- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਰਧਾਰਤ ਹੱਦ ਤੋਂ ਲੋਡ ਵਧਣ ’ਤੇ ਕਈ ਥਾਵਾਂ ’ਤੇ ਬਿਜਲੀ ਸਪਲਾਈ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਲੁਧਿਆਣਾ, ਮੋਹਾਲੀ, ਖੰਨਾ ਅਤੇ ਮੰਡੀ ਗੋਬਿੰਦਗੜ੍ਹ ਦੇ ਸਨਅਤੀ ਖੇਤਰਾਂ ’ਚ ਵੀ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੀ ਗੱਲ ਸੀਆਈਸੀਯੂ ਨੇ ਕਹੀ ਹੈ। ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਜਨਰਲ ਸਕੱਤਰ ਹਨੀ ਸੇਠੀ ਨੇ ਕਿਹਾ ਕਿ ਸ਼ਾਮ 7 ਵਜੇ ਤੋਂ ਅੱਧੀ ਰਾਤ ਤੱਕ ਪੰਜ ਘੰਟਿਆਂ ਦਾ ਬਿਜਲੀ ਕੱਟ ਉਦਯੋਗਾਂ ਲਈ ਬੇਹੱਦ ਨੁਕਸਾਨਦਾਇਕ ਹੈ।

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ: ਪੰਜਾਬ ਵਿੱਚ ਬਿਜਲੀ ਦੀ ਵਧ ਰਹੀ ਮੰਗ ਦਰਮਿਆਨ ਉਦਯੋਗਿਕ ਇਕਾਈਆਂ ਨੂੰ ਲੱਗ ਰਹੇ ਲੰਬੇ ਬਿਜਲੀ ਕੱਟਾਂ ਨੇ ਸਨਅਤ ਜਗਤ ਦੀ ਚਿੰਤਾ ਵਧਾ ਦਿੱਤੀ ਹੈ। ਖ਼ਾਸ ਕਰਕੇ ਸ਼ਾਮ ਤੇ ਰਾਤ ਦੇ ਸਮੇਂ ਲੱਗ ਰਹੇ ਲੰਬੇ ਬਿਜਲੀ ਕੱਟਾਂ ਕਾਰਨ ਉਤਪਾਦਨ, ਮਜ਼ਦੂਰਾਂ ਦੀ ਵਰਤੋਂ ਤੇ ਗਾਹਕਾਂ ਨੂੰ ਸਮੇਂ ਸਿਰ ਮਾਲ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਮੁਤਾਬਕ ਸੂਬੇ ਵਿੱਚ ਬਿਜਲੀ ਦੀ ਮੰਗ ਕਰੀਬ 15,500 ਮੈਗਾਵਾਟ ਤੱਕ ਪਹੁੰਚਣ ਕਾਰਨ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀਐੱਸਪੀਸੀਐੱਲ) ਵੱਲੋਂ ਫੀਡਰਾਂ ਦੇ ਲੋਡ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਨਿਰਧਾਰਤ ਹੱਦ ਤੋਂ ਲੋਡ ਵਧਣ ’ਤੇ ਕਈ ਥਾਵਾਂ ’ਤੇ ਬਿਜਲੀ ਸਪਲਾਈ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਲੁਧਿਆਣਾ, ਮੋਹਾਲੀ, ਖੰਨਾ ਅਤੇ ਮੰਡੀ ਗੋਬਿੰਦਗੜ੍ਹ ਦੇ ਸਨਅਤੀ ਖੇਤਰਾਂ ’ਚ ਵੀ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੀ ਗੱਲ ਸੀਆਈਸੀਯੂ ਨੇ ਕਹੀ ਹੈ। ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਜਨਰਲ ਸਕੱਤਰ ਹਨੀ ਸੇਠੀ ਨੇ ਕਿਹਾ ਕਿ ਸ਼ਾਮ 7 ਵਜੇ ਤੋਂ ਅੱਧੀ ਰਾਤ ਤੱਕ ਪੰਜ ਘੰਟਿਆਂ ਦਾ ਬਿਜਲੀ ਕੱਟ ਉਦਯੋਗਾਂ ਲਈ ਬੇਹੱਦ ਨੁਕਸਾਨਦਾਇਕ ਹੈ। ਅਣਪਛਾਤੀ ਤੇ ਅਸਥਿਰ ਬਿਜਲੀ ਸਪਲਾਈ ਨਾਲ ਉਦਯੋਗਿਕ ਇਕਾਈਆਂ ਲਈ ਉਤਪਾਦਨ ਦਾ ਸਮਾਂ ਤੈਅ ਕਰਨਾ ਅਤੇ ਗਾਹਕਾਂ ਦੀਆਂ ਸਮੇਂ ਸਿਰ ਸਪਲਾਈ ਦੀਆਂ ਲੋੜਾਂ ਪੂਰੀਆਂ ਕਰਨਾ ਮੁਸ਼ਕਲ ਹੋ ਜਾਂਦਾ ਹੈ। ਆਹੂਜਾ ਨੇ ਕਿਹਾ ਕਿ ਇਹ ਸਿਰਫ਼ ਬਿਜਲੀ ਬੰਦ ਹੋਣ ਦਾ ਮਾਮਲਾ ਨਹੀਂ, ਸਗੋਂ ਇਸ ਦਾ ਸਿੱਧਾ ਅਸਰ ਉਤਪਾਦਨ, ਰੁਜ਼ਗਾਰ ਤੇ ਪੰਜਾਬ ਦੀ ਸਨਅਤ ਮੁਕਾਬਲੇਬਾਜ਼ੀ ’ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਲਾਗਤਾਂ ਦੇ ਦਬਾਅ ਹੇਠ ਕੰਮ ਕਰ ਰਹੇ ਐੱਮਐੱਸਐੱਮਈ ਖੇਤਰ ਲਈ ਲੰਬੇ ਬਿਜਲੀ ਕੱਟ ਵੱਡੀ ਚੁਣੌਤੀ ਬਣ ਰਹੇ ਹਨ। -ਮਸ਼ੀਨਾਂ ਬੰਦ ਹੋਣ ਤੋਂ ਬਾਅਦ ਮੁੜ ਚਲਾਉਣ ’ਚ ਲੱਗਦਾ ਹੈ ਡੇਢ ਘੰਟਾ ਪ੍ਰੋਸੈਸ ਉਦਯੋਗ ਲਈ ਬਿਜਲੀ ਕੱਟਾਂ ਦਾ ਪ੍ਰਭਾਵ ਹੋਰ ਵੀ ਗੰਭੀਰ ਹੁੰਦਾ ਹੈ। ਮਸ਼ੀਨਰੀ ਬੰਦ ਹੋਣ ਤੋਂ ਬਾਅਦ ਉਸ ਨੂੰ ਮੁੜ ਚਾਲੂ ਕਰਨ ’ਚ ਇਕ ਤੋਂ ਡੇਢ ਘੰਟਾ ਤੱਕ ਲੱਗ ਸਕਦਾ ਹੈ। ਇਸ ਦੌਰਾਨ ਉਤਪਾਦਨ ਦਾ ਕੀਮਤੀ ਸਮਾਂ ਬਰਬਾਦ ਹੋਣ ਦੇ ਨਾਲ ਵਾਧੂ ਊਰਜਾ ਦੀ ਖਪਤ ਹੁੰਦੀ ਹੈ ਅਤੇ ਅਰਧ-ਤਿਆਰ ਮਾਲ ਨੂੰ ਵੀ ਨੁਕਸਾਨ ਪੁੱਜਣ ਦਾ ਖ਼ਦਸ਼ਾ ਰਹਿੰਦਾ ਹੈ। ਟੈਕਸਟਾਈਲ ਪ੍ਰੋਸੈਸਿੰਗ, ਡਾਇੰਗ ਅਤੇ ਹੋਰ ਲਗਾਤਾਰ ਚੱਲਣ ਵਾਲੇ ਉਤਪਾਦਨ ਕਾਰਜਾਂ ਵਿੱਚ ਮਸ਼ੀਨਾਂ ਨੂੰ ਵਾਰ-ਵਾਰ ਬੰਦ ਕਰਨਾ ਤੇ ਚਲਾਉਣਾ ਸੰਭਵ ਨਹੀਂ। ਇੱਕ ਵਾਰ ਉਤਪਾਦਨ ਚੱਕਰ ਟੁੱਟਣ ਨਾਲ ਪੂਰੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ। ਉਦਯੋਗਿਕ ਇਕਾਈਆਂ ਵੱਲੋਂ ਉਦਯੋਗਿਕ ਦਰਾਂ ’ਤੇ ਬਿਜਲੀ ਦੇ ਬਿੱਲ ਅਦਾ ਕੀਤੇ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਭਰੋਸੇਯੋਗ ਅਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ ਮਿਲਣੀ ਚਾਹੀਦੀ ਹੈ। -ਮਸ਼ੀਨਾਂ ਬੰਦ, ਪਰ ਕਾਮਿਆਂ ਦੀਆਂ ਤਨਖ਼ਾਹਾਂ ਜਾਰੀ ਲੰਬੇ ਬਿਜਲੀ ਕੱਟਾਂ ਦੌਰਾਨ ਐੱਮਐੱਸਐੱਮਈਜ਼ ਨੂੰ ਦੋਹਰਾ ਵਿੱਤੀ ਨੁਕਸਾਨ ਝੱਲਣਾ ਪੈਂਦਾ ਹੈ। ਬਿਜਲੀ ਨਾ ਹੋਣ ਕਾਰਨ ਮਸ਼ੀਨਾਂ ਬੰਦ ਰਹਿੰਦੀਆਂ ਹਨ ਅਤੇ ਉਤਪਾਦਨ ਨਹੀਂ ਹੁੰਦਾ, ਪਰ ਇਸ ਦੇ ਬਾਵਜੂਦ ਕਾਮਿਆਂ ਦੀਆਂ ਤਨਖ਼ਾਹਾਂ, ਸਥਾਈ ਖ਼ਰਚੇ ਅਤੇ ਹੋਰ ਸੰਚਾਲਨ ਲਾਗਤਾਂ ਜਾਰੀ ਰਹਿੰਦੀਆਂ ਹਨ। ਸੀਮਤ ਮੁਨਾਫ਼ੇ ’ਤੇ ਕੰਮ ਕਰ ਰਹੀਆਂ ਛੋਟੀਆਂ ਤੇ ਦਰਮਿਆਨੇ ਦਰਜੇ ਦੀਆਂ ਉਦਯੋਗਿਕ ਇਕਾਈਆਂ ਲਈ ਅਜਿਹੀ ਸਥਿਤੀ ਹੋਰ ਵੀ ਮੁਸ਼ਕਲ ਹੈ। -ਸੀਆਈਸੀਯੂ ਨੇ ਸਰਕਾਰ ਤੇ ਪੀਐੱਸਪੀਸੀਐੱਲ ਅੱਗੇ ਰੱਖੀਆਂ ਮੰਗਾਂ ਸੀਆਈਸੀਯੂ ਨੇ ਪੰਜਾਬ ਸਰਕਾਰ ਅਤੇ ਪੀਐੱਸਪੀਸੀਐੱਲ ਤੋਂ ਉਦਯੋਗਿਕ ਖੇਤਰਾਂ ਵਿੱਚ ਬਿਜਲੀ ਸਪਲਾਈ ਸੁਧਾਰਨ ਲਈ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਸੰਗਠਨ ਨੇ ਕਿਹਾ ਕਿ ਉਦਯੋਗਿਕ ਫੀਡਰਾਂ ’ਤੇ ਖ਼ਾਸ ਕਰਕੇ ਉਤਪਾਦਨ ਦੇ ਚੋਟੀ ਦੇ ਸਮੇਂ ਲੰਬੇ ਬਿਜਲੀ ਕੱਟ ਘੱਟ ਕੀਤੇ ਜਾਣ। ਜਿੱਥੇ ਤਕਨੀਕੀ ਤੌਰ ’ਤੇ ਸੰਭਵ ਹੋਵੇ, ਸਨਅਤੀ ਖੇਤਰਾਂ ਨੂੰ ਤਰਜੀਹ ਦੇ ਆਧਾਰ ’ਤੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਫੀਡਰ ਪੱਧਰ ’ਤੇ ਲੋਡ ਮੈਨੇਜਮੈਂਟ ਦੀ ਸਮੀਖਿਆ ਕਰਨ, ਉਦਯੋਗਾਂ ’ਤੇ ਬਿਜਲੀ ਕੱਟਾਂ ਦਾ ਬੇਲੋੜਾ ਬੋਝ ਨਾ ਪਾਉਣ, ਤੈਅ ਬਿਜਲੀ ਕੱਟਾਂ ਸਬੰਧੀ ਪਹਿਲਾਂ ਜਾਣਕਾਰੀ ਦੇਣ ਅਤੇ ਵੱਡੇ ਉਦਯੋਗਿਕ ਕਲੱਸਟਰਾਂ ਲਈ ਬਿਜਲੀ ਸਪਲਾਈ ਪ੍ਰਬੰਧਨ ਦਾ ਵਿਸ਼ੇਸ਼ ਤੰਤਰ ਬਣਾਉਣ ਦੀ ਮੰਗ ਕੀਤੀ ਹੈ। ਸੀਆਈਸੀਯੂ ਨੇ ਉਦਯੋਗਿਕ ਐਸੋਸੀਏਸ਼ਨਾਂ ਨਾਲ ਗੱਲ ਕਰਕੇ ਜ਼ਮੀਨੀ ਪੱਧਰ ’ਤੇ ਪੈ ਰਹੇ ਪ੍ਰਭਾਵ ਦਾ ਜਾਇਜ਼ਾ ਲੈਣ ਅਤੇ ਵੋਲਟੇਜ ਵਿੱਚ ਉਤਾਰ-ਚੜ੍ਹਾਅ ਤੇ ਅਚਾਨਕ ਟ੍ਰਿਪਿੰਗ ਤੋਂ ਉਦਯੋਗਿਕ ਮਸ਼ੀਨਰੀ ਤੇ ਇਲੈਕਟ੍ਰੋਨਿਕ ਉਪਕਰਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਹੈ। ਭਰੋਸੇਯੋਗ ਬਿਜਲੀ ਸਪਲਾਈ ਸਿਰਫ਼ ਇੱਕ ਸਹੂਲਤ ਨਹੀਂ, ਸਗੋਂ ਉਦਯੋਗਿਕ ਵਿਕਾਸ, ਰੁਜ਼ਗਾਰ ਅਤੇ ਨਿਰਯਾਤ ਲਈ ਬੁਨਿਆਦੀ ਲੋੜ ਹੈ। ਖ਼ਾਸ ਕਰਕੇ ਲੁਧਿਆਣਾ ਦੇ ਇੰਜੀਨੀਅਰਿੰਗ, ਸਾਈਕਲ ਤੇ ਸਾਈਕਲ ਪਾਰਟਸ, ਆਟੋ ਪਾਰਟਸ, ਟੈਕਸਟਾਈਲ, ਹੌਜ਼ਰੀ, ਡਾਇੰਗ, ਫੋਰਜਿੰਗ ਅਤੇ ਹੋਰ ਨਿਰਮਾਣ ਖੇਤਰ ਲਗਾਤਾਰ ਬਿਜਲੀ ਸਪਲਾਈ ’ਤੇ ਨਿਰਭਰ ਹਨ।