੀ ਗੱਲਬਾਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਦਿੱਲੀ ਅਤੇ ਚੰਡੀਗੜ੍ਹ ਦਰਬਾਰ ਤੋਂ ਵਾਪਸੀ ਪਾਉਣ ’ਤੇ ਐਤਵਾਰ ਨੂੰ ਵਿਧਾਇਕਾ ਨੂੰ ਵੀ ਅਧਿਕਾਰ ਦੇ ਦਿੱਤੇ।
-ਮਹਿਲਾ ਕੌਂਸਲਰਾਂ ’ਚੋ ਸੁਨੇਨਾ ਅਤੇ ਮਾਲਵਾ ਦੀ ਨਿਕਲ ਸਕਦੀ ਲਾਟਰੀ
ਜਗਰਾਓਂ ਨਗਰ ਕੌਂਸਲ ਦੇ ਪ੍ਰਧਾਨ ਲਈ ਜੇ ਮਹਿਲਾ ਕੌਂਸਲਰ ਦਾ ਨਾਮ ਚੁਣਿਆ ਗਿਆ ਤਾਂ ਕੌਂਸਲਰ ਸੁਨੇਨਾ ਮਲਹੋਤਰਾ ਅਤੇ ਰਵਿੰਦਰਪਾਲ ਕੌਰ ਮਾਲਵਾ ਦੀ ਲਾਟਰੀ ਲੱਗ ਸਕਦੀ ਹੈ। ਇਸ ਤੋਂ ਇਲਾਵਾ ਆਪ ਕੋਲ ਤੀਸਰੇ ਮਹਿਲਾ ਕੌਂਸਲਰ ਗੁਰਮੀਤ ਕੌਰ ਵੀ ਲਾਈਨ ਵਿਚ ਹਨ, ਜਿੰਨ੍ਹਾਂ ਦੇ ਪਤੀ ਐਡਵੋਕੇਟ ਕਰਮ ਸਿੰਘ ਸੰਧੂ, ਵਿਧਾਇਕਾ ਦੇ ਨਜ਼ਦੀਕੀ ਸਮਰਥਕਾਂ ਵਿਚ ਅੱਗੇ ਹਨ। ਕੌਂਸਲਰ ਰਵਿੰਦਰਪਾਲ ਕੌਰ ਮਾਲਵਾ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪਤੀ ਅਮਰਜੀਤ ਸਿੰਘ ਮਾਲਵਾ ਖੁਦ ਪਿਛਲੀ ਟਰਮ ਵਿਚ ਕਾਰਜਕਾਰੀ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਵਿਧਾਇਕਾ ਨਾਲ ਨਜ਼ਦੀਕੀਆਂ ਤੋਂ ਇਲਾਵਾ ਆਪਣੀ ਵੀ ਉਚ ਪਹੁੰਚ ਹੈ। ਮਹਿਲਾ ਕੌਂਸਲਰ ਸੁਨੇਨਾ ਮਲਹੋਤਰਾ ਦੀ ਗੱਲ ਕਰੀਏ ਤਾਂ ਉਹ ਵਿਧਾਇਕਾ ਦੇ ਯੈਸ ਮੈਮ ਵਜੋਂ ਹਨ। ਭਾਵ ਵਿਧਾਇਕਾ ਜੋ ਕਹਿਣਗੇ, ਉਨ੍ਹਾਂ ਲਈ ਉਹ ਬੋਲ ਹੁਕਮ ਹੋਵੇਗਾ। ਉਨ੍ਹਾਂ ਦੇ ਇਸ ਸੁਭਾਅ ਕਰਕੇ ਵੀ ਉਨ੍ਹਾਂ ਦੀ ਲਾਟਰੀ ਲੱਗ ਸਕਦੀ ਹੈ। ਇਹੀ ਨਹੀਂ ਸੁਨੇਨਾ ਮਲਹੋਤਰਾ ਪਹਿਲਾਂ ਕਾਂਗਰਸ ਵੱਲੋਂ ਵੀ ਕੌਂਸਲਰ ਦੀ ਚੋਣ ਜਿੱਤ ਚੁੱਕੇ ਹਨ ਅਤੇ ਉਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੁੰਦਿਆਂ ਵਿਧਾਇਕਾ ਦਾ ਪੂਰਾ ਸਾਥ ਦਿੱਤਾ ਹੈ।