- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਸੇਵਕ ਦੁਰਗੇਸ਼ ਕੁਮਾਰ ਅਨੁਸਾਰ ਜਦੋਂ ਉਨ੍ਹਾਂ ਨੇ ਬੱਚੇ ਨੂੰ ਗੰਭੀਰ ਹਾਲਤ ਵਿੱਚ ਦੇਖਿਆ ਤਾਂ ਤੁਰੰਤ ਉਸ ਨੂੰ ਡਾਕਟਰੀ ਸਹਾਇਤਾ ਦਿਵਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਐਂਬੂਲੈਂਸ ਲਈ ਕਈ ਵਾਰ ਸੰਪਰਕ ਕੀਤਾ ਗਿਆ, ਪਰ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਮੌਕੇ ’ਤੇ ਐਂਬੂਲੈਂਸ ਨਹੀਂ ਪੁੱਜੀ।

ਕ੍ਰਾਈਮ ਰਿਪੋਰਟਰ ,ਪੰਜਾਬੀ ਜਾਗਰਣ, ਲੁਧਿਆਣਾ : ਰਾਮ ਨਗਰ ਇਲਾਕੇ ਵਿੱਚ ਆਸ਼ਿਆਨਾ ਪਾਰਕ ਨੇੜੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਕਰੀਬ 10 ਸਾਲਾ ਬੱਚਾ ਬੇਹੋਸ਼ ਹਾਲਤ ਵਿੱਚ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਨਸ਼ਾ ਕਰਨ ਤੋਂ ਬਾਅਦ ਬੱਚੇ ਦੀ ਹਾਲਤ ਵਿਗੜ ਗਈ ਅਤੇ ਉਹ ਕਾਫ਼ੀ ਦੇਰ ਤੱਕ ਮੌਕੇ ’ਤੇ ਹੀ ਤੜਫ਼ਦਾ ਰਿਹਾ। ਹਾਲਾਂਕਿ ਬੱਚੇ ਵੱਲੋਂ ਨਸ਼ਾ ਕੀਤੇ ਜਾਣ ਦੀ ਪੁਲਿਸ ਵੱਲੋਂ ਅਜੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਸਮਾਜ ਸੇਵਕ ਦੁਰਗੇਸ਼ ਕੁਮਾਰ ਅਨੁਸਾਰ ਜਦੋਂ ਉਨ੍ਹਾਂ ਨੇ ਬੱਚੇ ਨੂੰ ਗੰਭੀਰ ਹਾਲਤ ਵਿੱਚ ਦੇਖਿਆ ਤਾਂ ਤੁਰੰਤ ਉਸ ਨੂੰ ਡਾਕਟਰੀ ਸਹਾਇਤਾ ਦਿਵਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਐਂਬੂਲੈਂਸ ਲਈ ਕਈ ਵਾਰ ਸੰਪਰਕ ਕੀਤਾ ਗਿਆ, ਪਰ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਮੌਕੇ ’ਤੇ ਐਂਬੂਲੈਂਸ ਨਹੀਂ ਪੁੱਜੀ। ਇਸ ਦੌਰਾਨ ਬੱਚਾ ਗੰਭੀਰ ਹਾਲਤ ਵਿੱਚ ਸੜਕ ਕਿਨਾਰੇ ਪਿਆ ਰਿਹਾ।
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਜਮਾਲਪੁਰ ਅਧੀਨ ਪੈਂਦੀ ਮੁੰਡੀਆਂ ਚੌਕੀ ਦੀ ਪੁਲਿਸ ਮੌਕੇ ’ਤੇ ਪੁੱਜੀ। ਪੁਲਿਸ ਨੇ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ। ਫਿਲਹਾਲ ਹਸਪਤਾਲ ਵੱਲੋਂ ਬੱਚੇ ਦੀ ਸਿਹਤ ਸਬੰਧੀ ਕੋਈ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ।
ਉਧਰ, ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਰਾਮ ਨਗਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਛੋਟੀ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਨਸ਼ਾ ਕੀਤੇ ਜਾਣ ਦੇ ਮਾਮਲੇ ਚਿੰਤਾ ਦਾ ਵਿਸ਼ਾ ਹਨ। ਲੋਕਾਂ ਨੇ ਨਸ਼ੇ ਦੀ ਵਿਕਰੀ ਅਤੇ ਵਰਤੋਂ ’ਤੇ ਰੋਕ ਲਗਾਉਣ ਲਈ ਇਲਾਕੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।