
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਈਏਐਸ ਕਾਡਰ ’ਚ ਔਰਤਾਂ ਦੀ ਹਿੱਸੇਦਾਰੀ ਕਰੀਬ 21 ਫ਼ੀਸਦੀ ਹੈ। 2023 ’ਚ ਆਈਏਐਸ ਪ੍ਰੀਖਿਆ ਪਾਸ ਕਰਨ ਵਾਲੇ 180 ਉਮੀਦਵਾਰਾਂ ’ਚ 74 ਔਰਤਾਂ ਸਨ, ਜੋ 41 ਫ਼ੀਸਦੀ ਬਣਦੇ ਹਨ। ਕੇਂਦਰ ਪੱਧਰ ’ਤੇ ਕਰੀਬ 18 ਫ਼ੀਸਦੀ ਔਰਤਾਂ ਸਕੱਤਰ ਦੇ ਅਹੁਦੇ ’ਤੇ ਹਨ।

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ: ਦੇਸ਼ ਦੇ ਪ੍ਰਸ਼ਾਸਨ ਦੀ ਅਹਿਮ ਜ਼ਿੰਮੇਵਾਰੀ ਸੰਭਾਲਣ ਵਾਲੇ ਆਈਏਐਸ, ਆਈਪੀਐਸ ਅਤੇ ਆਈਐਫਐਸ ਅਧਿਕਾਰੀਆਂ ਦੀਆਂ ਵੱਡੀ ਗਿਣਤੀ ਅਸਾਮੀਆਂ ਖਾਲੀ ਪਈਆਂ ਹਨ। ਉਪਲਬਧ ਅੰਕੜਿਆਂ ਅਨੁਸਾਰ ਦੇਸ਼ ਵਿੱਚ ਆਈਏਐਸ ਕਾਡਰ ਦੀਆਂ 6877 ਮਨਜ਼ੂਰਸ਼ੁਦਾ ਅਸਾਮੀਆਂ ’ਚੋਂ 5577 ਭਰੀਆਂ ਹੋਈਆਂ ਹਨ, ਜਦਕਿ 1300 ਅਸਾਮੀਆਂ ਖਾਲੀ ਹਨ। ਇਸੇ ਤਰ੍ਹਾਂ ਆਈਪੀਐਸ ਦੀਆਂ 5099 ਮਨਜ਼ੂਰਸ਼ੁਦਾ ਅਸਾਮੀਆਂ ’ਚੋਂ 4594 ਭਰੀਆਂ ਹਨ ਅਤੇ 505 ਖਾਲੀ ਹਨ। ਆਈਐਫਐਸ ਦੀਆਂ 3193 ਅਸਾਮੀਆਂ ’ਚੋਂ 2164 ਭਰੀਆਂ ਹਨ, ਜਦਕਿ 1029 ਅਸਾਮੀਆਂ ਖਾਲੀ ਹਨ।
ਆਈਏਐਸ ’ਚ ਐੱਸਸੀ ਅਧਿਕਾਰੀਆਂ ਦੀ ਹਿੱਸੇਦਾਰੀ 2.4 ਫ਼ੀਸਦੀ
ਮੌਜੂਦਾ ਆਈਏਐਸ ਅਧਿਕਾਰੀਆਂ ’ਚ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ 245 ਅਧਿਕਾਰੀ ਹਨ, ਜੋ 4.3 ਫ਼ੀਸਦੀ ਬਣਦੇ ਹਨ। ਐੱਸਸੀ ਵਰਗ ਦੇ 135 ਅਧਿਕਾਰੀ ਹਨ, ਜਿਨ੍ਹਾਂ ਦੀ ਹਿੱਸੇਦਾਰੀ 2.4 ਫ਼ੀਸਦੀ ਹੈ, ਜਦਕਿ ਐੱਸਟੀ ਵਰਗ ਨਾਲ ਸਬੰਧਿਤ 