51 ਸਿਖਿਆਰਥੀਆਂ ਨੇ ਲਿਆ ਸਿਖਲਾਈ ਕੋਰਸ ਦਾ ਲਾਹਾ
51 ਸਿਖਿਆਰਥੀਆਂ ਨੇ ਲਿਆ ਸਿਖਲਾਈ ਕੋਰਸ ਦਾ ਲਾਹਾ
Publish Date: Fri, 26 Jun 2026 06:38 PM (IST)
Updated Date: Sat, 27 Jun 2026 04:05 AM (IST)

-ਪੀਏਯੂ ਵਿਖੇ ਵਾਤਾਵਰਨ ਪੱਖੀ ਸਫਾਈ ਪਦਾਰਥ ਤਿਆਰ ਕਰਨ ਸਬੰਧੀ ਟ੍ਰੇਨਿੰਗ ਕੈਂਪ ਸਮਾਪਤ ਫੋਟੋ ਨੰਬਰ-3 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਪੀਏਯੂ ਦੇ ਸਕਿੱਲ ਡਿਵੈੱਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਹਰਬਲ ਸਾਬਣ ਅਤੇ ਬਾਇਓਐਨਜਾਈਮ ਦੀ ਵਰਤੋਂ ਕਰਕੇ ਸਫ਼ਾਈ ਪਦਾਰਥ ਤਿਆਰ ਕਰਨ ਸਬੰਧੀ ਪੰਜ ਦਿਨਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ(ਸਕਿੱਲ ਡਿਵੈਲਪਮੈਂਟ) ਨੇ ਕਿਹਾ ਕਿ ਮਾਈਕਰੋਬਾਇਓਲੋਜੀ ਤੇ ਕੈਮਿਸਟਰੀ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਕੋਰਸ ਵਿਚ 51 ਸਿਖਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਇਸ ਕੋਰਸ ਵਿੱਚ ਸ਼ਾਮਲ ਹੋਏ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਾਤਾਵਰਣ ਪੱਖੀ ਸਫ਼ਾਈ ਪਦਾਰਥ ਘਰ ਵਿੱਚ ਤਿਆਰ ਕਰ ਕੇ ਆਪਣੇ ਘਰੇਲੂ ਖਰਚਿਆਂ ਨੂੰ ਘਟਾ ਸਕਦੇ ਹਨ ਤੇ ਨਾਲ਼-ਨਾਲ਼ ਵਾਤਾਵਰਣ ਨੂੰ ਸੁਰੱਖਿਅਤ ਰੱਖਦੇ ਹੋਏ ਆਪਣੀ ਆਮਦਨੀ ਵਿੱਚ ਵਾਧਾ ਵੀ ਕਰ ਸਕਦੇ ਹਨ। ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਅਤੇ ਡਾ. ਪ੍ਰੇਰਨਾ ਕਪਿਲਾ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਕੈਮਿਸਟਰੀ ਵਿਭਾਗ ਤੋਂ ਡਾ. ਸੋਨੀਆ ਕੋਸ਼ਲ ਨੇ ਰਵਾਇਤੀ ਸਫਾਈ ਪਦਾਰਥਾਂ ਦੇ ਸਿਹਤ ਅਤੇ ਵਾਤਾਵਰਣ ਉੱਪਰ ਹੋਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਾਤਾਅਨੁਕੂਲ ਸਫਾਈ ਪਦਾਰਥ ਤਿਆਰ ਕਰਨ ਬਾਰੇ ਅਤੇ ਨੇਲ ਪਾਲਿਸ਼ ਰਿਮੂਵਰ ਤਿਆਰ ਕਰਨ ਸਬੰਧੀ ਪ੍ਰਯੋਗਤਾਮਿਕ ਵਿਧੀ ਨਾਲ ਜਾਣਕਾਰੀ ਸਾਂਝੀ ਕੀਤੀ। ਡਾ. ਉਰਮਿਲਾ ਗੁਪਤਾ, ਮੁਖੀ, ਮਾਈਕਰੋਬਾਇਓਲੋਜੀ ਨੇ ਬਾਇਓਐਨਜ਼ਾਇਮਜ਼ ਦੀ ਆਰਗੈਨਿਕ ਕਲੀਨਰ ਦੇ ਤੌਰ ’ਤੇ ਵਰਤੋਂ ਅਤੇ ਉਹਨਾਂ ਨੂੰ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ। ਡਾ. ਪ੍ਰੀਆ ਕਤਿਆਲ ਨੇ ਬਾਇਓਐਨਜਾਈਮ ਦੀ ਵੱਖ-ਵੱਖ ਤਰ੍ਹਾਂ ਨਾਲ ਵਰਤੋਂ ਅਤੇ ਐਗਰੋ ਵੇਸਟ ਤੋਂ ਬਾਇਓਐੱਨਜਾਈਮ ਤਿਆਰ ਕਰਨ ਦੀ ਵਿਧੀ ਬਾਰੇ ਅਤੇ ਬਾਇਓਐਨਜਾਈਮ ਦੀ ਕੁਆਲਟੀ ਚੈੱਕ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਡਾ. ਪ੍ਰੇਰਨਾ ਕਪਿਲਾ ਨੇ ਆਰਗੈਨਿਕ ਡਿਸ਼ ਵਾਸ਼, ਐਲੋਵੀਰਾ ਸੋਪ, ਹਰਬਲ ਸਾਬਣ ਬਣਾਉਣ ਦੀ ਕੋਲਡ ਪ੍ਰੋਸੈਸਿੰਗ ਤਰੀਕਾ, ਸਕਰਬ, ਹੈਂਡ ਵਾਸ਼, ਦਾਗ ਉਤਾਰਨ ਦੇ ਤਰੀਕਿਆ ਬਾਰੇ ਅਤੇ ਫੇਸ ਪੈਕ ਬਾਰੇ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ। ਡਾ. ਕੁਲਵੀਰ ਕੌਰ ਅਤੇ ਕੰਵਲਜੀਤ ਕੌਰ ਨੇ ਫਰਨੀਚਰ ਪਾਲਿਸ਼ ਅਤੇ ਫਿਨਾਇਲ ਬਣਾਉਣ ਦੀ ਵਿਧੀ ਪ੍ਰਯੋਗਤਾਮਕ ਤਰੀਕੇ ਨਾਲ ਸਮਝਾਈ। ਡਾ. ਸਤਿੰਦਰ ਕੌਰ ਖੱਟੜਾ, ਸਿਵਲ ਇੰਜਨੀਅਰ ਵਿਭਾਗ ਨੇ ਬਾਇਓਐੱਨਜਾਈਮਜ਼ ਦੀ ਵਰਤੋਂ ਦੁਆਰਾ ਫਾਲਤੂ ਪਾਣੀ ਨੂੰ ਸੋਖਣ ਦੇ ਤਰੀਕਿਆਂ ਬਾਰੇ ਸਿਖਿਆਰਥੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ। ਪਰਮਦੀਪ ਕੌਰ ਭੱਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਤੇ ਸਿਖਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਡਾ. ਕੁਲਵੀਰ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣਾਕੇ ਵਾਤਾਅਨੁਕੂਲ ਸਫ਼ਾਈ ਪਦਾਰਥਾਂ ਦੀ ਵਰਤੋਂ ਦੁਆਰਾ ਸਮਾਜ ਲਈ ਸਾਰਥਿਕ ਉਪਰਾਲਾ ਕਰਨ ਦੀ ਸਲਾਹ ਦਿੱਤੀ। --