ਰਿਸ਼ਤੇ ਹੋਏ ਤਾਰ-ਤਾਰ! ਸਕੂਲੋਂ ਘੁੰਮਣ ਦੇ ਬਹਾਨੇ ਲਿਜਾ ਕੇ 8ਵੀਂ ਦੀ ਵਿਦਿਆਰਥਣ ਨਾਲ ਦੋ ਭਰਾਵਾਂ ਨੇ ਕੀਤੀ ਦਰਿੰਦਗੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਨਾਬਾਲਗ ਵਿਦਿਆਰਥਣ ਦੀ ਮਾਂ ਨੇ ਦੱਸਿਆ ਕਿ ਉਸ ਦੀ ਕਰੀਬ 15 ਸਾਲਾ ਧੀ ਪਿਛਲੇ ਕਾਫ਼ੀ ਸਮੇਂ ਤੋਂ ਪਰੇਸ਼ਾਨ ਰਹਿੰਦੀ ਸੀ। ਉਹ ਅਕਸਰ ਡਰੀ ਅਤੇ ਸਹਿਮੀ ਰਹਿੰਦੀ ਸੀ। ਜਦੋਂ ਪਰਿਵਾਰ ਨੇ ਉਸ ਨੂੰ ਪਿਆਰ ਨਾਲ ਪੁੱਛਿਆ ਤਾਂ ਉਸ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਿਆ।
Publish Date: Sun, 29 Nov 2026 01:55 PM (IST)
Updated Date: Sun, 29 Nov 2026 02:01 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ । ਲੁਧਿਆਣਾ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਨੌਜਵਾਨਾਂ ਨੇ ਅੱਠਵੀਂ ਜਮਾਤ ਦੀ ਵਿਦਿਆਰਥਣ ਦੀ ਮਾਸੂਮੀਅਤ ਦਾ ਫਾਇਦਾ ਚੁੱਕਦਿਆਂ ਉਸ ਨੂੰ ਵੀਰਾਨ ਥਾਵਾਂ ’ਤੇ ਲਿਜਾ ਕੇ ਕਥਿਤ ਤੌਰ ’ਤੇ ਵਾਰ-ਵਾਰ ਜਬਰ-ਜਨਾਹ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇਂ ਮੁਲਜ਼ਮ ਪੀੜਤਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਅਤੇ ਆਪਸ ਵਿੱਚ ਮਾਸੀ ਦੇ ਪੁੱਤਰ ਹਨ। ਲੰਬੇ ਸਮੇਂ ਤੋਂ ਡਰੀ ਅਤੇ ਸਹਿਮੀ ਰਹਿ ਰਹੀ ਵਿਦਿਆਰਥਣ ਨੇ ਆਖ਼ਰਕਾਰ ਆਪਣੇ ਮਾਪਿਆਂ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕਰਕੇ ਦੋਵਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਨਾਬਾਲਗ ਵਿਦਿਆਰਥਣ ਦੀ ਮਾਂ ਨੇ ਦੱਸਿਆ ਕਿ ਉਸ ਦੀ ਕਰੀਬ 15 ਸਾਲਾ ਧੀ ਪਿਛਲੇ ਕਾਫ਼ੀ ਸਮੇਂ ਤੋਂ ਪਰੇਸ਼ਾਨ ਰਹਿੰਦੀ ਸੀ। ਉਹ ਅਕਸਰ ਡਰੀ ਅਤੇ ਸਹਿਮੀ ਰਹਿੰਦੀ ਸੀ। ਜਦੋਂ ਪਰਿਵਾਰ ਨੇ ਉਸ ਨੂੰ ਪਿਆਰ ਨਾਲ ਪੁੱਛਿਆ ਤਾਂ ਉਸ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਿਆ।
ਵਿਦਿਆਰਥਣ ਨੇ ਦੱਸਿਆ ਕਿ ਮੁਲਜ਼ਮ ਉਸ ਨੂੰ ਸਕੂਲ ਤੋਂ ਘੁੰਮਣ-ਫਿਰਨ ਦੇ ਬਹਾਨੇ ਨਾਲ ਲੈ ਗਏ ਸਨ। ਇਸ ਤੋਂ ਬਾਅਦ ਉਹ ਉਸ ਨੂੰ ਵੱਖ-ਵੱਖ ਵੀਰਾਨ ਥਾਵਾਂ ’ਤੇ ਲਿਜਾ ਕੇ ਉਸ ਦੀ ਮਰਜ਼ੀ ਤੋਂ ਬਿਨਾਂ ਸਰੀਰਕ ਸਬੰਧ ਬਣਾਉਂਦੇ ਰਹੇ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤਰ੍ਹਾਂ ਮੁਲਜ਼ਮਾਂ ਨੇ ਉਸ ਨੂੰ ਡਰਾ-ਧਮਕਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਪੀੜਤਾ ਨੇ ਇਹ ਵੀ ਦੱਸਿਆ ਕਿ ਮੁਲਜ਼ਮਾਂ ਨੂੰ ਡਰ ਸੀ ਕਿ ਕਿਤੇ ਉਹ ਗਰਭਵਤੀ ਨਾ ਹੋ ਜਾਵੇ। ਇਸ ਲਈ ਉਹ ਉਸ ਨੂੰ ਗਰਭ ਨਿਰੋਧਕ ਗੋਲੀਆਂ ਵੀ ਖੁਆਉਂਦੇ ਰਹੇ। ਪਰਿਵਾਰ ਨੂੰ ਜਦੋਂ ਇਸ ਸਾਰੀ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਜੋਧੇਵਾਲ ਦੀ ਪੁਲਿਸ ਨੇ ਦੋ ਨੌਜਵਾਨਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 64, 351(2) ਅਤੇ 61(2) ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਇਨਾਂ ਵਿੱਚੋਂ ਇੱਕ ਮੁਲਜ਼ਮ ਸੈਲੂਨ ਚਲਾਉਂਦਾ ਹੈ। ਦੋਵੇਂ ਆਪਸ ਵਿੱਚ ਮਾਸੀ ਦੇ ਪੁੱਤਰ ਹਨ ਅਤੇ ਪੀੜਤਾ ਦੇ ਨਜ਼ਦੀਕੀ ਰਿਸ਼ਤੇਦਾਰ ਦੱਸੇ ਜਾ ਰਹੇ ਹਨ। ਪੁਲਿਸ ਦੇ ਮੁਤਾਬਿਕ ਮੁਲਜ਼ਮਾਂ ਦੀ ਪਛਾਣ ਫਾਬੜਾ ਰੋਡ ਦੇ ਗੋਲਡਨ ਇਨਕਲੇਵ ਦੇ ਵਾਸੀ ਅਜੇ ਅਤੇ ਪ੍ਰਦੂਮਨ ਵਜੋਂ ਹੋਈ ਹੈ। ਪੁਲਿਸ ਦੇ ਮੁਤਾਬਕ ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।