ਸੋਨੇ-ਚਾਂਦੀ ’ਚ ਗਿਰਾਵਟ, ਫਿਰ ਵੀ ਬਾਜ਼ਾਰ ’ਚ ਨਹੀਂ ਆਈ ਰੌਣਕ
ਇੱਕ ਹਫ਼ਤੇ ’ਚ ਸੋਨੇ
Publish Date: Sat, 27 Jun 2026 10:37 PM (IST)
Updated Date: Sun, 28 Jun 2026 04:13 AM (IST)

ਇੱਕ ਹਫ਼ਤੇ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਵੱਡੀ ਗਿਰਾਵਟ ਜਾਗਰਣ ਸੰਵਾਦਦਾਤਾ, ਲੁਧਿਆਣਾ ਪਿਛਲੇ ਇਕ ਹਫ਼ਤੇ ਦੌਰਾਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਦੇਖੀ ਗਈ ਹੈ ਪਰ ਇਸ ਦੇ ਬਾਵਜੂਦ ਸਰਾਫ਼ਾ ਬਾਜ਼ਾਰ ’ਚ ਖਰੀਦਦਾਰੀ ਲਈ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ। ਕੀਮਤਾਂ ’ਚ ਕਮੀ ਆਉਣ ਦੇ ਬਾਵਜੂਦ ਗਾਹਕ ਤੇ ਨਿਵੇਸ਼ਕ ਹਾਲੇ ਵੀ ਇੰਤਜ਼ਾਰ ਕਰਨ ਦੀ ਰਣਨੀਤੀ ਅਪਣਾਈ ਹੋਈ ਹੈ, ਜਿਸ ਨਾਲ ਬਾਜ਼ਾਰ ’ਚ ਉਮੀਦ ਮੁਤਾਬਕ ਰੌਣਕ ਵਾਪਸ ਨਹੀਂ ਆਈ। ਸਰਾਫ਼ਾ ਵਪਾਰੀਆਂ ਅਨੁਸਾਰ, 24 ਕੈਰਟ ਸੋਨਾ ਪਿਛਲੇ ਹਫ਼ਤੇ ਦੀ ਤੁਲਨਾ ’ਚ ਲੱਗਭਗ 7,000 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਕੇ 1.50 ਲੱਖ ਰੁਪਏ ਤੋਂ ਘਟ ਕੇ 1.43 ਲੱਖ ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੋਨਾ 1.90 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਆਪਣੇ ਸਾਰੇ ਸਮੇਂ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਸੀ। ਇਸ ਅਨੁਸਾਰ ਮੌਜੂਦਾ ਕੀਮਤਾਂ ਆਪਣੇ ਉੱਚਤਮ ਪੱਧਰ ਤੋਂ ਲੱਗਪਗ 40,000 ਰੁਪਏ ਹੇਠਾਂ ਹਨ। ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ’ਚ ਵੀ ਮਹੱਤਵਪੂਰਨ ਗਿਰਾਵਟ ਆਈ ਹੈ। ਇਕ ਹਫ਼ਤਾ ਪਹਿਲਾਂ 2.55 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਵੇਚੀ ਜਾ ਰਹੀ ਚਾਂਦੀ ਹੁਣ ਘਟ ਕੇ ਲੱਗਭਗ 2.25 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ। ਚਾਂਦੀ ਆਪਣੇ ਸਾਰੇ ਸਮੇਂ ਦੇ ਉੱਚੇ ਪੱਧਰ 3.80 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਲੱਗਭਗ 1.55 ਲੱਖ ਰੁਪਏ ਹੇਠਾਂ ਵਪਾਰ ਕਰ ਰਹੀ ਹੈ। ਇੰਨੀ ਵੱਡੀ ਗਿਰਾਵਟ ਦੇ ਬਾਵਜੂਦ ਬਾਜ਼ਾਰ ’ਚ ਖਰੀਦਾਰੀ ਦਾ ਮਾਹੌਲ ਨਹੀਂ ਬਣ ਸਕਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਵਿਸ਼ਵ ਆਰਥਿਕ ਅਨਿਸ਼ਚਿਤਤਾਵਾਂ, ਅੰਤਰਰਾਸ਼ਟਰੀ ਬਾਜ਼ਾਰਾਂ ’ਚ ਉਤਰਾਅ-ਚੜ੍ਹਾਅ ਤੇ ਨਿਵੇਸ਼ਕਾਂ ਦੀ ਸਾਵਧਾਨੀ ਦਾ ਅਸਰ ਸਥਾਨਕ ਬਾਜ਼ਾਰ ’ਤੇ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਜ਼ਿਆਦਾਤਰ ਨਿਵੇਸ਼ਕ ਹਾਲੇ ਵੀ ਕੀਮਤਾਂ ’ਚ ਹੋਰ ਗਿਰਾਵਟ ਦੀ ਸੰਭਾਵਨਾ ਨੂੰ ਦੇਖਦੇ ਹੋਏ ਖਰੀਦਦਾਰੀ ਨੂੰ ਟਾਲ ਰਹੇ ਹਨ। ਲੁਧਿਆਣਾ ਜਿਊਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਆਨੰਦ ਸਿਕਰੀ ਨੇ ਕਿਹਾ ਕਿ ਮੌਜੂਦਾ ਗਿਰਾਵਟ ਨੂੰ ਸਥਾਈ ਨਹੀਂ ਮੰਨਣਾ ਚਾਹੀਦਾ। ਉਹ ਕਹਿੰਦੇ ਹਨ ਕਿ ਸੋਨਾ ਅਤੇ ਚਾਂਦੀ ਨੇ ਲੰਬੇ ਸਮੇਂ ’ਚ ਹਮੇਸ਼ਾ ਨਿਵੇਸ਼ਕਾਂ ਨੂੰ ਚੰਗਾ ਰਿਟਰਨ ਦਿੱਤਾ ਹੈ ਤੇ ਸਮੇਂ-ਸਮੇਂ ’ਤੇ ਆਪਣੇ ਹੀ ਰਿਕਾਰਡ ਤੋੜੇ ਹਨ। ਇਸੇ ਲਈ ਜੋ ਲੋਕ ਲੰਬੇ ਸਮੇਂ ਦੇ ਨਿਵੇਸ਼ ਦੀ ਸੋਚ ਰੱਖਦੇ ਹਨ, ਉਨ੍ਹਾਂ ਲਈ ਹਰ ਸਮੇਂ ਖਰੀਦਦਾਰੀ ਦਾ ਮੌਕਾ ਚੰਗਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਾਲੇ ਬਾਜ਼ਾਰ ’ਚ ਸੁਸਤੀ ਹੈ ਪਰ ਜਿਵੇਂ ਹੀ ਨਿਵੇਸ਼ਕਾਂ ਦਾ ਭਰੋਸਾ ਵਾਪਸ ਆਏਗਾ, ਵਪਾਰ ’ਚ ਤੇਜ਼ੀ ਦੇਖਣ ਨੂੰ ਮਿਲੇਗੀ। ਦੂਜੇ ਪਾਸੇ ਵਰਮਾ ਜਿਊਲਰਜ਼ ਦੇ ਅੰਕੁਸ਼ ਵਰਮਾ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ ’ਚ ਆਈ ਗਿਰਾਵਟ ਕੁਝ ਸਮੇਂ ਲਈ ਹੈ। ਹਰ ਸਾਲ ਤਿਉਹਾਰ ਤੇ ਸ਼ਾਦੀ ਦੇ ਸੀਜ਼ਨ ’ਚ ਸੋਨੇ ਦੀ ਮੰਗ ਵਧਣ ਨਾਲ ਕੀਮਤਾਂ ’ਚ ਵੀ ਤੇਜ਼ੀ ਦੇਖਣ ਨੂੰ ਮਿਲਦੀ ਹੈ। ਹਾਲੇ ਨਿਵੇਸ਼ਕ ਬਾਜ਼ਾਰ ਦੀ ਚਾਲ ’ਤੇ ਨਜ਼ਰ ਰੱਖੇ ਹੋਏ ਹਨ ਪਰ ਆਉਣ ਵਾਲੇ ਦਿਨਾਂ ’ਚ ਖਰੀਦਦਾਰੀ ਵਧਣ ਤੇ ਬਾਜ਼ਾਰ ’ਚ ਸਾਕਾਰਾਤਮਕ ਮਾਹੌਲ ਬਣਨ ਦੀ ਪੂਰੀ ਉਮੀਦ ਹੈ। ਵਪਾਰੀਆਂ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ ’ਚ ਬਾਜ਼ਾਰ ਭਾਵੇਂ ਸ਼ਾਂਤ ਦਿਖਾਈ ਦੇ ਰਿਹਾ ਹੋਵੇ ਪਰ ਤਿਉਹਾਰੀ ਤੇ ਵਿਆਹ ਦੇ ਸੀਜ਼ਨ ਨੇੜੇ ਆਉਣ ਨਾਲ ਸੋਨਾ-ਚਾਂਦੀ ਦੀ ਮੰਗ ’ਚ ਤੇਜ਼ੀ ਆਏਗੀ ਤੇ ਸਰਰਾਫ਼ਾ ਬਾਜ਼ਾਰ ਇਕ ਵਾਰੀ ਫਿਰ ਗੁਲਜ਼ਾਰ ਹੋ ਜਾਵੇਗਾ।