67 ਅਧਿਕਾਰੀ ਹਨ। ਬਾਕੀ ਕਰੀਬ 92 ਫ਼ੀਸਦੀ ਅਧਿਕਾਰੀ ਆਮ ਵਰਗ ਨਾਲ ਸਬੰਧਿਤ ਹਨ। ਆਈਪੀਐਸ ਕਾਡਰ ’ਚ ਓਬੀਸੀ ਵਰਗ ਦੇ 255, ਐੱਸਸੀ ਦੇ 141 ਅਤੇ ਐੱਸਟੀ ਦੇ 71 ਅਧਿਕਾਰੀ ਹਨ। ਆਈਐਫਐਸ ’ਚ ਓਬੀਸੀ ਦੇ 231, ਐੱਸਸੀ ਦੇ 95 ਅਤੇ ਐੱਸਟੀ ਵਰਗ ਦੇ 48 ਅਧਿਕਾਰੀ ਹਨ।
ਪੰਜਾਬ ’ਚ ਆਈਏਐਸ ਦੀਆਂ ਕੁਲ ਅਸਾਮੀਆਂ
ਸੂਬਿਆਂ ’ਚ ਸਭ ਤੋਂ ਵੱਧ 652 ਆਈਏਐਸ ਅਸਾਮੀਆਂ ਉੱਤਰ ਪ੍ਰਦੇਸ਼ ’ਚ ਹਨ, ਜਦਕਿ ਸਿੱਕਮ ’ਚ ਸਭ ਤੋਂ ਘੱਟ 48 ਹਨ। ਪੰਜਾਬ ’ਚ ਆਈਏਐਸ ਦੀਆਂ 231 ਅਤੇ ਆਈਪੀਐਸ ਦੀਆਂ 172 ਅਸਾਮੀਆਂ ਮਨਜ਼ੂਰਸ਼ੁਦਾ ਹਨ। ਦੇਸ਼ ’ਚ ਹਰ ਸਾਲ ਯੂਪੀਐੱਸਸੀ ਵੱਲੋਂ 180 ਆਈਏਐਸ ਅਧਿਕਾਰੀਆਂ ਦੀ ਚੋਣ ਕੀਤੀ ਜਾਂਦੀ ਹੈ।
ਔਰਤਾਂ ਦੀ ਹਿੱਸੇਦਾਰੀ 21 ਫ਼ੀਸਦੀ
ਆਈਏਐਸ ਕਾਡਰ ’ਚ ਔਰਤਾਂ ਦੀ ਹਿੱਸੇਦਾਰੀ ਕਰੀਬ 21 ਫ਼ੀਸਦੀ ਹੈ। 2023 ’ਚ ਆਈਏਐਸ ਪ੍ਰੀਖਿਆ ਪਾਸ ਕਰਨ ਵਾਲੇ 180 ਉਮੀਦਵਾਰਾਂ ’ਚ 74 ਔਰਤਾਂ ਸਨ, ਜੋ 41 ਫ਼ੀਸਦੀ ਬਣਦੇ ਹਨ। ਕੇਂਦਰ ਪੱਧਰ ’ਤੇ ਕਰੀਬ 18 ਫ਼ੀਸਦੀ ਔਰਤਾਂ ਸਕੱਤਰ ਦੇ ਅਹੁਦੇ ’ਤੇ ਹਨ।
ਬੈਕਲਾਗ ਵੀ ਵੱਡੀ ਚੁਣੌਤੀ
ਅੰਕੜਿਆਂ ਮੁਤਾਬਕ ਆਈਏਐਸ ਕਾਡਰ ’ਚ ਖਾਲੀ ਅਸਾਮੀਆਂ ’ਚੋਂ 29 ਫ਼ੀਸਦੀ ਪੱਛੜੀਆਂ ਸ਼੍ਰੇਣੀਆਂ, 16 ਫ਼ੀਸਦੀ ਐੱਸਸੀ ਅਤੇ 9 ਫ਼ੀਸਦੀ ਐੱਸਟੀ ਵਰਗ ਨਾਲ ਸਬੰਧਿਤ ਹਨ। ਹਰ ਸਾਲ 300 ਤੋਂ 350 ਆਈਏਐਸ ਅਧਿਕਾਰੀ ਸੇਵਾਮੁਕਤ ਹੁੰਦੇ ਹਨ, ਜਿਸ ਕਾਰਨ ਖਾਲੀ ਅਸਾਮੀਆਂ ਦਾ ਬੈਕਲਾਗ ਪ੍ਰਸ਼ਾਸਨ ਲਈ ਚੁਣੌਤੀ ਬਣਿਆ ਹੋਇਆ ਹੈ।