ਵੱਧ ਰਹੀ ਗਰਮੀ ਤੋਂ ਆਪਣਾ ਕਰੋ ਬਚਾਅ : ਡਾ. ਭਗਤ
ਵੱਧ ਰਹੀ ਗਰਮੀ ਤੋਂ ਬਚਾਅ ਕਰੋ : ਡਾਕਟਰ ਭਗਤ
Publish Date: Sat, 18 Apr 2026 10:36 PM (IST)
Updated Date: Sat, 18 Apr 2026 10:39 PM (IST)

ਡੀਹਾਈਡ੍ਰੇਸ਼ਨ ਤੋਂ ਬਚਣ ਲਈ ਤਰਲ ਪਦਾਰਥਾਂ ਦਾ ਸੇਵਨ ਕਰੋ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਮੌਸਮ ਵਿਚ ਹੋ ਰਹੇ ਤੇਜ਼ੀ ਨਾਲ ਬਦਲਾਅ ਅਤੇ ਵੱਧ ਰਹੀ ਗਰਮੀ (ਹੀਟ ਵੇਵ) ਤੋਂ ਆਪਣਾ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਹੀਟ ਵੇਵ ਦੇ ਇਸ ਮੌਸਮ ਵਿਚ ਚੱਕਰ ਆਉਣਾ, ਕਮਜ਼ੋਰੀ ਮਹਿਸੂਸ ਹੋਣਾ, ਸਿਰ ਦਰਦ ਤੇ ਦਿਲ ਘਬਰਾਉਣਾ ਆਮ ਗੱਲ ਹੈ। ਉਨ੍ਹਾਂ ਦੱਸਿਆ ਕਿ ਇਹ ਡੀਹਾਈਡ੍ਰੇਸ਼ਨ ਦੇ ਲੱਛਣ ਵੀ ਹੋ ਸਕਦੇ ਹਨ। ਸਿਵਲ ਸਰਜਨ ਡਾ. ਭਗਤ ਨੇ ਕਿਹਾ ਕਿ ਇਸ ਤੋਂ ਬਚਾਅ ਲਈ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥਾਂ ਜਿਵੇਂ ਨੀਂਬੂ ਪਾਣੀ ਆਦਿ ਦਾ ਸੇਵਨ ਕੀਤਾ ਜਾਏ ਤਾਂ ਜੋ ਪਸੀਨੇ ਨਾਲ ਸਰੀਰ ਵਿਚ ਜੋ ਪਾਣੀ ਅਤੇ ਨਮਕ ਦੀ ਕਮੀ ਹੋਈ ਹੈ, ਉਹ ਪੂਰੀ ਹੋ ਸਕੇ। ਉਨ੍ਹਾਂ ਕਿਹਾ ਕਿ ਦਿਨ ਦੇ ਸਿਖਰ ਵੇਲੇ ਹੋ ਸਕੇ ਤਾਂ ਘਰੋਂ ਬਾਹਰ ਨਾ ਨਿਕਲਿਆ ਜਾਏ। ਇਸ ਤੋਂ ਇਲਾਵਾ ਬਾਹਰ ਦੇ ਖਾਣ ਪੀਣ ਤੋਂ ਬਚਣ ਦੀ ਸਲਾਹ ਵੀ ਉਨ੍ਹਾਂ ਵੱਲੋਂ ਲੋਕਾਂ ਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੋਲਡ ਡਰਿੰਕ, ਚਾਹ, ਕੌਫੀ ਵੀ ਸਿਹਤ ਲਈ ਖਤਰਨਾਕ ਹਨ, ਇਸ ਲਈ ਇਨ੍ਹਾਂ ਚੀਜਾਂ ਦਾ ਸੇਵਨ ਕਰਨ ਤੋਂ ਬਚਿਆ ਜਾਏ ਤੇ ਹਲਕੇ-ਫੁਲਕੇ ਸਾਦੇ ਘਰ ਦੇ ਬਣੇ ਭੋਜਨ ਨੂੰ ਹੀ ਪਹਿਲ ਦਿੱਤੀ ਜਾਏ। ਪਾਣੀ ਨਾਲ ਭਰਪੂਰ ਖਾਧ ਪਦਾਰਥ ਜਿਵੇਂ ਕਿ ਖੀਰਾ, ਨਿੰਬੂ, ਸੰਤਰਾ, ਨਾਰੀਅਲ ਪਾਣੀ ਆਦਿ ਦਾ ਸੇਵਨ ਕੀਤਾ ਜਾਏ। ਡਾ. ਭਗਤ ਨੇ ਕਿਹਾ ਕਿ ਇਨ੍ਹੀਂ ਦਿਨੀਂ ਹੈਜਾ, ਟਾਇਫਾਇਡ, ਪੀਲੀਆ ਅਤੇ ਦਸਤ ਆਦਿ ਹੋਣ ਦੀ ਸਮੱਸਿਆ ਵੀ ਹੋ ਜਾਂਦੀ ਹੈ ਜੋਕਿ ਬਾਹਰ ਦੇ ਦੂਸ਼ਿਤ ਖਾਣ ਪਾਣ ਨਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹੀਟ ਵੇਵ ਨਾਲ ਸਬੰਧਤ ਸਿਹਤ ਵਿਭਾਗ ਵੱਲੋਂ ਜਾਰੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਏ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਨੰਦਿਕਾ ਖੁੱਲਰ ਨੇ ਕਿਹਾ ਕਿ ਧੁੱਪ ਵਿਚ ਜੇਕਰ ਨਿਕਲਣਾ ਵੀ ਹੈ ਤਾਂ ਸਰੀਰ ਨੂੰ ਪੂਰੀ ਤਰਾਂ ਢੱਕ ਕੇ ਨਿਕਲਿਆ ਜਾਏ। ਛੱਤਰੀ ਆਦਿ ਦੀ ਵਰਤੋਂ ਕੀਤੀ ਜਾਏ ਤੇ ਪਾਣੀ ਦੀ ਬੋਤਲ ਹਮੇਸ਼ਾ ਨਾਲ ਰਾਖੀ ਜਾਏ। ਅਜਿਹੇ ਛੋਟੇ -ਛੋਟੇ ਕਦਮ ਹੀਟ ਵੇਵ ਤੋਂ ਬਚਾਅ ਵਿਚ ਸਹਾਈ ਸਿੱਧ ਹੋ ਸਕਦੇ ਹਨ।